ਚੰਡੀਗੜ੍ਹ/ਫਰੀਦਕੋਟ, 6 ਅਗਸਤ, 2026 (ਹਰਸ਼ਪ੍ਰੀਤ ਕੌਰ) : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕਿਕੀ ਢਿੱਲੋਂ ਨੇ ਕਾਂਗਰਸ ਦੀਆਂ ਹਾਲੀਆ ਮੀਟਿੰਗਾਂ ਨੂੰ ਲੈ ਕੇ ਪਾਰਟੀ ਲੀਡਰਸ਼ਿਪ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਫਰੀਦਕੋਟ, ਜੈਤੋ ਅਤੇ ਕੋਟਕਪੂਰਾ ਨਾਲ ਸੰਬੰਧਤ ਆਗੂਆਂ ਨੂੰ ਮੀਟਿੰਗਾਂ ਲਈ ਕੋਈ ਸੱਦਾ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਸ਼ਾਮਲ ਨਹੀਂ ਹੋ ਸਕੇ।
ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਸੰਬੋਧਨ ਕਰਦਿਆਂ ਕਿਕੀ ਢਿੱਲੋਂ ਨੇ ਕਿਹਾ ਕਿ ਸਿਰਫ਼ ਉਹ ਹੀ ਨਹੀਂ, ਸਗੋਂ ਇਨ੍ਹਾਂ ਹਲਕਿਆਂ ਦੇ ਕਈ ਸਥਾਨਕ ਆਗੂਆਂ ਅਤੇ ਬੂਥ ਪੱਧਰ ਦੇ ਵਰਕਰਾਂ ਨੂੰ ਵੀ ਮੀਟਿੰਗਾਂ ਲਈ ਨਹੀਂ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ, ਪਰ ਸੱਦਾ ਨਾ ਮਿਲਣ ਕਾਰਨ ਜਾਣਾ ਸੰਭਵ ਨਹੀਂ ਹੋ ਸਕਿਆ। ਕਿਕੀ ਢਿੱਲੋਂ ਨੇ ਇਹ ਵੀ ਕਿਹਾ ਕਿ ਪਾਰਟੀ ਮੰਚਾਂ ਤੋਂ ਟਿਕਟਾਂ ਦੀ ਵੰਡ ਸਬੰਧੀ ਕੀਤੀਆਂ ਜਾ ਰਹੀਆਂ ਘੋਸ਼ਣਾਵਾਂ ਠੀਕ ਨਹੀਂ ਹਨ ਅਤੇ ਇਸ ਤਰ੍ਹਾਂ ਦੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ।
ਦੂਜੇ ਪਾਸੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਇਹ ਦਾਅਵਾ ਕਰ ਚੁੱਕੇ ਹਨ ਕਿ ਸਾਰੇ ਸੰਬੰਧਿਤ ਆਗੂਆਂ ਨੂੰ ਮੀਟਿੰਗਾਂ ਲਈ ਸੱਦਾ ਦਿੱਤਾ ਗਿਆ ਸੀ। ਕਿਕੀ ਢਿੱਲੋਂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਅੰਦਰ ਮੀਟਿੰਗਾਂ ਅਤੇ ਸੰਗਠਨਾਤਮਕ ਤਾਲਮੇਲ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।







