ਯਰੂਸ਼ਲਮ, 27 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ): ਇਜ਼ਰਾਈਲ ਵਿੱਚ ਅਹਿਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਦੇਸ਼ ਦੇ ਲਗਭਗ 73.32 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਵੋਟਿੰਗ ਸਥਾਨਕ ਸਮੇਂ ਅਨੁਸਾਰ ਰਾਤ 10 ਵਜੇ ਤੱਕ ਜਾਰੀ ਰਹਿਣੀ ਹੈ। ਇਨ੍ਹਾਂ ਚੋਣਾਂ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਮੁੱਖ ਵਿਰੋਧੀ, ਸਾਬਕਾ ਇਜ਼ਰਾਈਲੀ ਫ਼ੌਜ ਮੁਖੀ ਗਾਡੀ ਆਇਜ਼ਨਕੋਟ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਆਇਜ਼ਨਕੋਟ ਨੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ 7 ਅਕਤੂਬਰ 2023 ਨੂੰ ਹਮਾਸ ਵੱਲੋਂ ਕੀਤੇ ਗਏ ਹਮਲੇ ਦੀ ਯਾਦ ਦਿਵਾਉਂਦਿਆਂ ਲੋਕਾਂ ਨੂੰ ਆਪਣੀ ਯਾਸ਼ਰ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵੋਟਰਾਂ ਕੋਲ ਮੌਜੂਦਾ ਸਰਕਾਰ ਨੂੰ ਬਦਲਣ ਅਤੇ ਇਜ਼ਰਾਈਲ ਨੂੰ ਨਵੀਂ ਤੇ ਬਿਹਤਰ ਦਿਸ਼ਾ ਵੱਲ ਲਿਜਾਣ ਦਾ ਮੌਕਾ ਹੈ। ਉਨ੍ਹਾਂ ਨੇ ਸਰਕਾਰ ’ਤੇ ਜਵਾਬਦੇਹੀ ਤੋਂ ਬਚਣ ਦੇ ਦੋਸ਼ ਲਗਾਉਂਦਿਆਂ ਸਿਆਸੀ ਤਬਦੀਲੀ ਦੀ ਲੋੜ ’ਤੇ ਜ਼ੋਰ ਦਿੱਤਾ।
7 ਅਕਤੂਬਰ ਦੇ ਹਮਲੇ ਦੀ ਜਵਾਬਦੇਹੀ ਬਣਿਆ ਮੁੱਖ ਮੁੱਦਾ
ਵਿਰੋਧੀ ਧਿਰ ਦੀ ਚੋਣ ਮੁਹਿੰਮ ਵਿੱਚ 7 ਅਕਤੂਬਰ ਦੇ ਹਮਲੇ ਨੂੰ ਰੋਕਣ ਵਿੱਚ ਹੋਈਆਂ ਨਾਕਾਮੀਆਂ ਦੀ ਜਾਂਚ ਅਤੇ ਜਵਾਬਦੇਹੀ ਤੈਅ ਕਰਨ ਦਾ ਮੁੱਦਾ ਪ੍ਰਮੁੱਖ ਹੈ। ਆਇਜ਼ਨਕੋਟ ਅਤੇ ਹੋਰ ਵਿਰੋਧੀ ਆਗੂ ਇੱਕ ਸੁਤੰਤਰ ਜਾਂਚ ਕਮਿਸ਼ਨ ਬਣਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਨੇਤਨਯਾਹੂ ਸਰਕਾਰ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਲੋੜੀਂਦੀ ਪਹਿਲ ਨਹੀਂ ਕੀਤੀ। ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜੇ ਫ਼ੈਸਲੇ ਸਿਆਸੀ ਹਿੱਤਾਂ ਤੋਂ ਉੱਪਰ ਰੱਖੇ ਜਾਣੇ ਚਾਹੀਦੇ ਹਨ। ਆਇਜ਼ਨਕੋਟ ਨੇ ਭਰੋਸਾ ਜਤਾਇਆ ਹੈ ਕਿ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਦੇਸ਼ ਦੀ ਸੁਰੱਖਿਆ ਅਤੇ ਫ਼ੌਜੀ ਜਵਾਨਾਂ ਦੇ ਹਿੱਤਾਂ ਨੂੰ ਤਰਜੀਹ ਦੇਵੇਗੀ।
ਲੀਬਰਮੈਨ ਅਤੇ ਯਾਇਰ ਗੋਲਾਨ ਨੇ ਵੀ ਤਬਦੀਲੀ ਦਾ ਦਿੱਤਾ ਸੱਦਾ
ਯਿਸਰਾਏਲ ਬੇਤੇਨੂ ਪਾਰਟੀ ਦੇ ਆਗੂ ਅਵਿਗਦੋਰ ਲੀਬਰਮੈਨ ਨੇ ਵੀ ਵੋਟਰਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਪੋਤੇ ਨਾਲ ਤਸਵੀਰ ਸਾਂਝੀ ਕਰਦਿਆਂ ਅਜਿਹੇ ਇਜ਼ਰਾਈਲ ਦੀ ਕਲਪਨਾ ਪੇਸ਼ ਕੀਤੀ, ਜਿੱਥੇ ਸਾਰੇ ਨਾਗਰਿਕ ਕਾਨੂੰਨ ਅੱਗੇ ਬਰਾਬਰ ਹੋਣ, ਫ਼ੌਜੀ ਜਾਂ ਨਾਗਰਿਕ ਸੇਵਾ ਵਿੱਚ ਬਰਾਬਰ ਹਿੱਸਾ ਲੈਣ ਅਤੇ ਨਾਗਰਿਕ ਆਜ਼ਾਦੀਆਂ ਦਾ ਸਨਮਾਨ ਕੀਤਾ ਜਾਵੇ। ਇਸੇ ਤਰ੍ਹਾਂ ਡੈਮੋਕ੍ਰੈਟਸ ਪਾਰਟੀ ਦੇ ਆਗੂ ਯਾਇਰ ਗੋਲਾਨ ਨੇ ਵੀ ਸਰਕਾਰ ਬਦਲਣ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਨੇਤਨਯਾਹੂ ਦੀ ਥਾਂ ਨਵੀਂ ਸਰਕਾਰ ਲਿਆਉਣ ਦੇ ਨਾਲ-ਨਾਲ ਮੌਜੂਦਾ ਸਰਕਾਰ ਦੀਆਂ ਨੀਤੀਆਂ ਵਿੱਚ ਵੀ ਤਬਦੀਲੀ ਲਿਆਉਣੀ ਜ਼ਰੂਰੀ ਹੈ।
ਨੇਤਨਯਾਹੂ ਨੇ ਵਿਰੋਧੀਆਂ ਨੂੰ ਘੇਰਦਿਆਂ ਲਿਕੁਡ ਦੇ ਹੱਕ ਵਿੱਚ ਵੋਟਾਂ ਮੰਗੀਆਂ
ਦੂਜੇ ਪਾਸੇ, ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਸਿਆਸੀ ਤਜਰਬੇ ਅਤੇ ਮਜ਼ਬੂਤ ਆਗੂ ਵਾਲੇ ਅਕਸ ਨੂੰ ਚੋਣ ਮੁਹਿੰਮ ਦਾ ਮੁੱਖ ਆਧਾਰ ਬਣਾਇਆ ਹੈ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਖੱਬੇ ਪੱਖੀ ਗੱਠਜੋੜ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਸਰਕਾਰ ਬਣਾਉਣ ਲਈ ਉਸ ਨੂੰ ਅਰਬ ਪਾਰਟੀਆਂ ਦੇ ਸਮਰਥਨ ਦੀ ਲੋੜ ਪੈ ਸਕਦੀ ਹੈ। ਨੇਤਨਯਾਹੂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਜ਼ਰਾਈਲ ਦੇ ਦੁਸ਼ਮਣ ਦੇਸ਼ ਨੂੰ ਹਾਰਦਾ ਦੇਖਣਾ ਚਾਹੁੰਦੇ ਹਨ ਅਤੇ ਇਸ ਨੂੰ ਰੋਕਣ ਲਈ ਲੋਕਾਂ ਨੂੰ ਸਿਰਫ਼ ਲਿਕੁਡ ਪਾਰਟੀ ਦੇ ਹੱਕ ਵਿੱਚ ਵੋਟ ਪਾਉਣੀ ਚਾਹੀਦੀ ਹੈ। ਇਸ ਤਰ੍ਹਾਂ ਚੋਣਾਂ ਵਿੱਚ ਸੁਰੱਖਿਆ, ਸਰਕਾਰ ਦੀ ਕਾਰਗੁਜ਼ਾਰੀ ਅਤੇ ਦੇਸ਼ ਦੇ ਭਵਿੱਖ ਨੂੰ ਲੈ ਕੇ ਦੋਵੇਂ ਧਿਰਾਂ ਨੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ।
ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਦੀ ਪ੍ਰਕਿਰਿਆ ਹੋਵੇਗੀ ਅਹਿਮ
ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ ਚੋਣ ਜਿੱਤਣ ਵਾਲੀਆਂ ਪਾਰਟੀਆਂ ਦੇ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨਗੇ। ਇਸ ਤੋਂ ਬਾਅਦ ਸਰਕਾਰ ਬਣਾਉਣ ਦੀ ਸਭ ਤੋਂ ਵੱਧ ਸੰਭਾਵਨਾ ਵਾਲੇ ਸੰਸਦ ਮੈਂਬਰ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ। ਸਰਕਾਰ ਬਣਾਉਣ ਲਈ ਪਹਿਲੇ ਉਮੀਦਵਾਰ ਨੂੰ 28 ਦਿਨ ਮਿਲਣਗੇ ਅਤੇ ਲੋੜ ਪੈਣ ’ਤੇ 14 ਦਿਨਾਂ ਦਾ ਵਾਧਾ ਵੀ ਦਿੱਤਾ ਜਾ ਸਕਦਾ ਹੈ। ਜੇਕਰ ਉਹ ਸਰਕਾਰ ਬਣਾਉਣ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਕਿਸੇ ਹੋਰ ਆਗੂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਇਜ਼ਰਾਈਲ ਦੀ ਸੰਸਦ ਨੇਸੈੱਟ ਵਿੱਚ ਕੁੱਲ 120 ਸੀਟਾਂ ਹਨ ਅਤੇ ਆਮ ਤੌਰ ’ਤੇ ਬਹੁਮਤ ਵਾਲੀ ਸਰਕਾਰ ਬਣਾਉਣ ਲਈ 61 ਮੈਂਬਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਜੇਕਰ ਕੋਈ ਵੀ ਧਿਰ ਬਹੁਮਤ ਹਾਸਲ ਨਹੀਂ ਕਰਦੀ ਤਾਂ ਘੱਟਗਿਣਤੀ ਸਰਕਾਰ ਜਾਂ ਕੌਮੀ ਏਕਤਾ ਵਾਲੀ ਸਰਕਾਰ ਬਣਾਉਣ ਦੀ ਸੰਭਾਵਨਾ ਵੀ ਰਹੇਗੀ। ਸਰਕਾਰ ਬਣਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਹੋਣ ਦੀ ਸਥਿਤੀ ਵਿੱਚ ਇਜ਼ਰਾਈਲ ਨੂੰ ਮੁੜ ਚੋਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਇਨ੍ਹਾਂ ਚੋਣਾਂ ਦੇ ਨਤੀਜੇ ਨੇਤਨਯਾਹੂ ਦੇ ਸਿਆਸੀ ਭਵਿੱਖ ਦੇ ਨਾਲ-ਨਾਲ ਇਜ਼ਰਾਈਲ ਦੀ ਸੁਰੱਖਿਆ ਅਤੇ ਪੱਛਮੀ ਏਸ਼ੀਆ ਦੀ ਰਾਜਨੀਤੀ ਲਈ ਵੀ ਮਹੱਤਵਪੂਰਨ ਮੰਨੇ ਜਾ ਰਹੇ ਹਨ।
