“ਅੰਤਰਰਾਸ਼ਟਰੀ ਬਧਿਰਤਾ ਹਫ਼ਤੇ” ‘ਤੇ ਲੋਕਾਂ ਨੂੰ ਕੰਨਾਂ ਦੀ ਨਿਯਮਤ ਜਾਂਚ ਦੀ ਅਪੀਲ
ਚੰਡੀਗੜ੍ਹ 21 ਸਤੰਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਵ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਸੁਣਨ ਦੀ ਸਮੱਸਿਆ ਮਹਿਸੂਸ ਹੋਣ ‘ਤੇ ਤੁਰੰਤ ਆਪਣੇ ਨੇੜਲੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣੀ ਨਿਯਮਤ ਕੰਨ ਅਤੇ ਸੁਣਨ ਦੀ ਜਾਂਚ ਕਰਵਾਉਣ। ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸੂਬਾ ਸਰਕਾਰ ਵੱਲੋਂ ਇਸ ਦੀ ਜਾਂਚ ਅਤੇ ਇਲਾਜ ਦੀ ਯੋਗ ਸਹੂਲਤ ਉਪਲਬਧ ਕਰਵਾਈ ਗਈ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਅਤੇ ਸਿਹਤ ਵਿਭਾਗ, ਹਰਿਆਣਾ ਵੱਲੋਂ 21 ਤੋਂ 27 ਸਤੰਬਰ 2026 ਤੱਕ ‘ਅੰਤਰਰਾਸ਼ਟਰੀ ਬਧਿਰਤਾ ਹਫ਼ਤਾ‘ ਮਨਾਇਆ ਜਾ ਰਹਾ ਹੈ। ਉਨ੍ਹਾਂ ਨੇ ਸੂਬਾ ਵਾਸੀਆਂ ਦੇ ਨਾਂ ਮਹੱਤਵਪੂਰਨ ਸਿਹਤ ਮਸ਼ਵਰਾ ਜਾਰੀ ਕਰਦਿਆਂ ਕਿਹਾ ਕਿ ਇਸ ਸਾਲ “ਬੋਲੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਐਲਾਨ” ਦੇ ਸੰਦੇਸ਼ ਨਾਲ ਆਮ ਜਨਤਾ ਨੂੰ ਸੁਣਨ ਦੀ ਸਮਰੱਥਾ ਦੀ ਸੁਰੱਖਿਆ ਅਤੇ ਇਸ ਪ੍ਰਤੀ ਜਾਗਰੂਕਤਾ ਵਧਾਉਣ ਦਾ ਸੱਦਾ ਦਿੱਤਾ ਹੈ। ਆਰਤੀ ਸਿੰਘ ਰਾਵ ਨੇ ਦੱਸਿਆ ਕਿ ਸੁਣਨ ਵਿੱਚ ਪਰੇਸ਼ਾਨੀ (ਬੋਲਾਪਣ) ਕਿਸੇ ਵੀ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਟੀਵੀ ਜਾਂ ਆਡੀਓ ਦੀ ਆਵਾਜ਼ (ਵੌਲਿਊਮ) ਵਧਾਉਣ ਦੀ ਲੋੜ ਮਹਿਸੂਸ ਹੁੰਦੀ ਹੈ, ਗੱਲਬਾਤ ਦੌਰਾਨ ਗੱਲਾਂ ਠੀਕ ਤਰ੍ਹਾਂ ਸੁਣਾਈ ਨਹੀਂ ਦਿੰਦੀਆਂ ਜਾਂ ਬਾਰ-ਬਾਰ ਦੋਹਰਾਉਣ ਲਈ ਕਹਿਣਾ ਪੈਂਦਾ ਹੈ, ਜਾਂ ਕੰਨ ਵਿੱਚ ਸਾਂ-ਸਾਂ ਜਾਂ ਘੰਟੀ ਵੱਜਣ ਵਰਗੀਆਂ ਆਵਾਜ਼ਾਂ (ਰਿੰਗਿੰਗ ਸੈਂਸੇਸ਼ਨ) ਮਹਿਸੂਸ ਹੁੰਦੀਆਂ ਹਨ, ਤਾਂ ਇਹ ਸੁਣਨ ਦੀ ਸਮਰੱਥਾ ਘੱਟ ਹੋਣ ਦੇ ਲੱਛਣ ਹੋ ਸਕਦੇ ਹਨ।
ਉਨ੍ਹਾਂ ਨੇ ਸੁਣਨ ਦੀ ਸਮਰੱਥਾ ਵਿੱਚ ਕਮੀ ਦੇ ਕਾਰਨਾਂ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਕੰਨ ਵਿੱਚ ਸੱਟ ਲੱਗਣਾ, ਬਹੁਤ ਜ਼ਿਆਦਾ ਮੈਲ (ਵੈਕਸ) ਜੰਮਣਾ, ਰੂਬੇਲਾ ਜਾਂ ਹੋਰ ਇਨਫੈਕਸ਼ਨ, ਬੁਢਾਪਾ, ਬਹੁਤ ਜ਼ਿਆਦਾ ਤੇਜ਼ ਰੌਲਾ, ਅਤੇ ਕੁਝ ਜ਼ਹਿਰੀਲੀਆਂ ਜਾਂ ਨੁਕਸਾਨਦੇਹ ਦਵਾਈਆਂ ਦਾ ਮਾੜਾ ਪ੍ਰਭਾਵ ਬਧਿਰਤਾ ਦੇ ਮੁੱਖ ਕਾਰਨ ਹੋ ਸਕਦੇ ਹਨ। ਸਿਹਤ ਮੰਤਰੀ ਨੇ ਨਾਗਰਿਕਾਂ ਨੂੰ ਆਪਣੇ ਕੰਨਾਂ ਦੀ ਦੇਖਭਾਲ ਅਤੇ ਬਚਾਅ ਦੇ ਉਪਾਅ ਅਪਣਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕਿਸੇ ਵੀ ਕੰਸਰਟ ਜਾਂ ਜ਼ਿਆਦਾ ਰੌਲੇ-ਰੱਪੇ ਵਾਲੀਆਂ ਥਾਵਾਂ ‘ਤੇ ਈਅਰਪਲੱਗ ਦੀ ਵਰਤੋਂ ਕਰੋ, ਕੰਨ ਦੇ ਅੰਦਰ ਕਦੇ ਵੀ ਕੋਈ ਨੁਕੀਲੀ ਜਾਂ ਬਾਹਰੀ ਚੀਜ਼ ਨਾ ਪਾਓ, ਅਤੇ ਤੇਜ਼ ਰੌਲੇ ਤੋਂ ਬਚਦਿਆਂ ਆਡੀਓ ਉਪਕਰਨਾਂ ਦੀ ਆਵਾਜ਼ ਘੱਟ ਰੱਖੋ।






