ਲੁਧਿਆਣਾ 17 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਸਾਇੰਸ ਕਾਲਜ ਦੇ ਵੈਟਨਰੀ ਸਰਜਰੀ ਤੇ ਰੇਡੀਓਲੋਜੀ ਵਿਭਾਗ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਵੈਟਨਰੀ ਸਰਜਰੀ ਅਤੇ ਰੇਡੀਓਲੋਜੀ ਦੇ ਪਹਿਲੇ ਰਾਸ਼ਟਰੀ ਔਨਲਾਈਨ ਕਲੀਨਿਕਲ ਕੇਸ ਗੋਸ਼ਟੀ ਵਿੱਚ ਛੇ ਸੈਸ਼ਨਾਂ ਵਿੱਚ ਸੱਤ ਇਨਾਮ ਪ੍ਰਾਪਤ ਕੀਤੇ। ਡਾ. ਇੰਦਰ ਪਾਲ ਸਿੰਘ, ਡਾ. ਚੈਤੰਨਯ ਮੋਹਿੰਦਰੂ, ਡਾ. ਅਰਜੁਨ ਐਸ. ਅਤੇ ਡਾ. ਅਮ੍ਰਿਤਾ ਲਕਸ਼ਮੀ ਕੇ. ਨੇ ਕ੍ਰਮਵਾਰ ਘੋੜਿਆਂ ਦੀ ਸਰਜਰੀ, ਪਾਲਤੂ ਜਾਨਵਰਾਂ ਦੇ ਕੋਮਲ ਟਿਸ਼ੂ ਸਰਜਰੀ, ਪੰਛੀਆਂ, ਵਿਦੇਸ਼ੀ ਜੀਵਾਂ, ਜੰਗਲੀ ਜੀਵਾਂ ਅਤੇ ਜੁਗਾਲੀ ਕਰਨ ਵਾਲੇ ਜਾਨਵਰਾਂ ਦੀ ਸਰਜਰੀ ਵਿੱਚ ਪਹਿਲੇ ਸਥਾਨ ਪ੍ਰਾਪਤ ਕੀਤੇ। ਡਾ. ਇੰਦਰ ਪਾਲ ਸਿੰਘ ਅਤੇ ਡਾ. ਅਵਨੀਤ ਜੱਸਲ ਨੇ ਘੋੜਿਆਂ ਦੀ ਸਰਜਰੀ ਅਤੇ ਕੈਂਸਰ ਸਰਜਰੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਡਾ. ਮੁਸਕਾਨ ਠਾਕੁਰ ਨੇ ਜੁਗਾਲੀ ਕਰਨ ਵਾਲੇ ਜਾਨਵਰਾਂ ਦੀ ਸਰਜਰੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਵਿਭਾਗ ਦੇ ਕੁੱਲ 13 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਹਿੱਸਾ ਲਿਆ, ਇਸ ਗੋਸ਼ਠੀ ਨੇ ਵੈਟਨਰੀ ਸਰਜਰੀ ਅਤੇ ਰੇਡੀਓਲੋਜੀ ਦੇ ਵਭਿੰਨ ਖੇਤਰਾਂ ਵਿੱਚ ਕਲੀਨਿਕਲ ਕੇਸਾਂ ਨੂੰ ਪੇਸ਼ ਕਰਨ ਅਤੇ ਚਰਚਾ ਕਰਨ ਲਈ ਇੱਕ ਰਾਸ਼ਟਰੀ ਮੰਚ ਪ੍ਰਦਾਨ ਕੀਤਾ। ਵਿਭਾਗ ਦੇ ਮੁਖੀ ਡਾ. ਅਰੁਣ ਆਨੰਦ ਨੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਵਿੱਚ ਕਲੀਨਿਕਲ ਤਰਕ, ਵਿਗਿਆਨਕ ਸੰਚਾਰ ਅਤੇ ਸਰਜਕਲ ਫੈਸਲੇ ਲੈਣ ਨੂੰ ਮਜ਼ਬੂਤ ਕਰਨ ਵਿੱਚ ਅਜਿਹੇ ਸਮਾਗਮਾਂ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਡਾ ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਪੇਸ਼ੇਵਰ ਮੰਚਾਂ ਉੱਪਰ ਵਧੇਰੇ ਭਾਗੀਦਾਰੀ ਨਾਲ ਗਿਆਨ ਨੂੰਵਿਸ਼ਾਲ ਕਰਨ ਅਤੇ ਵੈਟਨਰੀ ਵਿਗਿਆਨ ਵਿੱਚ ਵਿਕਾਸ ਦੇ ਨਾਲ ਤਾਲਮੇਲ ਬਣਾਉਣ ਲਈ ਯਤਨਸ਼ੀਲ ਰਹਿਣ । ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ਼ ਵੈਟਨਰੀ ਸਾਇੰਸ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਤਮਵਿਸ਼ਵਾਸ ਵਧਾਉਣ ਅਤੇ ਪੋਸਟ ਗ੍ਰੈਜੂਏਟ ਸਿਖਲਾਈ ਦੇ ਪੂਰਕ ਵਜੋਂ ਅਜਿਹੇ ਅਕਾਦਮਿਕ ਮੁਕਾਬਲਿਆਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਇਹ ਪ੍ਰਾਪਤੀ ਵੈਟਨਰੀ ਸਰਜਰੀ ਅਤੇ ਰੇਡੀਓਲੋਜੀ ਵਿੱਚ ਕਲੀਨਿਕਲ ਉੱਤਮਤਾ, ਵਿਗਿਆਨਕ ਪੇਸ਼ਕਾਰੀ ਅਤੇ ਗੁਣਵੱਤਾ ਵਾਲੀ ਪੋਸਟ ਗ੍ਰੈਜੂਏਟ ਸਿੱਖਿਆ ਪ੍ਰਤੀ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।






