ਸੰਸਾਰ:18 ਜੁਲਾਈ (ਛਤਰਪਾਲ ਸਿੰਘ):ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਵੈਂਸ ਦੇ ਘਰ ਪੁੱਤਰ ਰਤਨ ਦੀ ਪ੍ਰਾਪਤੀ ਹੋਈ ਹੈ। ਜੋੜੇ ਨੇ ਆਪਣੇ ਚੌਥੇ ਬੱਚੇ ਦੇ ਜਨਮ ਦੀ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਨਵੇਂ ਜਨਮੇ ਬੱਚੇ ਦਾ ਨਾਮ ਐਲੈਕ ਨੀਲ ਵੈਂਸ ਰੱਖਿਆ ਗਿਆ ਹੈ।
ਵੈਂਸ ਦੰਪਤੀ ਨੇ ਇੱਕ ਸਾਂਝੇ ਬਿਆਨ ਵਿੱਚ ਪਰਿਵਾਰ ਦੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਾਕੀ ਬੱਚੇ ਵੀ ਆਪਣੇ ਨਵੇਂ ਛੋਟੇ ਭਰਾ ਦੇ ਆਉਣ ਨਾਲ ਬੇਹੱਦ ਉਤਸ਼ਾਹਿਤ ਹਨ। ਉਨ੍ਹਾਂ ਨੇ ਜਨਮ ਦੌਰਾਨ ਸਹਿਯੋਗ ਦੇਣ ਵਾਲੇ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦਾ ਵੀ ਧੰਨਵਾਦ ਕੀਤਾ।
ਇਹ ਘਟਨਾ ਅਮਰੀਕੀ ਸਿਆਸੀ ਇਤਿਹਾਸ ਵਿੱਚ ਵੀ ਖਾਸ ਮਹੱਤਵ ਰੱਖਦੀ ਹੈ। ਜਾਣਕਾਰੀ ਮੁਤਾਬਕ, ਇੱਕ ਸਦੀ ਤੋਂ ਵੱਧ ਸਮੇਂ ਬਾਅਦ ਕਿਸੇ ਮੌਜੂਦਾ ਉਪ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਘਰ ਬੱਚੇ ਦਾ ਜਨਮ ਹੋਇਆ ਹੈ। ਇਸ ਕਾਰਨ ਇਹ ਖ਼ਬਰ ਰਾਜਨੀਤਿਕ ਅਤੇ ਸਮਾਜਿਕ ਹਲਕਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਜੇ.ਡੀ. ਅਤੇ ਊਸ਼ਾ ਵੈਂਸ ਪਹਿਲਾਂ ਹੀ ਤਿੰਨ ਬੱਚਿਆਂ ਦੇ ਮਾਤਾ-ਪਿਤਾ ਹਨ। ਨਵੇਂ ਮੈਂਬਰ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਨਾਲ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਨੂੰ ਦੇਸ਼ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ।
ਊਸ਼ਾ ਵੈਂਸ ਭਾਰਤੀ ਮੂਲ ਨਾਲ ਸਬੰਧ ਰੱਖਦੀਆਂ ਹਨ, ਜਿਸ ਕਾਰਨ ਇਸ ਖੁਸ਼ਖਬਰੀ ਨੂੰ ਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਵੀ ਖਾਸ ਖੁਸ਼ੀ ਨਾਲ ਦੇਖਿਆ ਜਾ ਰਿਹਾ ਹੈ।








