Homeਸੰਸਾਰਅਮਰੀਕਾ ਦਾ ਰਾਸ਼ਟਰੀ ਕਰਜ਼ਾ ਪਹਿਲੀ ਵਾਰ 40 ਟ੍ਰਿਲੀਅਨ ਡਾਲਰ ਤੋਂ ਪਾਰ

ਅਮਰੀਕਾ ਦਾ ਰਾਸ਼ਟਰੀ ਕਰਜ਼ਾ ਪਹਿਲੀ ਵਾਰ 40 ਟ੍ਰਿਲੀਅਨ ਡਾਲਰ ਤੋਂ ਪਾਰ

US national debt crosses $40 trillion for the first time, raising concerns over rising interest costs and fiscal stability.

ਵਾਸ਼ਿੰਗਟਨ, 20 ਅਗਸਤ, 2026 (ਹਰਸ਼ਪ੍ਰੀਤ ਕੌਰ) : ਅਮਰੀਕਾ ਦਾ ਰਾਸ਼ਟਰੀ ਕਰਜ਼ਾ ਪਹਿਲੀ ਵਾਰ 40 ਟ੍ਰਿਲੀਅਨ ਅਮਰੀਕੀ ਡਾਲਰ ਤੋਂ ਪਾਰ ਹੋ ਗਿਆ ਹੈ। ਇਹ ਨਵਾਂ ਰਿਕਾਰਡ ਅਜਿਹੇ ਸਮੇਂ ਬਣਿਆ ਹੈ ਜਦੋਂ ਰੱਖਿਆ ਖਰਚ, ਸੋਸ਼ਲ ਸਿਕਿਉਰਿਟੀ ਅਤੇ ਮੈਡੀਕੇਅਰ ਵਰਗੀਆਂ ਯੋਜਨਾਵਾਂ ਅਤੇ ਵਧ ਰਹੇ ਕਰਜ਼ੇ ‘ਤੇ ਵਿਆਜ ਸਰਕਾਰ ਦੇ ਖਰਚਿਆਂ ਦਾ ਵੱਡਾ ਹਿੱਸਾ ਬਣੇ ਹੋਏ ਹਨ। ਅਮਰੀਕੀ ਕਰਜ਼ੇ ਵਿੱਚ ਤੇਜ਼ੀ ਨਾਲ ਵਾਧੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਹ ਤੀਜਾ ਵੱਡਾ ਮੀਲ ਪੱਥਰ ਹੈ। ਮਾਰਚ ਵਿੱਚ ਅਮਰੀਕਾ ਦਾ ਕਰਜ਼ਾ 39 ਟ੍ਰਿਲੀਅਨ ਡਾਲਰ ਤੱਕ ਪਹੁੰਚਿਆ ਸੀ, ਜਦਕਿ ਇਸ ਤੋਂ ਪੰਜ ਮਹੀਨੇ ਪਹਿਲਾਂ ਅਕਤੂਬਰ ਵਿੱਚ ਇਹ 38 ਟ੍ਰਿਲੀਅਨ ਡਾਲਰ ਹੋਇਆ ਸੀ। 40 ਟ੍ਰਿਲੀਅਨ ਡਾਲਰ ਦਾ ਅੰਕੜਾ ਟਰੰਪ ਪ੍ਰਸ਼ਾਸਨ ਸਾਹਮਣੇ ਮੌਜੂਦ ਵਿੱਤੀ ਚੁਣੌਤੀਆਂ ਨੂੰ ਵੀ ਦਰਸਾਉਂਦਾ ਹੈ। ਇੱਕ ਪਾਸੇ ਰੱਖਿਆ ਖਰਚ ਵਧਾਉਣ ਦੀ ਲੋੜ ਹੈ, ਜਦਕਿ ਦੂਜੇ ਪਾਸੇ ਈਂਧਨ ਅਤੇ ਕਰਿਆਨੇ ਵਰਗੀਆਂ ਰੋਜ਼ਾਨਾ ਜ਼ਰੂਰਤਾਂ ਦੀਆਂ ਕੀਮਤਾਂ ਨੂੰ ਕਾਬੂ ਕਰਨ ‘ਤੇ ਵੀ ਧਿਆਨ ਦੇਣਾ ਪੈ ਰਿਹਾ ਹੈ।

ਅਰਥਸ਼ਾਸਤਰੀਆਂ ਮੁਤਾਬਕ ਵਧਦਾ ਸਰਕਾਰੀ ਕਰਜ਼ਾ ਆਮ ਅਮਰੀਕੀ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਕਰਜ਼ੇ ਦੀ ਵਧਦੀ ਲਾਗਤ ਕਾਰਨ ਘਰਾਂ ਅਤੇ ਵਾਹਨਾਂ ਲਈ ਲੋਨ ਮਹਿੰਗੇ ਹੋ ਸਕਦੇ ਹਨ। ਇਸ ਤੋਂ ਇਲਾਵਾ ਕਾਰੋਬਾਰਾਂ ਕੋਲ ਨਿਵੇਸ਼ ਲਈ ਘੱਟ ਪੂੰਜੀ ਬਚਣ ਕਾਰਨ ਤਨਖਾਹਾਂ ‘ਤੇ ਦਬਾਅ ਪੈ ਸਕਦਾ ਹੈ ਅਤੇ ਵਸਤੂਆਂ ਤੇ ਸੇਵਾਵਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। ਵਿੱਤੀ ਮਾਮਲਿਆਂ ‘ਤੇ ਨਜ਼ਰ ਰੱਖਣ ਵਾਲੀਆਂ ਸੰਸਥਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਲਗਾਤਾਰ ਕਰਜ਼ਾ ਲੈਂਦੀ ਰਹੀ ਅਤੇ ਵਿਆਜ ਦਾ ਖਰਚ ਵਧਦਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਬਜਟ ਸਬੰਧੀ ਹੋਰ ਮੁਸ਼ਕਲ ਫ਼ੈਸਲੇ ਕਰਨੇ ਪੈ ਸਕਦੇ ਹਨ।

ਬਿਪਾਰਟਿਸਨ ਪਾਲਿਸੀ ਸੈਂਟਰ ਦੀ ਪ੍ਰਧਾਨ ਅਤੇ CEO ਮਾਰਗਰੇਟ ਸਪੈਲਿੰਗਜ਼ ਨੇ ਕਿਹਾ ਕਿ ਵਧਦਾ ਕਰਜ਼ਾ ਪਹਿਲਾਂ ਹੀ ਜੀਵਨ-ਯਾਪਨ ਦੀ ਲਾਗਤ ਵਧਾ ਰਿਹਾ ਹੈ ਅਤੇ ਹੋਰ ਸਰਕਾਰੀ ਖਰਚਿਆਂ ਤੇ ਨਿਵੇਸ਼ ਲਈ ਉਪਲਬਧ ਸਰੋਤਾਂ ਨੂੰ ਸੀਮਤ ਕਰ ਰਿਹਾ ਹੈ। ਉਨ੍ਹਾਂ ਮੁਤਾਬਕ ਮੌਜੂਦਾ ਵਿੱਤੀ ਰੁਝਾਨ ਲੰਬੇ ਸਮੇਂ ਲਈ ਟਿਕਾਊ ਨਹੀਂ ਹੈ। ਅਮਰੀਕੀ ਕਾਨੂੰਨ ਤਹਿਤ ਰਾਸ਼ਟਰੀ ਕਰਜ਼ੇ ਦੀ ਸੀਮਾ ਨਿਰਧਾਰਤ ਕਰਨ ਅਤੇ ਉਸ ਵਿੱਚ ਤਬਦੀਲੀ ਕਰਨ ਦਾ ਅਧਿਕਾਰ ਕਾਂਗਰਸ ਕੋਲ ਹੈ। ਬਿਪਾਰਟਿਸਨ ਪਾਲਿਸੀ ਸੈਂਟਰ ਦੇ ਅਨੁਮਾਨ ਅਨੁਸਾਰ ਅਮਰੀਕਾ 41.1 ਟ੍ਰਿਲੀਅਨ ਡਾਲਰ ਦੀ ਅਗਲੀ ਕਰਜ਼ਾ ਸੀਮਾ ਨੂੰ 2027 ਦੀ ਸਰਦੀ ਦੇ ਅੰਤ ਤੋਂ ਗਰਮੀਆਂ ਦੇ ਮੱਧ ਤੱਕ ਕਿਸੇ ਸਮੇਂ ਛੂਹ ਸਕਦਾ ਹੈ।

ਇਸ ਤੋਂ ਬਾਅਦ ਕਰਜ਼ਾ ਸੀਮਾ ਵਧਾਉਣ ਜਾਂ ਮੁਅੱਤਲ ਕਰਨ ਲਈ ਅਮਰੀਕੀ ਕਾਂਗਰਸ ਵਿੱਚ ਇੱਕ ਹੋਰ ਅਹਿਮ ਵੋਟਿੰਗ ਹੋਣ ਦੀ ਸੰਭਾਵਨਾ ਹੈ। ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (OECD) ਦੇ ਅੰਕੜਿਆਂ ਮੁਤਾਬਕ ਵਿਕਸਿਤ ਦੇਸ਼ਾਂ ਵਿੱਚ ਅਮਰੀਕਾ ਦੀ ਵਿੱਤੀ ਸਥਿਤੀ ਇਸ ਸਮੇਂ ਸਭ ਤੋਂ ਕਮਜ਼ੋਰ ਮੰਨੀ ਜਾ ਰਹੀ ਹੈ। ਵਧਦੇ ਰਾਸ਼ਟਰੀ ਕਰਜ਼ੇ ਨੇ ਅਮਰੀਕੀ ਅਰਥਵਿਵਸਥਾ ਦੀ ਲੰਬੇ ਸਮੇਂ ਦੀ ਸਥਿਰਤਾ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments