ਵਾਸ਼ਿੰਗਟਨ, 5 ਅਕਤੂਬਰ (ਛਤਰਪਾਲ ਸਿੰਘ): ਅਮਰੀਕੀ ਫੌਜ ਨੇ ਕੈਰੇਬੀਅਨ ਸਾਗਰ ਵਿੱਚ ਕਥਿਤ ਤੌਰ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਕਿਸ਼ਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕੀਤਾ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਇਸ ਕਾਰਵਾਈ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਅਮਰੀਕੀ ਸਦਰਨ ਕਮਾਂਡ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਕਿਸ਼ਤੀ ਕਥਿਤ ਤੌਰ ’ਤੇ ਤਸਕਰੀ ਲਈ ਵਰਤੇ ਜਾਂਦੇ ਰੂਟ ’ਤੇ ਚੱਲ ਰਹੀ ਸੀ। ਫੌਜ ਨੇ ਇਸ ਨੂੰ ਤੇਜ਼ ਰਫ਼ਤਾਰ ਵਾਲੀ ‘ਗੋ-ਫਾਸਟ’ ਕਿਸ਼ਤੀ ਦੱਸਿਆ ਹੈ। ਹਾਲਾਂਕਿ ਅਧਿਕਾਰੀਆਂ ਵੱਲੋਂ ਇਹ ਸਾਬਤ ਕਰਨ ਲਈ ਕੋਈ ਸਬੂਤ ਜਨਤਕ ਨਹੀਂ ਕੀਤਾ ਗਿਆ ਕਿ ਹਮਲੇ ਸਮੇਂ ਕਿਸ਼ਤੀ ਵਿੱਚ ਨਸ਼ੀਲੇ ਪਦਾਰਥ ਮੌਜੂਦ ਸਨ। ਅਮਰੀਕੀ ਫੌਜ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਇੱਕ ਤੇਜ਼ੀ ਨਾਲ ਅੱਗੇ ਵਧ ਰਹੀ ਕਿਸ਼ਤੀ ਧਮਾਕੇ ਤੋਂ ਬਾਅਦ ਤਬਾਹ ਹੁੰਦੀ ਦਿਖਾਈ ਦਿੰਦੀ ਹੈ।
ਇਹ ਕਾਰਵਾਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਲਾਤੀਨੀ ਅਮਰੀਕਾ ਵਿੱਚ ਕਥਿਤ ਨਸ਼ਾ ਤਸਕਰਾਂ ਅਤੇ ਅਪਰਾਧਿਕ ਗਰੁੱਪਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਹੈ। ਸਤੰਬਰ 2025 ਵਿੱਚ ਸ਼ੁਰੂ ਹੋਈ ਇਸ ਮੁਹਿੰਮ ਦੌਰਾਨ ਅਮਰੀਕੀ ਫੌਜ ਵੱਲੋਂ ਕੈਰੇਬੀਅਨ ਅਤੇ ਪੂਰਬੀ ਪ੍ਰਸ਼ਾਂਤ ਖੇਤਰਾਂ ਵਿੱਚ ਕਈ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਅਮਰੀਕੀ ਫੌਜ ਦੇ ਅੰਕੜਿਆਂ ਅਨੁਸਾਰ ਹੁਣ ਤੱਕ 70 ਕਾਰਵਾਈਆਂ ਵਿੱਚ ਘੱਟੋ-ਘੱਟ 235 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਹੈ। ਅਮਰੀਕੀ ਪ੍ਰਸ਼ਾਸਨ ਇਨ੍ਹਾਂ ਕਾਰਵਾਈਆਂ ਨੂੰ ਨਸ਼ਿਆਂ ਦੀ ਤਸਕਰੀ ਰੋਕਣ ਅਤੇ ਅਮਰੀਕਾ ਵਿੱਚ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਜ਼ਰੂਰੀ ਕਦਮ ਦੱਸਦਾ ਹੈ।
ਇਸ ਦੌਰਾਨ ਅਮਰੀਕਾ ਵੱਲੋਂ ਲਾਤੀਨੀ ਅਮਰੀਕਾ ਦੇ ਕੁਝ ਦੇਸ਼ਾਂ ਨਾਲ ਸਾਂਝੀਆਂ ਫੌਜੀ ਕਾਰਵਾਈਆਂ ਵਧਾਉਣ ਲਈ ਗੱਲਬਾਤ ਵੀ ਕੀਤੀ ਜਾ ਰਹੀ ਹੈ। ਇਕ ਅਮਰੀਕੀ ਅਧਿਕਾਰੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਕੋਲੰਬੀਆ, ਗੁਆਟੇਮਾਲਾ ਅਤੇ ਹੋਂਡੁਰਾਸ ਨੇ ਆਪਣੇ ਖੇਤਰਾਂ ਵਿੱਚ ਅਪਰਾਧਿਕ ਗਰੁੱਪਾਂ ਖ਼ਿਲਾਫ਼ ਸਾਂਝੀਆਂ ਕਾਰਵਾਈਆਂ ਲਈ ਸਹਿਮਤੀ ਦਿੱਤੀ ਹੈ। ਹਾਲਾਂਕਿ ਗੁਆਟੇਮਾਲਾ ਨੇ ਇਸ ਤਰ੍ਹਾਂ ਦੀ ਕਿਸੇ ਸਹਿਮਤੀ ਤੋਂ ਇਨਕਾਰ ਕੀਤਾ ਸੀ। ਦੂਜੇ ਪਾਸੇ, ਇਨ੍ਹਾਂ ਹਮਲਿਆਂ ਨੂੰ ਲੈ ਕੇ ਸਵਾਲ ਵੀ ਉੱਠ ਰਹੇ ਹਨ। ਅਮਰੀਕੀ ਪ੍ਰਸ਼ਾਸਨ ਵੱਲੋਂ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੇ ਕਥਿਤ ਤਸਕਰ ਹੋਣ ਸਬੰਧੀ ਜਨਤਕ ਤੌਰ ’ਤੇ ਸੀਮਤ ਸਬੂਤ ਪੇਸ਼ ਕੀਤੇ ਗਏ ਹਨ।
