Home ਸੰਸਾਰ ਅਮਰੀਕਾ-ਈਰਾਨ ਸ਼ਾਂਤੀ ਸਮਝੌਤਾ ਖ਼ਤਮ! ਟਰੰਪ ਬੋਲੇ- “ਉਹ ਘਟੀਆ ਹਨ, ਕੋਈ ਗੱਲ ਨਹੀਂ...

ਅਮਰੀਕਾ-ਈਰਾਨ ਸ਼ਾਂਤੀ ਸਮਝੌਤਾ ਖ਼ਤਮ! ਟਰੰਪ ਬੋਲੇ- “ਉਹ ਘਟੀਆ ਹਨ, ਕੋਈ ਗੱਲ ਨਹੀਂ ਕਰਨੀ”

0

ਅੰਕਾਰਾ, 8 ਜੁਲਾਈ (ਵਿਸ਼ਾਲ ਗੁਪਤਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਨ੍ਹਾਂ ਲਈ ਈਰਾਨ ਨਾਲ ਜੰਗਬੰਦੀ (Ceasefire) ਸਮਝੌਤਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹੁਣ ਤੇਹਰਾਨ (ਈਰਾਨ ਦੀ ਰਾਜਧਾਨੀ) ਨਾਲ ਕੋਈ ਡਿਪਲੋਮੈਟਿਕ (ਸਿਆਸੀ) ਸਬੰਧ ਨਹੀਂ ਰੱਖਣਾ ਚਾਹੁੰਦੇ।

ਤੁਰਕੀ ਵਿੱਚ ਚੱਲ ਰਹੇ ਨਾਟੋ (NATO) ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦੋ-ਟੁੱਕ ਸ਼ਬਦਾਂ ਵਿੱਚ ਕਿਹਾ ਕਿ ਸ਼ਾਂਤੀ ਪ੍ਰਕਿਰਿਆ ਹੁਣ ਖ਼ਤਮ ਹੋ ਚੁੱਕੀ ਹੈ ਅਤੇ ਉਹ ਹੁਣ ਈਰਾਨ ਨਾਲ ਕੋਈ ਲੈਣ-ਦੇਣ ਨਹੀਂ ਕਰਨਗੇ।

ਟਰੰਪ ਨੇ ਕਿਹਾ, “ਮੇਰੇ ਮੁਤਾਬਕ, ਸਭ ਖ਼ਤਮ ਹੋ ਚੁੱਕਾ ਹੈ। ਮੈਂ ਹੁਣ ਉਨ੍ਹਾਂ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਉਹ ਬਹੁਤ ਘਟੀਆ (scum) ਹਨ… ਉਨ੍ਹਾਂ ਦੀ ਅਗਵਾਈ ਬਿਮਾਰ ਮਾਨਸਿਕਤਾ ਵਾਲੇ ਲੋਕ ਕਰ ਰਹੇ ਹਨ… ਮੈਂ ਆਪਣੇ ਗੱਲਬਾਤ ਕਰਨ ਵਾਲੇ ਅਧਿਕਾਰੀਆਂ (Negotiators) ਨਾਲ ਗੱਲ ਕਰਾਂਗਾ। ਉਹ ਗੱਲਬਾਤ ਕਰਨਾ ਚਾਹੁੰਦੇ ਹਨ–ਉਹ ਚੰਗੇ ਲੋਕ ਹਨ… ਪਰ ਉਨ੍ਹਾਂ ਨੂੰ ਮੇਰੇ ਕੋਲ ਵਾਪਸ ਆਉਣਾ ਪਵੇਗਾ। ਜਿੱਥੋਂ ਤੱਕ ਮੇਰਾ ਸਬੰਧ ਹੈ, ਉਨ੍ਹਾਂ (ਈਰਾਨ) ਨਾਲ ਗੱਲ ਕਰਨਾ ਸਿਰਫ਼ ਸਮੇਂ ਦੀ ਬਰਬਾਦੀ ਹੈ।”

ਟਰੰਪ ਨੇ ਈਰਾਨੀਆਂ ਨੂੰ “ਝੂਠੇ, ਧੋਖੇਬਾਜ਼ ਅਤੇ ਬਿਮਾਰ ਲੋਕ” ਕਰਾਰ ਦਿੱਤਾ, ਅਤੇ ਨਾਲ ਹੀ ਪੁਸ਼ਟੀ ਕੀਤੀ ਕਿ ਅਮਰੀਕੀ ਫ਼ੌਜਾਂ ਨੇ ਬੀਤੀ ਰਾਤ ਈਰਾਨ ਦੇ ਅੰਦਰ “ਬੇਹੱਦ ਖ਼ਤਰਨਾਕ ਲੋਕਾਂ” ਨੂੰ ਨਿਸ਼ਾਨਾ ਬਣਾਇਆ ਹੈ।

ਉਨ੍ਹਾਂ ਅੱਗੇ ਕਿਹਾ, “ਉਹ ਝੂਠੇ ਹਨ, ਧੋਖੇਬਾਜ਼ ਹਨ, ਬਿਮਾਰ ਲੋਕ ਹਨ। ਉਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਹੁਣ ਤੱਕ ਪ੍ਰਦਰਸ਼ਨ ਕਰ ਰਹੇ 54,000 ਲੋਕਾਂ ਨੂੰ ਮਾਰ ਦਿੱਤਾ ਹੈ। ਜਦੋਂ ਲੋਕ ਪੁੱਛਦੇ ਹਨ ਕਿ ਪ੍ਰਦਰਸ਼ਨਕਾਰੀਆਂ ਨੇ ਸੱਤਾ ‘ਤੇ ਕਬਜ਼ਾ ਕਿਉਂ ਨਹੀਂ ਕੀਤਾ? ਤਾਂ ਉਹ ਕਬਜ਼ਾ ਕਿਵੇਂ ਕਰ ਸਕਦੇ ਹਨ ਕਿਉਂਕਿ ਉਹ ਤਾਂ ਮਰ ਚੁੱਕੇ ਹਨ।”

ਟਰੰਪ ਨੇ ਫ਼ੌਜੀ ਕਾਰਵਾਈ ਬਾਰੇ ਦੱਸਦਿਆਂ ਕਿਹਾ, “ਅਸੀਂ ਬੀਤੀ ਰਾਤ ਈਰਾਨ ਦੇ ਬਹੁਤ ਖ਼ਤਰਨਾਕ ਲੋਕਾਂ ‘ਤੇ ਬਹੁਤ ਜ਼ੋਰਦਾਰ ਹਮਲਾ ਕੀਤਾ ਹੈ… ਉਨ੍ਹਾਂ ਵਿੱਚ ਕੋਈ ਨੁਕਸ ਹੈ। ਅਸੀਂ ਕਹਿੰਦੇ ਹਾਂ, ‘ਜਾਓ ਅਤੇ ਆਪਣਾ ਜਨਾਜ਼ਾ ਸੰਭਾਲੋ,’ ਪਰ ਉਸ ਦੀ ਬਜਾਏ ਉਨ੍ਹਾਂ ਨੇ ਕੱਲ੍ਹ ਸਮੁੰਦਰੀ ਜਹਾਜ਼ਾਂ ‘ਤੇ ਰਾਕੇਟ ਦਾਗਣੇ ਸ਼ੁਰੂ ਕਰ ਦਿੱਤੇ। ਇਸ ਲਈ ਅਸੀਂ ਬੀਤੀ ਰਾਤ ਉਨ੍ਹਾਂ ਨੂੰ ਬਹੁਤ ਕਰਾਰਾ ਜਵਾਬ ਦਿੱਤਾ ਹੈ।”

ਈਰਾਨ ਨੇ ਪਲਟਵਾਰ ਕਰਦਿਆਂ ਅਮਰੀਕਾ ‘ਤੇ ਲਾਏ ਸਮਝੌਤੇ ਤੋੜਨ ਦੇ ਦੋਸ਼

ਦੂਜੇ ਪਾਸੇ, ਖੇਤਰ ਵਿੱਚ ਲਗਾਤਾਰ ਵਧ ਰਹੇ ਤਣਾਅ ਦਰਮਿਆਨ ਈਰਾਨ ਦੇ ਮੁੱਖ ਗੱਲਬਾਤਕਾਰ ਅਤੇ ਸੰਸਦ ਸਪੀਕਰ ਮੁਹੰਮਦ ਬਾਕਿਰ ਗਾਲੀਬਾਫ਼ ਨੇ ਵਾਸ਼ਿੰਗਟਨ (ਅਮਰੀਕਾ) ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਅਮਰੀਕਾ ਵੱਲੋਂ ਦੋਪੱਖੀ ਸਮਝੌਤਿਆਂ ਦੀਆਂ ਕੀਤੀਆਂ ਗਈਆਂ ਕਈ ਉਲੰਘਣਾਵਾਂ ਦਾ ਵੇਰਵਾ ਸਾਂਝਾ ਕੀਤਾ।

ਸੋਸ਼ਲ ਮੀਡੀਆ ਪਲੇਟਫਾਰਮ ‘X’ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਵਿੱਚ ਸੀਨੀਅਰ ਈਰਾਨੀ ਅਧਿਕਾਰੀ ਨੇ ਅਮਰੀਕੀ ਪ੍ਰਸ਼ਾਸਨ ਵੱਲੋਂ ਕੀਤੇ ਗਏ ਕਈ “ਵੱਡੇ ਸਮਝੌਤਾ-ਭੰਗਾਂ” ਦੀ ਸੂਚੀ ਦਿੱਤੀ, ਜੋ ਦੋਵਾਂ ਦੇਸ਼ਾਂ ਵਿਚਾਲੇ ਡਿਪਲੋਮੈਟਿਕ ਸਬੰਧਾਂ ਦੇ ਪੂਰੀ ਤਰ੍ਹਾਂ ਟੁੱਟਣ ਦਾ ਸੰਕੇਤ ਦਿੰਦੇ ਹਨ।

ਈਰਾਨੀ ਸੰਸਦ ਦੇ ਸਪੀਕਰ ਦੇ ਅਨੁਸਾਰ, ਅਮਰੀਕਾ ਦੀਆਂ ਇਨ੍ਹਾਂ ਕਾਰਵਾਈਆਂ ਵਿੱਚ ਸ਼ਾਮਲ ਹਨ:

  • ਸਟ੍ਰੇਟ (ਸਮੁੰਦਰੀ ਜਲਡਮਰੂ) ਵਿੱਚ ਈਰਾਨੀ ਵਿਵਸਥਾਵਾਂ ਦੀ ਉਲੰਘਣਾ ਕਰਨਾ।
  • ਲਗਾਤਾਰ ਹੋਰ ਹਮਲੇ ਕਰਨ ਦੀਆਂ ਧਮਕੀਆਂ ਦੇਣਾ।
  • ਤੇਲ ‘ਤੇ ਦੁਬਾਰਾ ਪਾਬੰਦੀਆਂ (Sanctions) ਲਗਾਉਣਾ।
  • ਦੱਖਣੀ ਈਰਾਨ ‘ਤੇ ਹਮਲੇ ਕਰਨਾ।
  • ਲੇਬਨਾਨ ਵਿੱਚ ਲਗਾਤਾਰ “ਜ਼ਾਇਓਨਿਸਟ (ਇਜ਼ਰਾਈਲੀ) ਹਮਲਾਵਰਤਾ” ਦਾ ਸਮਰਥਨ ਕਰਨਾ।

ਵਾਸ਼ਿੰਗਟਨ ਦੇ ਸਖ਼ਤ ਰੁਖ਼ ਖ਼ਿਲਾਫ਼ ਸਖ਼ਤ ਚੇਤਾਵਨੀ ਦਿੰਦਿਆਂ ਅਤੇ ਭਾਰੀ ਫ਼ੌਜੀ ਤੇ ਆਰਥਿਕ ਦਬਾਅ ਅੱਗੇ ਝੁਕਣ ਤੋਂ ਸਾਫ਼ ਇਨਕਾਰ ਕਰਦਿਆਂ ਗਾਲੀਬਾਫ਼ ਨੇ ਆਪਣੀ ਪੋਸਟ ਦੇ ਅਖੀਰ ਵਿੱਚ ਚੁਣੌਤੀਪੂਰਨ ਲਹਿਜੇ ਵਿੱਚ ਲਿਖਿਆ: ਧੱਕੇਸ਼ਾਹੀ ਅਤੇ ਜਬਰਨ ਵਸੂਲੀ ਦਾ ਦੌਰ ਹੁਣ ਖ਼ਤਮ ਹੋ ਚੁੱਕਾ ਹੈ। ਇਸ ਨਾਲ ਕੁਝ ਹਾਸਲ ਨਹੀਂ ਹੋਣ ਵਾਲਾ। ਅਸੀਂ ਪਿੱਛੇ ਨਹੀਂ ਹਟਾਂਗੇ।”

ਕਿਉਂ ਵਧਿਆ ਤਣਾਅ?

ਤੇਹਰਾਨ ਵੱਲੋਂ ਇਹ ਤਿੱਖੀ ਪ੍ਰਤੀਕਿਰਿਆ ਅਮਰੀਕਾ ਦੁਆਰਾ ਈਰਾਨੀ ਟਿਕਾਣਿਆਂ ‘ਤੇ ਸ਼ੁਰੂ ਕੀਤੇ ਗਏ ਵੱਡੇ ਫ਼ੌਜੀ ਆਪ੍ਰੇਸ਼ਨਾਂ ਤੋਂ ਬਾਅਦ ਆਈ ਹੈ। ਅਮਰੀਕਾ ਨੇ ਇਹ ਕਾਰਵਾਈ ਸਮੁੰਦਰੀ ਖੇਤਰ ਵਿੱਚ ਹੋਈਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਕੀਤੀ ਹੈ।

ਦਰਅਸਲ, ਰਣਨੀਤਕ ਤੌਰ ‘ਤੇ ਬਹੁਤ ਮਹੱਤਵਪੂਰਨ ਮੰਨੇ ਜਾਂਦੇ ‘ਸਟ੍ਰੇਟ ਆਫ਼ ਹਾਰਮੁਜ਼’ (Strait of Hormuz) ਵਿੱਚੋਂ ਲੰਘ ਰਹੇ ਤਿੰਨ ਵਪਾਰਕ ਜਹਾਜ਼ਾਂ ‘ਤੇ ਹਮਲਾ ਕੀਤਾ ਗਿਆ ਸੀ, ਜਿਸ ਦਾ ਸਿੱਧਾ ਦੋਸ਼ ਵਾਸ਼ਿੰਗਟਨ ਨੇ ਈਰਾਨੀ ਹਥਿਆਰਬੰਦ ਬਲਾਂ ‘ਤੇ ਲਾਇਆ ਹੈ।

ਅਮਰੀਕੀ ਸੈਂਟਰਲ ਕਮਾਂਡ (US Central Command) ਦੇ ਇੱਕ ਅਧਿਕਾਰਤ ਬਿਆਨ ਅਨੁਸਾਰ, ਇਹ “ਜ਼ੋਰਦਾਰ” ਹਮਲੇ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ ‘ਤੇ ਈਰਾਨੀ ਕਾਰਵਾਈਆਂ ਦੇ ਜਵਾਬ ਵਿੱਚ ਕੀਤੇ ਗਏ ਸਨ ਤਾਂ ਜੋ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਬਦਲੇ ਈਰਾਨ ਨੂੰ “ਭਾਰੀ ਕੀਮਤ” ਚੁਕਾਉਣੀ ਪਵੇ।

 

 

 

 

Exit mobile version