ਹਰਿਆਣਾ 5 ਨਵੰਬਰ – ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਭਾਵੇਂ ਹੌਲੀ-ਹੌਲੀ ਬੋਲਦੇ ਹੋਣ, ਪਰ ਕੰਮ ਕਰਨ ਵਿੱਚ ਬਹੁਤ ਤੇਜ਼ ਹਨ। ਉਨ੍ਹਾਂ ਕਿਹਾ ਕਿ ਸ੍ਰੀ ਨਾਇਬ ਸਿੰਘ ਸੈਣੀ ਤੇਜ਼ੀ ਨਾਲ ਕੰਮ ਕਰਨ ਵਾਲੇ ਮੁੱਖ ਮੰਤਰੀ ਹਨ। ਸ੍ਰੀ ਅਮਿਤ ਸ਼ਾਹ ਨੇ ਹਰਿਆਣਵੀਆਂ ਨੂੰ ਕਿਹਾ ਕਿ ਜਦੋਂ ਸਾਲ 2029 ਵਿੱਚ ਭਾਜਪਾ ਹਰਿਆਣਾ ਵਿੱਚ ਜਨਤਾ ਕੋਲ ਵੋਟਾਂ ਮੰਗਣ ਜਾਵੇਗੀ, ਤਾਂ ਪਾਰਟੀ ਆਪਣੇ ਘੋਸ਼ਨਾ ਪੱਤਰ ਵਿੱਚ ਕੀਤੇ ਸਾਰੇ ਵਾਅਦੇ ਅਤੇ ਗਾਰੰਟੀਆਂ ਪੂਰੀਆਂ ਕਰਕੇ ਜਾਵੇਗੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਵੀਰਵਾਰ ਨੂੰ ਅੰਬਾਲਾ ਵਿੱਚ ਆਯੋਜਿਤ ਪਹਿਲੀ ਆਜ਼ਾਦੀ ਦੀ ਲੜਾਈ (1857) ਦੇ ਸ਼ਹੀਦੀ ਸਮਾਰਕ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿੱਥੇ 10 ਮਈ, 1857 ਨੂੰ ਕ੍ਰਾਂਤੀਕਾਰੀ ਵੀਰਾਂ ਨੇ ਅੰਗਰੇਜ਼ਾਂ ਦੇ ਸ਼ਾਸਨ ਵਿਰੁੱਧ ਕ੍ਰਾਂਤੀ ਦਾ ਬਿਗਲ ਵਜਾਇਆ ਸੀ ਅਤੇ ਉਨ੍ਹਾਂ ਦੀ ਸ਼ੁਰੂਆਤ ਦੇਖਦੇ ਹੀ ਦੇਖਦੇ ਪੂਰੇ ਦੇਸ਼ ਵਿੱਚ ਅੱਗ ਵਾਂਗ ਫੈਲ ਗਈ ਸੀ। ਪੂਰੀ ਦੁਨੀਆ ਇਹ ਦੇਖ ਕੇ ਹੈਰਾਨ ਰਹਿ ਗਈ ਸੀ ਕਿ ਜਿਸ ਅੰਗਰੇਜ਼ੀ ਸਰਕਾਰ ਦਾ ਸੂਰਜ ਕਿਤੇ ਵੀ ਨਹੀਂ ਡੁੱਬਦਾ ਸੀ, ਉਸ ਦੀ ਨੀਂਹ ਹਿਲਾ ਕੇ ਰੱਖ ਦੇਣ ਵਾਲਾ 1857 ਦਾ ਉਹ ਆਜ਼ਾਦੀ ਸੰਗਰਾਮ ਜਿਸ ਅੰਬਾਲਾ ਦੀ ਧਰਤੀ ‘ਤੇ ਸ਼ੁਰੂ ਹੋਇਆ ਸੀ, ਉਸ ਨੂੰ ਮੈਂ ਵਾਰ-ਵਾਰ ਪ੍ਰਣਾਮ ਕਰਦਾ ਹਾਂ।
ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ, ਕੈਬਨਿਟ ਮੰਤਰੀ ਸ੍ਰੀ ਅਨਿਲ ਵਿਜ, ਭਾਜਪਾ ਦੇ ਕੇਂਦਰੀ ਇੰਚਾਰਜ ਸ੍ਰੀਮਤੀ ਸਮ੍ਰਿਤੀ ਇਰਾਨੀ ਅਤੇ ਭਾਜਪਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਵੀ ਮੌਜੂਦ ਸਨ।

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ 1857 ਦੇ ਆਜ਼ਾਦੀ ਸੰਗਰਾਮ ਨੂੰ ਅੰਗਰੇਜ਼ੀ ਸੋਚ ਤੋਂ ਪ੍ਰੇਰਿਤ ਖੱਬੇ ਪੱਖੀ ਵਿਚਾਰਧਾਰਾ ਵਾਲੇ ਇਤਿਹਾਸਕਾਰਾਂ ਨੇ ਇੱਕ ਵਿਦਰੋਹ ਦਾ ਨਾਂ ਦਿੱਤਾ। ਵਿਦਰੋਹ ਸ਼ਬਦ ਅੰਗਰੇਜ਼ਾਂ ਲਈ ਹੈ। ਵੀਰ ਸਾਵਰਕਰ ਨੇ ਸਹੀ ਕਿਹਾ ਸੀ ਕਿ ਭਾਰਤ ਮਾਤਾ ਦੀਆਂ ਸਾਰੀਆਂ ਸੰਤਾਨਾਂ ਲਈ ਇਹ ਕ੍ਰਾਂਤੀ ਕੋਈ ਵਿਦਰੋਹ ਨਹੀਂ, ਸਗੋਂ ਆਜ਼ਾਦੀ ਦਾ ਸੰਗਰਾਮ ਹੈ। ਉਨ੍ਹਾਂ ਕਿਹਾ ਕਿ ਸਾਲ 1857 ਤੋਂ ਲੈ ਕੇ 1947 ਤੱਕ ਦਾ ਇਹ 90 ਸਾਲਾਂ ਦਾ ਮਹਾਨ ਸੰਘਰਸ਼ ਸੀ, ਜਿਸ ਵਿੱਚ ਅਨੇਕਾਂ ਸ਼ਹੀਦਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਤਦ ਜਾ ਕੇ ਸਾਨੂੰ ਆਜ਼ਾਦੀ ਮਿਲੀ। ਉਨ੍ਹਾਂ ਸ਼ਹੀਦਾਂ ਦੇ ਬਲੀਦਾਨਾਂ ਦੇ ਆਧਾਰ ‘ਤੇ ਹੀ ਅੱਜ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵਿਕਸਿਤ ਭਾਰਤ ਦੀ ਕਲਪਨਾ ਕਰ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਅੱਜ ਬਾਬੂ ਕੁੰਵਰ ਸਿੰਘ ਨੂੰ ਵੀ ਯਾਦ ਕਰਨ ਦਾ ਮੌਕਾ ਹੈ, ਉਸ ਵੀਰ ਯੋਧੇ ਨੇ 87 ਸਾਲ ਦੀ ਉਮਰ ਵਿੱਚ ਅੰਗਰੇਜ਼ਾਂ ਨਾਲ ਲੜਾਈ ਲੜੀ। ਉਨ੍ਹਾਂ ਦੀ ਖੱਬੀ ਬਾਂਹ ‘ਤੇ ਗੋਲੀ ਲੱਗੀ ਅਤੇ ਉਨ੍ਹਾਂ ਨੇ ਆਪਣੀ ਸੱਜੀ ਬਾਂਹ ਨਾਲ ਆਪਣੀ ਖੱਬੀ ਬਾਂਹ ਕੱਟ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਅੰਦਰ ਖੂਨ ਹੀ ਨਹੀਂ ਹੈ ਤਾਂ ਤੁਸੀਂ ਭਾਰਤ ਮਾਤਾ ਦੀ ਕੀ ਸੇਵਾ ਕਰੋਗੇ ਅਤੇ ਉਸ ਬਜ਼ੁਰਗ ਵੀਰ ਨੇ ਲੜਦੇ-ਲੜਦੇ ਆਪਣਾ ਸਰਵਉੱਚ ਬਲੀਦਾਨ ਦੇ ਦਿੱਤਾ।
ਉਨ੍ਹਾਂ ਕਿਹਾ ਕਿ ਜਿਹੜਾ ਦੇਸ਼ ਆਪਣੀ ਆਜ਼ਾਦੀ ਦੀ ਕੀਮਤ ਨਹੀਂ ਸਮਝਦਾ, ਜਿਨ੍ਹਾਂ ਸ਼ਹੀਦਾਂ ਨੇ ਖੂਨ ਵਹਾਇਆ ਅਤੇ ਉਨ੍ਹਾਂ ਦੀ ਮਹਿਮਾ ਦਾ ਗੁਣਗਾਨ ਨਹੀਂ ਕਰਦਾ, ਇਤਿਹਾਸ ਦੇ ਪੰਨਿਆਂ ਨੂੰ ਲਾਲ ਖੂਨ ਨਾਲ ਬਦਲ ਕੇ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਨਹੀਂ ਕਰਦਾ, ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ। ਅੱਜ ਅੰਬਾਲਾ ਵਿੱਚ ਬਣਿਆ ਇਹ ਸਮਾਰਕ ਆਉਣ ਵਾਲੇ ਦਿਨਾਂ ਵਿੱਚ ਦੇਸ਼ ਭਰ ਦੀ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਵਾਲਾ ਇੱਕ ਅਦਭੁੱਤ ਸਥਾਨ ਬਣੇਗਾ।

ਉਨ੍ਹਾਂ ਇਸ ਸਮਾਰਕ ਦੇ ਨਿਰਮਾਣ ਲਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਮੌਜੂਦਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਕੈਬਨਿਟ ਮੰਤਰੀ ਸ੍ਰੀ ਅਨਿਲ ਵਿਜ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਵਿਸ਼ੇਸ਼ ਯਤਨਾਂ ਸਦਕਾ ਇਹ ਵਿਸ਼ਾਲ ਸ਼ਹੀਦੀ ਸਮਾਰਕ ਅੱਜ ਬਣ ਕੇ ਤਿਆਰ ਹੋਇਆ ਹੈ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਉਹੀ ਧਰਤੀ ਹੈ ਜਿੱਥੇ ਕਦੇ ਸਰਸਵਤੀ ਨਦੀ ਵਗਦੀ ਸੀ, ਜਿੱਥੇ ਵੇਦਾਂ ਦੀ ਰਚਨਾ ਹੋਈ, ਇਸੇ ਵੀਰ ਭੂਮੀ ‘ਤੇ ਸ੍ਰੀ ਕ੍ਰਿਸ਼ਨ ਨੇ ਗੀਤਾ ਦਾ ਸੰਦੇਸ਼ ਦਿੱਤਾ ਅਤੇ ਇਸੇ ਵੀਰ ਭੂਮੀ ‘ਤੇ ਮਹਾਰਾਜਾ ਅਗਰਸੇਨ ਨੇ ਪ੍ਰਸ਼ਾਸਨ ਦਾ ਭਾਰਤੀ ਮਾਡਲ ਦਿੱਤਾ। ਇਸੇ ਵੀਰ ਭੂਮੀ ‘ਤੇ ਰਾਜਾ ਨਾਹਰ ਸਿੰਘ ਅਤੇ ਰਾਓ ਤੁਲਾਰਾਮ ਨੇ ਆਜ਼ਾਦੀ ਦੀ ਲੜਾਈ ਲੜੀ ਅਤੇ ਉਹ ਪਰੰਪਰਾ ਸ਼ੁਰੂ ਹੋਈ। ਅੱਜ ਜੇਕਰ ਕਿਸੇ ਇੱਕ ਸੂਬੇ ਦੇ ਸਭ ਤੋਂ ਵੱਧ ਜਵਾਨ ਦੇਸ਼ ਦੀ ਸੇਵਾ ਵਿੱਚ ਹਨ ਤਾਂ ਉਹ ਮੇਰੇ ਹਰਿਆਣਾ ਦੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਖੇਡਾਂ ਵਿੱਚ ਭਾਰਤ ਦੀ ਤਮਗਾ ਸੂਚੀ ਦੀ ਗੱਲ ਆਉਂਦੀ ਹੈ ਤਾਂ ਉਸ ਸੂਚੀ ਵਿੱਚ ਹਰਿਆਣਾ ਪਹਿਲੇ ਨੰਬਰ ‘ਤੇ ਰਹਿੰਦਾ ਹੈ। ਜਦੋਂ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਆਤਮਨਿਰਭਰ ਹੋਣ ਦੀ ਲੋੜ ਸੀ ਤਾਂ ਹਰਿਆਣਾ ਦੇ ਕਿਸਾਨਾਂ ਨੇ ਦੇਸ਼ ਦੇ ਅਨਾਜ ਭੰਡਾਰ ਭਰ ਦਿੱਤੇ। ਚਿੱਟੀ ਕ੍ਰਾਂਤੀ ਵਿੱਚ ਵੀ ਹਰਿਆਣਾ ਦਾ ਬਹੁਤ ਵੱਡਾ ਯੋਗਦਾਨ ਹੈ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ ਦੀ ਇਸੇ ਧਰਤੀ ‘ਤੇ ਅੱਜ 22 ਏਕੜ ਜ਼ਮੀਨ ‘ਤੇ 23 ਗੈਲਰੀਆਂ ਦੇ ਨਾਲ ਸਾਲ 1857 ਦੀ ਕ੍ਰਾਂਤੀ ਦਾ ਅਦਭੁੱਤ ਸਮਾਰਕ ਬਣਾਇਆ ਗਿਆ ਹੈ। ਸਮਾਰਕ ਵਿੱਚ ਆਧੁਨਿਕ ਤਕਨੀਕ ਰਾਹੀਂ, ਹੋਲੋਗ੍ਰਾਫੀ ਅਤੇ ਇੰਟਰਐਕਟਿਵ ਪ੍ਰੋਜੈਕਸ਼ਨ ਦੇ ਨਾਲ ਦਸਤਾਵੇਜ਼ਾਂ ਅਤੇ ਹਰਿਆਣਾ ਦੀਆਂ ਹਰ ਤਰ੍ਹਾਂ ਦੀਆਂ ਕਲਾਵਾਂ ਨੂੰ ਸਾਂਭਣ ਦਾ ਇੱਕ ਸ਼ਾਨਦਾਰ ਯਤਨ ਕੀਤਾ ਗਿਆ ਹੈ। ਫੁਲਕਾਰੀ ਅਤੇ ਸਰਕੰਡੇ ਦੀ ਸ਼ਿਲਪਕਲਾ ਅਤੇ 2500 ਲੋਕਾਂ ਦੀ ਬੈਠਣ ਦੀ ਸਮਰੱਥਾ ਵਾਲਾ ਓਪਨ ਏਅਰ ਥੀਏਟਰ, ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਸਾਨੂੰ ਮੁੜ 1857 ਵਿੱਚ ਲੈ ਜਾਣ ਦੀ ਵਿਵਸਥਾ ਦੇ ਨਾਲ ਇਹ ਸਮਾਰਕ 1857 ਦੀ ਕ੍ਰਾਂਤੀ, ਬਲੀਦਾਨ ਅਤੇ ਸਨਮਾਨ ਦੀ ਭਾਵਨਾ ਨੂੰ ਜਗਾਉਣ ਵਾਲਾ ਇੱਕ ਊਰਜਾਵਾਨ ਸਥਾਨ ਬਣਿਆ ਹੈ।
ਉਨ੍ਹਾਂ ਦੇਸ਼ ਭਰ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅੱਜ ਅਸੀਂ ਜਿਸ ਸਥਾਨ ‘ਤੇ ਖੜ੍ਹੇ ਹਾਂ, ਉਹ ਕਿਨ੍ਹਾਂ ਕਾਰਨਾਂ ਕਰਕੇ ਸੰਭਵ ਹੋਇਆ, ਇਸ ਨੂੰ ਸਮਝਣਾ ਹੈ ਤਾਂ ਅੰਬਾਲਾ ਦੀ ਇਸ ਇਤਿਹਾਸਕ ਧਰਤੀ ‘ਤੇ ਬਣੇ ਇਸ ਸਮਾਰਕ ਨੂੰ ਜ਼ਰੂਰ ਦੇਖੋ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ।
ਕੇਂਦਰੀ ਗ੍ਰਹਿ ਮੰਤਰੀ ਨੇ ਇਸ ਮੌਕੇ 1260 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨੈਸ਼ਨਲ ਹਾਈਵੇਅ 152-ਜੀ ਦੇ ਜਲਬੇੜਾ-ਸ਼ਾਹਾਬਾਦ ਸੈਕਸ਼ਨ ਦਾ ਵੀ ਉਦਘਾਟਨ ਕੀਤਾ।
ਉਨ੍ਹਾਂ ਕਿਹਾ ਕਿ ਹਰਿਆਣਾ ਨੂੰ 60 ਸਾਲ ਹੋ ਗਏ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਇਹ ਸੁਭਾਗ ਹੈ ਕਿ ਇਨ੍ਹਾਂ 60 ਸਾਲਾਂ ਵਿੱਚੋਂ 12 ਸਾਲਾਂ ਤੱਕ ਹਰਿਆਣਾ ਦੀ ਜਨਤਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕਮਲ ਦੇ ਫੁੱਲ ‘ਤੇ ਭਰੋਸਾ ਜਤਾਇਆ ਹੈ। ਸ੍ਰੀ ਮਨੋਹਰ ਲਾਲ ਅਤੇ ਸ੍ਰੀ ਨਾਇਬ ਸਿੰਘ ਸੈਣੀ, ਦੋਵਾਂ ਨੇ 12 ਸਾਲਾਂ ਵਿੱਚ ਹਰਿਆਣਾ ਵਿੱਚ ਆਮੂਲ-ਚੂਲ ਤਬਦੀਲੀਆਂ ਕੀਤੀਆਂ ਹਨ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਹਰਿਆਣਾ ਧੂੰਆਂ ਮੁਕਤ ਸੂਬਾ ਬਣਿਆ, ਹਰ ਘਰ ਵਿੱਚ ਗੈਸ ਸਿਲੰਡਰ ਪਹੁੰਚਿਆ, ਸਾਰੀਆਂ ਫ਼ਸਲਾਂ ਦੀ ਐੱਮਐੱਸਪੀ ‘ਤੇ ਖਰੀਦ, ਨਿਆਂ ਸੰਹਿਤਾ ਲਾਗੂ ਕਰਨ ਵਾਲਾ ਪਹਿਲਾ ਸੂਬਾ, ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਚਲਾਉਣ ਵਾਲਾ ਅਤੇ ਐਲੀਵੇਟਿਡ ਰੇਲਵੇ ਟਰੈਕ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਸੂਬਾ ਹਰਿਆਣਾ ਬਣਿਆ।
ਉਨ੍ਹਾਂ ਕਿਹਾ ਕਿ ਹਰਿਆਣਾ ਨੇ ਆਨਲਾਈਨ ਤਬਾਦਲਾ ਨੀਤੀ ਬਣਾਕੇ, ਜੇਕਰ ਕਿਸੇ ਨੇ ਹਰਿਆਣਾ ਵਿੱਚੋਂ ਤਬਾਦਲਾ ਉਦਯੋਗ ਨੂੰ ਖ਼ਤਮ ਕੀਤਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ। ਪੰਚਾਇਤਾਂ ਵਿੱਚ ਮਾਤ-ਸ਼ਕਤੀ ਨੂੰ 50 ਫ਼ੀਸਦੀ ਨੁਮਾਇੰਦਗੀ ਦੇਣ ਦੀ ਸ਼ੁਰੂਆਤ ਵੀ ਹਰਿਆਣਾ ਵਿੱਚ ਹੋਈ। ਹਰਿਆਣਾ ਇਕਲੌਤਾ ਸੂਬਾ ਹੈ, ਜਿੱਥੇ ਅੱਜ ਪਿੰਡਾਂ ਵਿੱਚ ਲਾਲ ਡੋਰਾ ਨਹੀਂ ਹੈ। ਪਰਿਵਾਰ ਪਛਾਣ ਪੱਤਰ ਬਣਾਉਣ ਵਾਲਾ ਸੂਬਾ ਵੀ ਹਰਿਆਣਾ ਬਣਿਆ।
ਸ੍ਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਉਹ ਪੰਜਾਬ ਵਿੱਚ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਜਾਂਦੇ ਹਨ ਤਾਂ ਉੱਥੇ ਕਿਸਾਨ ਐੱਮਐੱਸਪੀ ਦੀ ਗਾਰੰਟੀ ਦੀ ਗੱਲ ਕਰਦੇ ਹਨ। ਰਾਹੁਲ ਜੀ ਨੇ ਉਨ੍ਹਾਂ ਨੂੰ ਝੁਣਝੁਣਾ ਫੜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਪੰਜਾਬ ਵਿੱਚ ਭਾਜਪਾ-ਐੱਨਡੀਏ ਦੀ ਸਰਕਾਰ ਬਣਾ ਦਿਓ ਤਾਂ ਕਿਸਾਨਾਂ ਨੂੰ ਐੱਮਐੱਸਪੀ ਗਾਰੰਟੀ ਦੇ ਬੋਰਡ ਫੜਨ ਦੀ ਲੋੜ ਨਹੀਂ ਰਹੇਗੀ। ਨਸ਼ਾ ਮੁਕਤੀ ਲਈ ਹਰਿਆਣਾ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ।
ਇਸ ਮੌਕੇ ਵਿਧਾਨ ਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਕੈਬਨਿਟ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ, ਸ੍ਰੀ ਮਹੀਪਾਲ ਢਾਂਡਾ, ਸ੍ਰੀ ਵਿਪੁਲ ਗੋਇਲ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਸ੍ਰੀ ਕ੍ਰਿਸ਼ਨ ਬੇਦੀ, ਸ੍ਰੀਮਤੀ ਸ਼ਰੁਤੀ ਚੌਧਰੀ, ਸੁਸ਼੍ਰੀ ਆਰਤੀ ਰਾਓ, ਰਾਜ ਮੰਤਰੀ ਸ੍ਰੀ ਗੌਰਵ ਗੌਤਮ, ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਸਮੇਤ ਸੰਸਦ ਮੈਂਬਰ, ਵਿਧਾਇਕ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।






