3-4 ਮਹੀਨੇ ਪੁਰਾਣੀ ਹੋਣ ਦਾ ਸ਼ੱਕ, ਪਛਾਣ ਲਈ 72 ਘੰਟੇ ਮੋਰਚਰੀ ‘ਚ ਰੱਖੀ ਗਈ ਲਾ.ਸ਼.; ਲੋੜ ਪੈਣ ‘ਤੇ ਹੋਵੇਗਾ DNA ਟੈਸਟ
ਪਟਿਆਲਾ, 1 ਜੁਲਾਈ: (ਬਲਜੀਤ ਸਰਨਾ) : ਹਲਕਾ ਸਨੌਰ ਦੇ ਪਿੰਡ ਐਰੂ ਕਲਾਂ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਖੇਤ ਵਿੱਚ ਸਥਿਤ ਖੂਹ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜੁਲਕਾਂ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਡੀਐੱਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤ ਦੇ ਮਾਲਕ ਕਮਲਦੀਪ ਸਿੰਘ, ਵਾਸੀ ਪਿੰਡ ਮਹਿਲਾਂ (ਜ਼ਿਲ੍ਹਾ ਅੰਬਾਲਾ), ਨੇ ਸਥਾਨਕ ਲੋਕਾਂ ਦੀ ਮਦਦ ਨਾਲ ਖੂਹ ਵਿੱਚੋਂ ਲਾਸ਼ ਨੂੰ ਬਾਹਰ ਕੱਢਿਆ। ਮੁੱਢਲੀ ਜਾਂਚ ਅਨੁਸਾਰ ਲਾਸ਼ ਲਗਭਗ ਤਿੰਨ ਤੋਂ ਚਾਰ ਮਹੀਨੇ ਪੁਰਾਣੀ ਜਾਪਦੀ ਹੈ, ਜਿਸ ਕਾਰਨ ਉਸ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ।
ਪੁਲਿਸ ਨੇ ਲਾਸ਼ ਨੂੰ ਪਛਾਣ ਲਈ ਰਾਜਿੰਦਰਾ ਹਸਪਤਾਲ, ਪਟਿਆਲਾ ਦੀ ਮੋਰਚਰੀ ਵਿੱਚ 72 ਘੰਟਿਆਂ ਲਈ ਰਖਵਾ ਦਿੱਤਾ ਹੈ। ਜੇਕਰ ਇਸ ਦੌਰਾਨ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਤਾਂ ਨਿਯਮਾਂ ਅਨੁਸਾਰ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਲੋੜ ਪੈਣ ‘ਤੇ ਡੀਐਨਏ ਪ੍ਰੋਫਾਈਲਿੰਗ ਵੀ ਕਰਵਾਈ ਜਾਵੇਗੀ।
Video:
ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਦੇ ਕੱਪੜਿਆਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਮਜ਼ਦੂਰ ਵਰਗ ਨਾਲ ਸਬੰਧਤ ਹੋ ਸਕਦਾ ਹੈ। ਮ੍ਰਿਤਕ ਦੀ ਪਛਾਣ ਲਈ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਇਲਾਕਿਆਂ ਦੇ ਵੱਖ-ਵੱਖ ਪੁਲਿਸ ਥਾਣਿਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।
ਥਾਣਾ ਜੁਲਕਾਂ ਦੀ ਪੁਲਿਸ ਨੇ ਕਿਹਾ ਕਿ ਮਾਮਲੇ ਦੇ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।








