ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ-ਲਖਬੀਰ ਸਿੰਘ ਰਾਏ
ਫਤਹਿਗੜ੍ਹ ਸਾਹਿਬ, 08 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਸਰਕਾਰ ਦੀ ਜਨਹਿਤੈਸ਼ੀ ਯੋਜਨਾ ‘ਮੇਰਾ ਘਰ ਮੇਰੇ ਨਾਮ’ ਤਹਿਤ ਹਲਕਾ ਫਤਹਿਗੜ੍ਹ ਸਾਹਿਬ ਦੇ ਪਿੰਡ ਬੀਬੀਪੁਰ, ਰਾਮਪੁਰ ਨੌ ਆਬਾਦ, ਅਲੀਪੁਰ ਸੌਂਢੀਆਂ ਅਤੇ ਹਰੀਪਰ ਦੇ 272 ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਨਾਲ ਸਬੰਧਤ ਰਜਿਸਟਰੀਆਂ ਅਤੇ ਮਾਲਕੀ ਹੱਕ ਦੇ ਦਸਤਾਵੇਜ਼ ਸੌਂਪੇ ਗਏ। ਇਸ ਯੋਜਨਾ ਤਹਿਤ ਪਿੰਡ ਰਾਮਪੁਰ ਨੌ ਆਬਾਦ ਦੇ 15 ਪਰਿਵਾਰਾਂ, ਬੀਬੀਪੁਰ ਦੇ 95 ਪਰਿਵਾਰਾਂ, ਅਲੀਪੁਰ ਸੋਢੀਆਂ ਦੇ 124 ਪਰਿਵਾਰਾਂ ਸਮੇਤ ਪਿੰਡ ਹਰੀਪਰ ਦੇ 38 ਪਰਿਵਾਰਾਂ ਨੂੰ ਮਾਲਕੀ ਹੱਕ ਨਾਲ ਸਬੰਧਤ ਦਸਤਾਵੇਜ਼ ਸੌਂਪੇ ਗਏ। ਇਸ ਮੌਕੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਯੋਜਨਾ ਰਾਹੀਂ ਲਾਲ ਡੋਰੇ (ਆਬਾਦੀ ਦੇਹ) ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਪੱਕੇ ਮਾਲਕੀ ਹੱਕ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਲਕੀ ਹੱਕ ਮਿਲਣ ਨਾਲ ਪਰਿਵਾਰਾਂ ਨੂੰ ਆਪਣੀ ਜਾਇਦਾਦ ਸਬੰਧੀ ਕਾਨੂੰਨੀ ਸੁਰੱਖਿਆ ਮਿਲੇਗੀ ਅਤੇ ਉਹ ਆਪਣੀ ਸੰਪਤੀ ਦੀ ਵਰਤੋਂ ਬੈਂਕ ਲੋਨ ਜਾਂ ਹੋਰ ਵਿੱਤੀ ਸਹੂਲਤਾਂ ਪ੍ਰਾਪਤ ਕਰਨ ਲਈ ਵੀ ਕਰ ਸਕਣਗੇ।

ਸ.ਰਾਏ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਅਤੇ ਪਿੰਡਾਂ ਦੇ ਵਸਨੀਕਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨਾ ਪੰਜਾਬ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮਾਲਕੀ ਹੱਕ ਸਬੰਧੀ ਦਸਤਾਵੇਜ਼ ਮਿਲਣ ਨਾਲ ਇਨ੍ਹਾਂ ਪਰਿਵਾਰਾਂ ਨੂੰ ਆਪਣੀ ਜਾਇਦਾਦ ਸਬੰਧੀ ਭਵਿੱਖ ਵਿੱਚ ਹੋਰ ਸਹੂਲਤਾਂ ਪ੍ਰਾਪਤ ਕਰਨ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਉਨ੍ਹਾਂ ਦੇ ਹੱਕ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਮਾਲਕੀ ਹੱਕ ਦੇ ਕੇ ਉਨ੍ਹਾਂ ਨੂੰ ਹੋਰ ਮਜ਼ਬੂਤ ਅਤੇ ਆਤਮਨਿਰਭਰ ਬਣਾਉਣਾ ਹੈ। ਇਸ ਮੌਕੇ ਤਹਿਸੀਲਦਾਰ ਵਿਸ਼ਾਲ ਵਰਮਾਂ, ਕੁਲਵਿੰਦਰ ਡੇਰਾ, ਤਰਲੋਚਨ ਲਾਲੀ ਸਮੇਤ ਹੋਰ ਅਧਿਕਾਰੀ ਅਤੇ ਲਾਭਪਾਤਰੀ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।