Homeਪਟਿਆਲਾ ਅਪਡੇਟਮਿਸ਼ਨ ‘ਕਲੀਨ ਐਂਡ ਗ੍ਰੀਨ ਪਟਿਆਲਾ’ ਤਹਿਤ ਸਿਹਤ ਮੰਤਰੀ ਨੇ ਖ਼ੁਦ ਸਫ਼ਾਈ ਕਰਕੇ...

ਮਿਸ਼ਨ ‘ਕਲੀਨ ਐਂਡ ਗ੍ਰੀਨ ਪਟਿਆਲਾ’ ਤਹਿਤ ਸਿਹਤ ਮੰਤਰੀ ਨੇ ਖ਼ੁਦ ਸਫ਼ਾਈ ਕਰਕੇ ਲੋਕਾਂ ਨੂੰ ਕੀਤਾ ਜਾਗਰੂਕ

Health Minister joins cleanliness drive to promote a cleaner and greener Patiala.

ਸ਼ਹਿਰ ਵਾਸੀਆਂ ਨੂੰ ਸਫ਼ਾਈ ਰੱਖਣ ਅਤੇ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਦੀ ਅਪੀਲ- ਡਾ. ਬਲਬੀਰ ਸਿੰਘ
ਪਟਿਆਲਾ, 8 ਅਕਤੂਬਰ, 2026 (ਹਰਸ਼ਪ੍ਰੀਤ ਕੌਰ) :  ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੱਜ ਪਟਿਆਲਾ ਸ਼ਹਿਰ ਨੂੰ ਸਾਫ਼-ਸੁਥਰਾ, ਹਰਾ-ਭਰਾ ਅਤੇ ਵਾਤਾਵਰਨ ਪੱਖੋਂ ਬਿਹਤਰ ਬਣਾਉਣ ਦੇ ਉਦੇਸ਼ ਨਾਲ ‘ਕਲੀਨ ਐਂਡ ਗ੍ਰੀਨ ਪਟਿਆਲਾ’ ਦੇ ਬੈਨਰ ਹੇਠ ‘ਮਿਸ਼ਨ ਕਲੀਨ ਐਂਡ ਗ੍ਰੀਨ ਪਟਿਆਲਾ’ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਬਿਸ਼ਨ ਨਗਰ ਵਿਖੇ ਕੀਤੀ ਗਈ, ਜਿੱਥੇ ਡਾ. ਬਲਬੀਰ ਸਿੰਘ ਨੇ ਖ਼ੁਦ ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈਂਦਿਆਂ ਲੋਕਾਂ ਨੂੰ ਸਫ਼ਾਈ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ। ਡਾ. ਬਲਬੀਰ ਸਿੰਘ ਨੇ ਸਫ਼ਾਈ ਮੁਹਿੰਮ ਦੌਰਾਨ ਖ਼ੁਦ ਸਫ਼ਾਈ ਕਰਕੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਸਫ਼ਾਈ ਸਿਰਫ਼ ਸਰਕਾਰੀ ਵਿਭਾਗਾਂ ਜਾਂ ਸਫ਼ਾਈ ਕਰਮਚਾਰੀਆਂ ਦੀ ਜ਼ਿੰਮੇਵਾਰੀ ਨਹੀਂ ਹੈ, ਬਲਕਿ ਹਰੇਕ ਨਾਗਰਿਕ ਨੂੰ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਆਪਣੇ ਘਰਾਂ ਦੇ ਨਾਲ-ਨਾਲ ਗਲੀਆਂ, ਸੜਕਾਂ, ਜਨਤਕ ਥਾਵਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਨੂੰ ਆਪਣੀ ਜ਼ਿੰਮੇਵਾਰੀ ਸਮਝਣਗੇ ਤਾਂ ਹੀ ਸ਼ਹਿਰ ਨੂੰ ਅਸਲ ਮਾਇਨਿਆਂ ਵਿੱਚ ਸਾਫ਼-ਸੁਥਰਾ ਬਣਾਇਆ ਜਾ ਸਕੇਗਾ।
ਡਾ. ਬਲਬੀਰ ਸਿੰਘ ਨੇ ਇਸ ਮੁਹਿੰਮ ਵਿੱਚ ਪਹੁੰਚੇ ਸਕੂਲੀ ਬੱਚਿਆਂ ਨੂੰ ਕੱਪੜੇ ਦੇ ਬੈਗ ਵੀ ਵੰਡੇ। ਇਸ ਦੌਰਾਨ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨੂੰ ਘਟਾਉਣ ਅਤੇ ਵਾਤਾਵਰਨ-ਪੱਖੀ ਕੱਪੜੇ ਦੇ ਬੈਗਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਸਕੂਲੀ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਆਪਣੇ ਘਰ, ਸਕੂਲ ਅਤੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬੱਚੇ ਸਫ਼ਾਈ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਆਪਣੇ ਪਰਿਵਾਰਾਂ ਅਤੇ ਸਮਾਜ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਕੂੜਾ ਇੱਧਰ-ਉੱਧਰ ਨਾ ਸੁੱਟਣ ਅਤੇ ਆਪਣੇ ਸਾਥੀਆਂ ਨੂੰ ਵੀ ਸਫ਼ਾਈ ਪ੍ਰਤੀ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਅੱਜ ਦੇ ਬੱਚੇ ਹੀ ਕੱਲ੍ਹ ਦੇ ਪੰਜਾਬ ਦੇ ਨਿਰਮਾਤਾ ਹਨ ਅਤੇ ਉਨ੍ਹਾਂ ਵਿੱਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਸੜਕਾਂ ਜਾਂ ਜਨਤਕ ਥਾਵਾਂ ’ਤੇ ਨਾ ਸੁੱਟਣ ਅਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਦੀ ਆਦਤ ਪੈਦਾ ਕਰਨ। ਉਨ੍ਹਾਂ ਕਿਹਾ ਕਿ ਸਫ਼ਾਈ ਦੀ ਸ਼ੁਰੂਆਤ ਸਾਡੇ ਆਪਣੇ ਘਰ ਅਤੇ ਆਪਣੇ ਆਲੇ-ਦੁਆਲੇ ਤੋਂ ਹੁੰਦੀ ਹੈ ਅਤੇ ਹਰ ਵਿਅਕਤੀ ਦਾ ਛੋਟਾ ਜਿਹਾ ਯੋਗਦਾਨ ਵੀ ਸ਼ਹਿਰ ਦੀ ਸਫ਼ਾਈ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪਟਿਆਲਾ ਨੂੰ ਸਾਫ਼ ਅਤੇ ਹਰਾ-ਭਰਾ ਬਣਾਉਣ ਲਈ ਸਰਕਾਰ, ਨਗਰ ਨਿਗਮ, ਸਮਾਜਿਕ ਸੰਸਥਾਵਾਂ, ਸਕੂਲਾਂ, ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਦਿਨ ਦੀ ਸਫ਼ਾਈ ਮੁਹਿੰਮ ਨਾਲ ਸ਼ਹਿਰ ਸਾਫ਼ ਨਹੀਂ ਰਹਿ ਸਕਦਾ, ਸਗੋਂ ਇਸ ਨੂੰ ਇੱਕ ਨਿਰੰਤਰ ਜਨ-ਅੰਦੋਲਨ ਬਣਾਉਣ ਦੀ ਲੋੜ ਹੈ। ਇਸ ਸਫ਼ਾਈ ਮੁਹਿੰਮ ਵਿੱਚ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਹਰਿੰਦਰ ਕੋਹਲੀ, ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ, ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ, ਐਮ.ਸੀ. ਮੋਹਿਤ ਸ਼ਰਮਾ ਤੋਂ ਇਲਾਵਾ ਹੋਰ ਐਮ.ਸੀਜ਼, ਸਕੂਲੀ ਵਿਦਿਆਰਥੀ ਅਤੇ ਹੋਰ ਸਾਥੀ ਮੌਜੂਦ ਸਨ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments