ਸੰਗਰੂਰ, 08 ਅਕਤੂਬਰ, 2026 (ਜਗਜੀਤ ਸਿੰਘ) : ਟੀ.ਬੀ. ਮੁਕਤ ਭਾਰਤ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਕਮਿਸ਼ਨਰ (ਜ) ਰਾਜਬੀਰ ਸਿੰਘ ਭੰਗੂ ਅਤੇ ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ’ਤੇ ਜੋਸ਼ ਪ੍ਰੋਗਰਾਮ ਆਨਲਾਇਨ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਟੀ.ਬੀ. ਮੁਕਤ ਗ੍ਰਾਮ ਪੰਚਾਇਤਾਂ ਉਨ੍ਹਾਂ ਵੱਲੋਂ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ। ਕੇਂਦਰੀ ਪੱਧਰ ’ਤੇ ਸ਼ੁਰੂ ਕੀਤੀ ਗਈ ਇਸ ਪਹਿਲ ਤਹਿਤ ਜੋਸ਼ ਟੀਮਾਂ ਬਲਾਕ/ਵਾਰਡ ਪੱਧਰ ’ਤੇ ਕੰਮ ਕਰਨਗੀਆਂ। ਹਰੇਕ ਟੀਮ ਵਿੱਚ ਪੰਜ ਮਾਈ ਭਾਰਤ ਵਲੰਟੀਅਰ ਅਤੇ ਪੰਜ ਐੱਨ.ਸੀ.ਸੀ. ਕੈਡਿਟ ਸ਼ਾਮਲ ਹੋਣਗੇ, ਜਿਨ੍ਹਾਂ ਦੀ ਅਗਵਾਈ ਜ਼ਿਲਾ ਟੀ.ਬੀ.ਅਫਸਰ ਡਾ ਰਾਜਿੰਦਰ ਕੌਰ, ਮੈਡੀਕਲ ਅਫਸਰ ਡਾ ਮਲਕੀਤ ਸਿੰਘ ਵੱਲੋਂ ਕੀਤੀ ਜਾਵੇਗੀ। ਇਨ੍ਹਾਂ ਟੀਮਾਂ ਦਾ ਮੁੱਖ ਉਦੇਸ਼ ਲੋਕਾਂ ਵਿੱਚ ਟੀ.ਬੀ. ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਭਾਈਚਾਰਕ ਪੱਧਰ ’ਤੇ ਟੀ.ਬੀ. ਦੀ ਰੋਕਥਾਮ ਅਤੇ ਮਰੀਜ਼ਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ। ਸਮਾਗਮ ਦੌਰਾਨ ਹਾਜ਼ਰ ਟੀਮ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਟੀ.ਬੀ. ਮੁਕਤ ਭਾਰਤ ਲਈ ਆਪਣੀ ਭੂਮਿਕਾ ਨਿਭਾਉਣ ਅਤੇ ਜਾਗਰੂਕਤਾ ਗਤੀਵਿਧੀਆਂ ਨੂੰ ਪਿੰਡਾਂ ਅਤੇ ਭਾਈਚਾਰਿਆਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਨਿਕਸ਼ੈ ਮਿੱਤਰਾਂ ਅਤੇ ਟੀ.ਬੀ. ਚੈਂਪੀਅਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਗਈ।







