ਵਾਸ਼ਿੰਗਟਨ, 12 ਅਗਸਤ 2026 (ਜਗਦੇਵ ਸਿੰਘ ਢਿੱਲੋਂ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਪਿਛਲੇ ਮਹੀਨੇ ਤੁਰਕੀ ਦੌਰੇ ਦੌਰਾਨ ਸੁਰੱਖਿਆ ਖ਼ਤਰੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਗੁਪਤ ਤਰੀਕੇ ਨਾਲ ਆਪਣਾ ਜਹਾਜ਼ ਬਦਲਣਾ ਪਿਆ ਸੀ। ਟਰੰਪ ਮੁਤਾਬਕ ਇਹ ਫੈਸਲਾ ਅਮਰੀਕੀ ਸੀਕ੍ਰੇਟ ਸਰਵਿਸ ਦੀ ਹਦਾਇਤ ’ਤੇ ਲਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਏਅਰ ਫੋਰਸ ਵਨ ਦੀ ਬਜਾਏ ਇੱਕ ਹੋਰ ਜਹਾਜ਼ ਰਾਹੀਂ ਤੁਰਕੀ ਤੋਂ ਰਵਾਨਾ ਕੀਤਾ ਗਿਆ।
ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਜਿਸ ਜਹਾਜ਼ ’ਤੇ ਉਹ ਆਖ਼ਰਕਾਰ ਸਵਾਰ ਹੋਏ, ਉਹ ਏਅਰ ਫੋਰਸ ਵਨ ਦੇ ਮੁਕਾਬਲੇ ਜ਼ਿਆਦਾ ਅਸੁਰੱਖਿਅਤ ਸੀ। ਇਸ ਦੇ ਬਾਵਜੂਦ ਸੁਰੱਖਿਆ ਕਾਰਨਾਂ ਕਰਕੇ ਜਹਾਜ਼ ਬਦਲਣ ਦਾ ਫੈਸਲਾ ਕੀਤਾ ਗਿਆ। ਇਹ ਘਟਨਾ ਪਿਛਲੇ ਮਹੀਨੇ ਤੁਰਕੀ ਵਿੱਚ ਹੋਏ ਨਾਟੋ ਸੰਮੇਲਨ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਉਸ ਸਮੇਂ ਈਰਾਨ ਨਾਲ ਜੁੜੇ ਸੰਭਾਵਿਤ ਖ਼ਤਰੇ ਨੂੰ ਲੈ ਕੇ ਅਮਰੀਕੀ ਸੁਰੱਖਿਆ ਏਜੰਸੀਆਂ ਵੱਲੋਂ ਵਾਧੂ ਸਾਵਧਾਨੀ ਵਰਤੀ ਗਈ ਸੀ। ਟਰੰਪ ਦੇ ਇਸ ਦਾਅਵੇ ਤੋਂ ਬਾਅਦ ਉਨ੍ਹਾਂ ਦੀ ਵਿਦੇਸ਼ ਯਾਤਰਾ ਦੌਰਾਨ ਸੁਰੱਖਿਆ ਪ੍ਰਬੰਧਾਂ ਅਤੇ ਸੰਭਾਵਿਤ ਖ਼ਤਰਿਆਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।
