Home Lifestyle ਕੌਮ ਦੀ ਮੰਝਧਾਰ ਵਿਚ ਡਿੱਕ ਡੋਲੇ ਖਾਂਦੀ ਬੇੜੀ ਨੂੰ ਕਿਨਾਰੇ ਤੇ ਲਗਾਉਣ...

ਕੌਮ ਦੀ ਮੰਝਧਾਰ ਵਿਚ ਡਿੱਕ ਡੋਲੇ ਖਾਂਦੀ ਬੇੜੀ ਨੂੰ ਕਿਨਾਰੇ ਤੇ ਲਗਾਉਣ ਲਈ, ਸਮੁੱਚੀ ਪੰਥਕ ਏਕਤਾ ਅਤਿ ਜ਼ਰੂਰੀ 

Strong Panthic unity is vital to help the community navigate current challenges and move safely toward a better future.

0
ਅਸੀ ਸਭ ਸਿੱਖ ਸੰਗਠਨ, ਜਮਾਤਾਂ, ਸਿਆਸੀ ਪਾਰਟੀਆਂ ਬੀਤੇ ਲੰਮੇ ਸਮੇ ਤੋ ਕੌਮ ਨੂੰ ਦਰਪੇਸ ਆ ਰਹੇ ਗੰਭੀਰ ਮਸਲਿਆ ਨੂੰ ਹੱਲ ਕਰਨ ਅਤੇ ਇਨਸਾਫ਼ ਪ੍ਰਾਪਤ ਕਰਨ ਲਈ ਆਪੋ ਆਪਣੇ ਢੰਗਾਂ ਰਾਹੀ ਜੂਝ ਰਹੇ ਹਾਂ । ਇਸ ਦੌਰਾਨ ਕੌਮ ਦੀ ਨੌਜਵਾਨੀ, ਬੋਧਿਕ ਸ਼ਕਤੀ, ਧਾਰਮਿਕ ਤੇ ਸਿਆਸੀ ਸ਼ਕਤੀ, ਕੌਮੀ ਸਾਧਨਾਂ ਦੇ ਨਾਲ-ਨਾਲ ਲੱਖਾਂ ਦੀ ਗਿਣਤੀ ਵਿਚ ਮਨੁੱਖੀ ਜਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ । ਇਥੋ ਤੱਕ ਸਾਡੇ ਵਿਲੱਖਣ ਮਹਾਨ ਸਰਬੱਤ ਦੇ ਭਲੇ ਵਾਲੀ ਸੋਚ, ਵਿਰਸੇ-ਵਿਰਾਸਤ ਅਤੇ ਅਮੀਰ ਸੱਭਿਆਚਾਰ ਨੂੰ ਨੁਕਸਾਨ ਪਹੁੰਚਾਉਣ ਵਿਚ ਹਿੰਦੂਤਵ ਤਾਕਤਾਂ ਕਾਮਯਾਬ ਹੋਈਆ ਹਨ । ਸਾਡੇ ਸੂਬੇ ਦੇ ਸਾਧਨਾਂ ਬਿਜਲੀ-ਪਾਣੀ ਅਤੇ ਇਲਾਕਿਆ ਨੂੰ ਗੈਰ ਕਾਨੂੰਨੀ ਤੌਰ ਤੇ ਲੁੱਟਿਆ ਗਿਆ ਹੈ । ਸਾਡੀ ਨੌਜਵਾਨੀ ਨੂੰ 30-30 ਸਾਲਾਂ ਤੋ ਜੇਲ੍ਹਾਂ ਵਿਚ ਬੰਦੀ ਬਣਾਕੇ ਰੱਖਿਆ ਹੋਇਆ ਹੈ । ਸਾਡੀ ਪੰਜਾਬ ਦੀ ਡੈਮੋਗ੍ਰਾਫੀ ਨੂੰ ਨੁਕਸਾਨ ਪਹੁੰਚਾਉਣ ਹਿੱਤ ਪ੍ਰਵਾਸੀਆ ਨੂੰ ਪੰਜਾਬ ਵਿਚ ਰਾਸਨ ਕਾਰਡ, ਵੋਟਰ ਕਾਰਡ, ਨੌਕਰੀਆਂ ਵਿਚ ਸਥਾਨ ਦੇਣ ਦੇ ਵੱਡੇ ਅਮਲ ਹੋ ਰਹੇ ਹਨ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕਰਕੇ ਅਪਮਾਨਿਤ ਕਰਨ ਦੀਆ ਸਾਜਿਸਾਂ ਹੋ ਰਹੀਆ ਹਨ । ਇਸਦੀ ਰੋਕਥਾਮ ਲਈ ਸਾਡੀ ਮੁੱਖ ਸੰਸਥਾਂ ਐਸ.ਜੀ.ਪੀ.ਸੀ ਅਤੇ ਹੋਰ ਸੰਸਥਾਵਾਂ ਵੱਲੋ ਕੋਈ ਅਸਰਦਾਰ ਅਮਲ ਨਹੀ ਹੋਇਆ । ਸਿੱਖ ਨੌਜਵਾਨੀ ਨੂੰ ਸਿੱਖੀ ਧੂਰੇ ਤੋ ਦੂਰ ਕਰਨ ਲਈ ਸੈਂਟਰ ਦੇ ਖਜਾਨੇ ਵਿਚੋ ਅਰਬਾਂ ਰੁਪਏ ਖਰਚੇ ਜਾ ਰਹੇ ਹਨ । ਕਹਿਣ ਤੋ ਭਾਵ ਹੈ ਕਿ ਜਦੋ ਪੰਜਾਬ ਸੂਬੇ ਨੂੰ ਮਾਲੀ, ਧਾਰਮਿਕ, ਵਿਦਿਅਕ, ਇਖਲਾਕੀ, ਸਮਾਜਿਕ ਅਤੇ ਭੂਗੋਲਿਕ ਤੌਰ ਤੇ ਕੰਮਜੋਰ ਕਰਨ ਹਿੱਤ, ਘਸਿਆਰਾ ਬਣਾਉਣ ਲਈ ਸਾਜਿਸਾਂ ਹੋ ਰਹੀਆ ਹਨ । ਜੇਕਰ ਅਜਿਹੇ ਹਾਲਾਤਾਂ ਵਿਚ ਸਮੁੱਚੀ ਸਿੱਖ ਲੀਡਰਸਿਪ ਪੰਥ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਸੁਹਿਰਦਤਾ ਨਾਲ ਇਕ ਪਲਟੇਫਾਰਮ ਤੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਇਮਾਨਦਾਰੀ ਨਹੀ ਰੱਖੇਗੀ, ਫਿਰ ਪੰਜਾਬੀ ਅਤੇ ਸਿੱਖ ਕੌਮ ਦੇ ‘ਅੱਛੇ ਦਿਨਾਂ’ ਤੇ ਸਰਬੱਤ ਦੇ ਭਲੇ ਵਾਲੀ ਸਾਂਝੀ ਸਰਕਾਰ ਕਾਇਮ ਕਰਨ ਬਾਰੇ ਕਿਵੇ ਸੋਚਿਆ ਜਾ ਸਕਦਾ ਹੈ ?”
ਖਾਲਸਾ ਪੰਥ ਤੇ ਪੰਜਾਬ ਦੇ ਹਾਲਾਤਾਂ ਉਤੇ ਇਕ ਸਮਿਖਿਆ ਤੇ ਪੜਚੋਲ ਕਰਦੇ ਹੋਏ ਸਮੁੱਚੀ ਸਿੱਖ ਲੀਡਰਸਿਪ ਅਤੇ ਪੰਜਾਬੀਆਂ ਨੂੰ ਸੂਬੇ ਦੇ ਅਤੇ ਸਿੱਖ ਕੌਮ ਦੇ ਵੱਡੇਰੇ ਹਿੱਤਾ ਲਈ ਹਰ ਤਰ੍ਹਾਂ ਦੀ ਹਊਮੈ ਨੂੰ ਤਿਆਗ ਕੇ ਇਕ ਪਲੇਟਫਾਰਮ ਤੇ ਇਕੱਤਰ ਹੋਣ ਅਤੇ ਅਗਲੀਆ 2027 ਦੀਆਂ ਆ ਰਹੀਆ ਵਿਧਾਨ ਸਭਾ ਚੋਣਾਂ ਵਿਚ ਸੂਬੇ ਅਤੇ ਪੰਥ ਵਿਰੋਧੀ ਦੁਸਮਣ ਤਾਕਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਵਿਰੁੱਧ ਖਾਲਸਾ ਪੰਥ ਵੱਲੋ ਇਕ ਉਮੀਦਵਾਰ ਹੋਣਾ ਚਾਹੀਦਾ ਹੈ । ਸਭ ਕੌਮੀ ਤੇ ਪੰਜਾਬ ਦੀਆਂ ਮੁਸਕਿਲਾਂ ਦਾ ਇਕੋ ਇਕ ਫੌਰੀ ਹੱਲ ਹੈ ਕਿ ਸਿੱਖ ਕੌਮ ਨਾਲ ਸੰਬੰਧਤ ਸਭ ਸਿਆਸੀ, ਧਾਰਮਿਕ ਤੇ ਸਮਾਜਿਕ ਜਮਾਤਾਂ ਤੇ ਸੰਗਠਨ ਆਪਣੇ ਆਪ ਨੂੰ ਗਲਤ ਅੰਦਾਜਿਆ ਵਿਚ ਗ੍ਰਸਤ ਕਰਨ ਦੀ ਬਜਾਇ ਸੰਜੀਦਗੀ ਨਾਲ ਸਮੁੱਚੀ ਸਿੱਖ ਲੀਡਰਸਿਪ ਇਕ ਸਾਂਝੀ ਮੀਟਿੰਗ ਰੱਖਕੇ ਪੰਜਾਬ ਵਿਧਾਨ ਸਭਾ ਦੇ 117 ਹਲਕਿਆ ਲਈ ਉਨ੍ਹਾਂ ਸੁਹਿਰਦ ਪੰਜਾਬ ਅਤੇ ਕੌਮਪ੍ਰਸਤ ਉਮੀਦਵਾਰਾਂ ਉਤੇ ਸਹਿਮਤੀ ਕਰਨ, ਜੋ ਅਸਲੀਅਤ ਵਿਚ ਆਪੋ ਆਪਣੇ ਹਲਕਿਆ ਵਿਚ ਚੋਖਾ ਸਤਿਕਾਰ ਤੇ ਆਧਾਰ ਰੱਖਦੇ ਹੋਣ ਅਤੇ ਉਨ੍ਹਾਂ ਕੋਲ ਚੋਣਾਂ ਲੜਨ ਲਈ ਲੋੜੀਂਦੇ ਵਿੱਤੀ ਤੇ ਹੋਰ ਸਾਧਨ ਹੋਣ । ਜੇਕਰ ਸਮੁੱਚੇ ਪੰਥਕ ਸੰਗਠਨ ਅਤੇ ਸਿੱਖ ਲੀਡਰਸਿਪ 117 ਚੋਣ ਹਲਕਿਆ ਵਿਚ ਇਕ ਉਮੀਦਵਾਰ ਦੇਣ ਦੇ ਮਕਸਦ ਦੀ ਪ੍ਰਾਪਤੀ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ, ਤਾਂ ਦੁਨੀਆ ਦੀ ਕੋਈ ਵੀ ਵੱਡੇ ਤੋ ਵੱਡੀ ਤਾਕਤ ਪੰਜਾਬ ਵਿਚ ਸਰਬਸਾਂਝੀ ਪੰਥਕ ਸਰਕਾਰ ਕਾਇਮ ਹੋਣ ਤੋ ਨਹੀ ਰੋਕ ਸਕੇਗੀ । ਜੇਕਰ ਕੋਈ ਵੀ ਪੰਥਕ ਸੰਗਠਨ ਜਾਂ ਆਗੂ ਆਪਣੀ ਦੁਨਿਆਵੀ ਹਊਮੈ ਵਿਚ ਆ ਕੇ ਸੀਟਾਂ ਦੇ ਲੈਣ ਦੇਣ ਦੇ ਹੋਣ ਵਾਲੇ ਸਮੂਹਿਕ ਸਮਝੌਤੇ ਦੇ ਮਕਸਦ ਨੂੰ ਪ੍ਰਾਪਤ ਕਰਨ ਵਿਚ ਰੁਕਾਵਟ ਖੜ੍ਹੀ ਕਰਦਾ ਹੈ, ਜਾਂ ਆਪਣੀ ਅਜਾਰੇਦਾਰੀ ਵਾਲੀ ਸੋਚ ਤੇ ਅਮਲ ਕਰਦਾ ਹੈ, ਤਾਂ ਅਜਿਹਾ ਸੰਗਠਨ ਜਾਂ ਆਗੂ ਦੂਸਰੇ ਸੰਗਠਨਾਂ ਨਾਲੋ 500-700 ਵੱਧ ਵੋਟ ਤਾਂ ਲੈ ਸਕਦਾ ਹੈ, ਪਰ ਜਿੱਤ ਨੂੰ ਉਹ ਕਦੀ ਵੀ ਪ੍ਰਾਪਤ ਨਹੀ ਕਰ ਸਕੇਗਾ । ਭਾਵੇ ਅਜਿਹਾ ਗਰੁੱਪ ਵਾਰਿਸ ਪੰਜਾਬ ਅਕਾਲੀ ਦਲ ਦਾ ਹੋਵੇ, ਭਾਵੇ ਅੰਮ੍ਰਿਤਸਰ ਦਲ ਦਾ ਹੋਵੇ, ਭਾਵੇ ਗਿਆਨੀ ਹਰਪ੍ਰੀਤ ਸਿੰਘ ਦਾ ਦਲ ਹੋਵੇ ਜਾਂ ਬਾਦਲ ਦਲੀਏ ਹੋਣ ਸਭ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਣ ਦਾ ਮਾਹੌਲ ਪੈਦਾ ਕਰਨ ਲਈ ਇਹ ਲੀਡਰਸਿਪ ਖੁਦ ਜਿੰਮੇਵਾਰ ਹੋਵੇਗੀ । ਕੋਈ ਵੀ ਧਿਰ ਜਾਂ ਆਗੂ ਇਸ ਭੁਲੇਖੇ ਵਿਚ ਨਾ ਰਹੇ ਕਿ ਸਾਡੀ ਸਿੱਖ ਕੌਮ ਵਿਚ ਵੱਡੀ ਗੱਲ ਹੈ, ਦੂਸਰੇ ਦੀ ਘੱਟ ਹੈ । ਸਮੂਹਿਕ ਤੌਰ ਤੇ ਲੜਨ ਨਾਲ ਹੀ ਫਤਹਿ ਪ੍ਰਾਪਤ ਹੋਵੇਗੀ ਵਰਨਾ ਨਮੋਸੀਜਨਕ ਹਾਰ ਦਾ ਸਾਹਮਣਾ ਕਰਨਾ ਪਵੇਗਾ । ਅਜਿਹੇ ਆਗੂ ਖੁਦ ਹੀ ਦੁਸਮਣ ਤਾਕਤਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਸਭਿਅਤਾ, ਸੂਬੇ ਲਈ ‘ਆ ਬੈਲ ਮੁਝੇ ਮਾਰ’ ਨੂੰ ਸੱਦਾ ਦੇ ਰਹੇ ਹੋਣਗੇ । ਉਪਰੰਤ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੀ ਹੋਣ ਵਾਲੀ ਦੁਰਦਸਾ ਲਈ ਇਹ ਸਭ ਸੰਗਠਨ ਤੇ ਆਗੂ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ । ਇਸ ਲਈ ਬਿਨ੍ਹਾਂ ਦੇਰੀ ਕੀਤਿਆ ਸਮਾਂ ਗੁਆਏ ਬਿਨ੍ਹਾਂ ਸਭ ਸੰਗਠਨਾਂ ਤੇ ਆਗੂਆ ਨੂੰ ਚਾਹੀਦਾ ਹੈ ਕਿ ‘ਮੈ ਨ ਮਾਨੂ’ ਦੀ ਰਟ ਨੂੰ ਅਲਵਿਦਾ ਕਹਿਕੇ ਪੰਥ ਤੇ ਪੰਜਾਬ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਸੰਜੀਦਗੀ ਅਤੇ ਦ੍ਰਿੜਤਾ ਨਾਲ ਪੰਥਕ ਏਕਤਾ ਨੂੰ ਸਿਰੇ ਚਾੜਨ ਵਿਚ ਯੋਗਦਾਨ ਪਾਉਣ ਅਤੇ ਆਪਣੇ ਉਤੇ ਲੱਗਣ ਵਾਲੇ ਬਜਰ ਦੋਸ਼ਾਂ ਤੋ ਮੁਕਤ ਹੋਣ ਦੀ ਜਿੰਮੇਵਾਰੀ ਨਿਭਾਉਣ । ਅਜਿਹਾ ਅਮਲ ਕਰਕੇ ਹੀ ਉਹ ਖੁਦ ਆਪਣੀ ਆਤਮਾ, ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਸਹੀ ਦਿਸ਼ਾ ਵੱਲ ਇਨਸਾਫ਼ ਕਰ ਰਹੇ ਹੋਣਗੇ ।

Exit mobile version