ਮੁੰਬਈ, 24 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ਦੇ ਵਾਹਨ ‘ਤੇ ਹੋਈ ਫਾਇਰਿੰਗ ਦੀ ਵਾਰਦਾਤ ਵਿੱਚ ਪੁਲਿਸ ਪੁੱਛਗਿੱਛ ਦੌਰਾਨ ਇੱਕ ਵੱਡਾ ਖੁਲਾਸਾ ਹੋਇਆ ਹੈ। ਮੁੰਬਈ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ੂਟਰ ਫੂਲ ਸਿੰਘ ਨੇ ਪੁੱਛਗਿੱਛ ਦੌਰਾਨ ਦਾਅਵਾ ਕੀਤਾ ਹੈ ਕਿ ਮੁੱਖ ਸਾਜ਼ਿਸ਼ਕਰਤਾ ਅਨਿਲ ਪੰਡਿਤ ਨੇ ਟਾਈਗਰ ਸ਼ਰਾਫ਼ ਵੱਲੋਂ ਸਲਮਾਨ ਖ਼ਾਨ ਦੀ ਤਾਰੀਫ਼ ਵਿੱਚ ਦਿੱਤੇ ਬਿਆਨ ਕਾਰਨ ਉਸ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਸੀ।
ਕੀ ਸੀ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ ਸਾਲ 2022 ਵਿੱਚ ਫ਼ਿਲਮ ‘ਹੀਰੋਪੰਤੀ 2’ ਦੀ ਪ੍ਰਮੋਸ਼ਨ ਦੌਰਾਨ ਟਾਈਗਰ ਸ਼ਰਾਫ਼ ਨੇ ਸਲਮਾਨ ਖ਼ਾਨ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ “ਬਾਲੀਵੁੱਡ ਵਿੱਚ ਅਸਲ ਟਾਈਗਰ ਸਲਮਾਨ ਖ਼ਾਨ ਹਨ ਅਤੇ ਉਨ੍ਹਾਂ ਦੇ ਅੱਗੇ ਉਹ ਖੁਦ ਨੂੰ ਇੱਕ ਬਿੱਲੀ ਸਮਝਦੇ ਹਨ।” ਪੁਲਿਸ ਸੂਤਰਾਂ ਅਨੁਸਾਰ, ਅਮਰੀਕਾ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਗੈਂਗ ਦੇ ਕਥਿਤ ਆਪ੍ਰੇਟਿਵ ਅਨਿਲ ਪੰਡਿਤ ਨੇ ਇਸੇ ਬਿਆਨ ਦੀ ਰੰਜਿਸ਼ ਤਹਿਤ ਹਮਲੇ ਦੀ ਯੋਜਨਾ ਬਣਾਈ ਸੀ। ਫਿਲਹਾਲ ਮੁੰਬਈ ਪੁਲਿਸ ਸ਼ੂਟਰ ਵੱਲੋਂ ਕੀਤੇ ਗਏ ਇਨ੍ਹਾਂ ਦਾਅਵਿਆਂ ਦੀ ਸੱਚਾਈ ਅਤੇ ਗੈਂਗਸਟਰਾਂ ਦੀ ਭੂਮਿਕਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।






