ਪੰਜਾਬ, 4 ਸਤੰਬਰ, 2026 (ਗੁਰਮੀਤ ਸਿੰਘ ਤੁੰਗ): ਦਫ਼ਤਰ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਸੂਤਰਾਂ ਅਨੁਸਾਰ, 13 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਗਈਆਂ ਵੋਟਰ ਸੂਚੀਆਂ ਅੰਤਿਮ ਨਹੀਂ ਸਨ, ਸਗੋਂ ਇਹ ਖਰੜਾ ਵੋਟਰ ਸੂਚੀਆਂ (Draft Electoral Rolls) ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸਾਹਮਣੇ ਆਏ ਮਾਮਲੇ ਦੀ ਜਾਂਚ ਕੀਤੀ ਜਾ ਚੁੱਕੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਯੋਗ ਵੋਟਰਾਂ ਨਾਲ ਸਬੰਧਤ ਲੋੜੀਂਦੇ ਇੰਦਰਾਜ਼, ਸੋਧਾਂ ਅਤੇ ਹੋਰ ਤਬਦੀਲੀਆਂ ਪੰਜਾਬ ਰਾਜ ਲਈ 12 ਅਕਤੂਬਰ ਨੂੰ ਪ੍ਰਕਾਸ਼ਿਤ ਹੋਣ ਵਾਲੀ ਅੰਤਿਮ ਵੋਟਰ ਸੂਚੀ (Final Electoral Roll) ਵਿੱਚ ਦਰਜ ਕੀਤੀਆਂ ਜਾਣਗੀਆਂ। ਚੋਣ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਖਰੜਾ ਵੋਟਰ ਸੂਚੀ ਜਾਰੀ ਕਰਨ ਦਾ ਮੁੱਖ ਉਦੇਸ਼ ਵੋਟਰਾਂ ਨੂੰ ਸੂਚੀ ਦੀ ਜਾਂਚ ਕਰਨ ਅਤੇ ਨਿਰਧਾਰਤ ਪ੍ਰਕਿਰਿਆ ਤਹਿਤ ਲੋੜੀਂਦੇ ਦਾਅਵੇ ਜਾਂ ਇਤਰਾਜ਼ ਦਰਜ ਕਰਵਾਉਣ ਦਾ ਮੌਕਾ ਦੇਣਾ ਹੁੰਦਾ ਹੈ। ਅਧਿਕਾਰੀਆਂ ਮੁਤਾਬਕ ਅੰਤਿਮ ਵੋਟਰ ਸੂਚੀ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਪ੍ਰਮਾਣਿਤ ਇੰਦਰਾਜ਼ ਹੀ ਸ਼ਾਮਲ ਕੀਤੇ ਜਾਣਗੇ। ਇਸ ਲਈ 13 ਅਗਸਤ ਨੂੰ ਜਾਰੀ ਕੀਤੀ ਗਈ ਸੂਚੀ ਨੂੰ ਅੰਤਿਮ ਸੂਚੀ ਨਾ ਸਮਝਿਆ ਜਾਵੇ ਅਤੇ ਵੋਟਰ ਆਪਣੇ ਵੇਰਵਿਆਂ ਦੀ ਜਾਂਚ ਕਰਕੇ ਲੋੜ ਪੈਣ ’ਤੇ ਨਿਰਧਾਰਤ ਸਮੇਂ ਅੰਦਰ ਦਾਅਵਾ ਜਾਂ ਇਤਰਾਜ਼ ਦਰਜ ਕਰਵਾਉਣ।







