Home ਪੰਜਾਬ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮਾਜ ਨੂੰ ਬਰਾਬਰੀ, ਸਦਭਾਵਨਾ ਅਤੇ ਮਨੁੱਖਤਾ ਦੀ...

ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮਾਜ ਨੂੰ ਬਰਾਬਰੀ, ਸਦਭਾਵਨਾ ਅਤੇ ਮਨੁੱਖਤਾ ਦੀ ਸੇਵਾ ਦਾ ਰਾਹ ਦਿਖਾਉਂਦੀਆਂ ਹਨ: ਬਰਿੰਦਰ ਕੁਮਾਰ ਗੋਇਲ

Cabinet Minister Barinder Kumar Goyal highlighted that the teachings of Bhagwan Valmiki Ji inspire society to uphold equality, social harmony and selfless service to humanity.

0
ਲਹਿਰਾਗਾਗਾ/ ਮੂਨਕ/ ਖਨੌਰੀ, 26 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਪਿੰਡ ਨਵਾਂਗਾਓਂ, ਅਨਦਾਨਾ, ਬਨਾਰਸੀ, ਖਨੌਰੀ ਖੁਰਦ, ਕਰੌਂਦਾ ਅਤੇ ਠਸਕਾ ਵਿਖੇ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਹਾਜ਼ਰੀ ਲਗਵਾਈ। ਉਨ੍ਹਾਂ ਸੰਗਤ ਨੂੰ ਇਸ ਪਾਵਨ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਅਤੇ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਜੀਵਨ ਦਰਸ਼ਨ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਦੀ ਮਹਾਨ ਰਚਨਾ ‘ਰਾਮਾਇਣ’ ਸਾਨੂੰ ਸੱਚ, ਨੈਤਿਕਤਾ, ਫ਼ਰਜ਼ ਅਤੇ ਆਦਰਸ਼ ਜੀਵਨ ਦੀ ਮਹੱਤਤਾ ਸਮਝਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਾਵਨ ਦਿਹਾੜੇ ਸਾਨੂੰ ਆਪਣੇ ਅੰਦਰ ਝਾਤ ਮਾਰਨ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੋਰ ਸੁਚੱਜੇ ਢੰਗ ਨਾਲ ਨਿਭਾਉਣ ਦੀ ਪ੍ਰੇਰਨਾ ਦਿੰਦੇ ਹਨ।
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਪ੍ਰਤੀ ਸੱਚੀ ਸ਼ਰਧਾ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਲੋੜਵੰਦਾਂ ਦੀ ਮਦਦ ਕਰਨ, ਹਰੇਕ ਵਿਅਕਤੀ ਦਾ ਸਤਿਕਾਰ ਕਰਨ ਅਤੇ ਵਿਤਕਰਿਆਂ ਤੋਂ ਉੱਪਰ ਉੱਠ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਵਿੱਚ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਸਮਾਗਮਾਂ ਰਾਹੀਂ ਮਿਲਦੇ ਮਨੁੱਖਤਾ ਅਤੇ ਸਦਭਾਵਨਾ ਦੇ ਸੁਨੇਹੇ ਨੂੰ ਆਪਣੇ ਪਰਿਵਾਰਾਂ ਅਤੇ ਸਮਾਜ ਤੱਕ ਪਹੁੰਚਾਉਣ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਮਹਾਨ ਰਹਿਬਰਾਂ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਨਵੀਂ ਪੀੜ੍ਹੀ ਨੂੰ ਚੰਗੀ ਸਿੱਖਿਆ, ਮਿਹਨਤ ਅਤੇ ਉਸਾਰੂ ਸੋਚ ਵੱਲ ਪ੍ਰੇਰਿਤ ਕਰ ਕੇ ਹੀ ਇੱਕ ਸੁਚੇਤ ਅਤੇ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਮਾਪਿਆਂ ਨੂੰ ਬੱਚਿਆਂ ਅੰਦਰ ਸੇਵਾ ਭਾਵਨਾ, ਅਨੁਸ਼ਾਸਨ ਅਤੇ ਵੱਡਿਆਂ ਦਾ ਸਤਿਕਾਰ ਕਰਨ ਵਰਗੇ ਗੁਣ ਪੈਦਾ ਕਰਨ ਦਾ ਸੱਦਾ ਦਿੱਤਾ।
ਕੈਬਨਿਟ ਮੰਤਰੀ ਨੇ ਵੱਖ-ਵੱਖ ਪਿੰਡਾਂ ਵਿੱਚ ਪ੍ਰਗਟ ਦਿਵਸ ਸਮਾਗਮ ਕਰਵਾਉਣ ਵਾਲੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਲੋਕਾਂ ਨੂੰ ਇਕੱਠੇ ਬੈਠਣ ਅਤੇ ਆਪਣੀ ਅਮੀਰ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਆਪਸੀ ਸਤਿਕਾਰ ਅਤੇ ਸਾਂਝ ਦੀ ਇਹ ਭਾਵਨਾ ਹੀ ਸਮਾਜ ਦੀ ਅਸਲ ਤਾਕਤ ਹੈ। ਇਸ ਦੌਰਾਨ ਕੈਬਨਿਟ ਮੰਤਰੀ ਦੇ ਪੁੱਤਰ ਗੌਰਵ ਗੋਇਲ, ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸੀਮਾ ਗੋਇਲ ਅਤੇ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਨੇ ਵੀ ਅੜਕਵਾਸ, ਭਾਈ ਕੀ ਪਿਸ਼ੌਰ, ਰਾਏਧਰਾਣਾ ਅਤੇ ਬਖੋਰਾ ਕਲਾਂ ਸਮੇਤ ਵਿਧਾਨ ਸਭਾ ਹਲਕਾ ਲਹਿਰਾ ਦੇ ਵੱਖ-ਵੱਖ ਸਥਾਨਾਂ ’ਤੇ ਕਰਵਾਏ ਗਏ ਪ੍ਰਗਟ ਦਿਵਸ ਸਮਾਗਮਾਂ ਵਿੱਚ ਹਾਜ਼ਰੀ ਲਗਵਾਈ ਅਤੇ ਸੰਗਤ ਨਾਲ ਇਸ ਪਾਵਨ ਦਿਹਾੜੇ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ।

Exit mobile version