Home ਪੰਜਾਬ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 18.09 ਕਰੋੜ ਰੁਪਏ ਦੇ ਸੜਕੀ ਅਤੇ...

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 18.09 ਕਰੋੜ ਰੁਪਏ ਦੇ ਸੜਕੀ ਅਤੇ ਪੁਲ ਪ੍ਰਾਜੈਕਟਾਂ ਦਾ ਉਦਘਾਟਨ

Punjab Cabinet Minister Harpal Singh Cheema inaugurates road and bridge development projects worth ₹18.09 crore to strengthen connectivity and improve transportation infrastructure.

0
ਦਿੜ੍ਹਬਾ, 26 ਅਕਤੂਬਰ, 2026 (ਛਤਰਪਾਲ ਸਿੰਘ ) : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਮੁਨਸ਼ੀਵਾਲਾ ਸਮੇਤ ਹਲਕੇ ਦੀਆਂ ਵੱਖ-ਵੱਖ ਥਾਵਾਂ ਵਿਖੇ 18.09 ਕਰੋੜ ਰੁਪਏ ਦੀ ਲਾਗਤ ਵਾਲੇ ਸੱਤ ਸੜਕੀ ਪ੍ਰਾਜੈਕਟਾਂ ਅਤੇ ਇੱਕ ਉੱਚ ਪੱਧਰੀ ਪੁਲ ਦਾ ਉਦਘਾਟਨ ਕਰ ਕੇ ਇਲਾਕਾ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ। ਕੁੱਲ 23.90 ਕਿਲੋਮੀਟਰ ਲੰਬਾਈ ਦੀਆਂ ਇਨ੍ਹਾਂ ਸੜਕਾਂ ਅਤੇ ਪੁਲ ਨਾਲ ਹਲਕਾ ਦਿੜ੍ਹਬਾ ਦੀ ਸੜਕੀ ਸੰਪਰਕ ਵਿਵਸਥਾ ਨੂੰ ਮਜ਼ਬੂਤੀ ਮਿਲੇਗੀ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਨੂੰ ਮਿਆਰੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੇਂਡੂ ਸੜਕਾਂ ਦਾ ਮਜ਼ਬੂਤ ਜਾਲ ਕਿਸਾਨਾਂ, ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਲਈ ਅਹਿਮ ਸਹੂਲਤ ਹੈ। ਬਿਹਤਰ ਸੜਕੀ ਸੰਪਰਕ ਨਾਲ ਲੋਕਾਂ ਦੀ ਮੰਡੀਆਂ, ਸਕੂਲਾਂ, ਹਸਪਤਾਲਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਸੁਖਾਲੀ ਹੁੰਦੀ ਹੈ।
ਪ੍ਰਾਜੈਕਟਾਂ ਦੇ ਵੇਰਵੇ ਸਾਂਝੇ ਕਰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਸਮੂਰਾਂ ਤੋਂ ਸਿਹਾਲ ਤੱਕ ਫਿਰਨੀ ਸਮੇਤ 4.10 ਕਿਲੋਮੀਟਰ ਲੰਬੀ ਸੜਕ ਨੂੰ ਅਪਗ੍ਰੇਡ ਕਰਨ ਦੇ ਪ੍ਰਾਜੈਕਟ ਦੀ ਲਾਗਤ 4 ਕਰੋੜ 69 ਲੱਖ 47 ਹਜ਼ਾਰ ਰੁਪਏ ਹੈ। ਸਫ਼ੀਪੁਰ ਖੁਰਦ ਤੋਂ ਸਮੂਰਾਂ–ਸਿਹਾਲ 1.65 ਕਿਲੋਮੀਟਰ ਲੰਬੀ ਸੜਕ ਪ੍ਰੋਜੈਕਟ ਦੀ ਲਾਗਤ 72 ਲੱਖ 67 ਹਜ਼ਾਰ ਰੁਪਏ ਅਤੇ ਸਮੂਰਾਂ ਤੋਂ ਮੁਨਸ਼ੀਵਾਲਾ ਤੱਕ 1.65 ਕਿਲੋਮੀਟਰ ਲੰਬੀ ਸੜਕ ਦੀ ਉਸਾਰੀ ਦੀ ਲਾਗਤ 72 ਲੱਖ 67 ਹਜ਼ਾਰ ਰੁਪਏ ਹੈ। ਇਸੇ ਤਰ੍ਹਾਂ ਮੁਨਸ਼ੀਵਾਲਾ ਤੋਂ ਧਰਮਗੜ੍ਹ ਛੰਨਾ ਤੱਕ 3 ਕਿਲੋਮੀਟਰ ਲੰਬੀ ਸੜਕ ਦਾ ਪ੍ਰਾਜੈਕਟ 1 ਕਰੋੜ 32 ਲੱਖ 40 ਹਜ਼ਾਰ ਰੁਪਏ ਦਾ ਹੈ। ਉਨ੍ਹਾਂ ਦੱਸਿਆ ਕਿ ਉਦਘਾਟਨ ਕੀਤੇ ਪ੍ਰਾਜੈਕਟਾਂ ਵਿੱਚ ਸਿਹਾਲ ਵਿਖੇ ਜ਼ਿਲ੍ਹਾ ਹੱਦ ਤੋਂ ਬਾਹਮਣਮਾਜਰਾ ਤੱਕ 44 ਲੱਖ 3 ਹਜ਼ਾਰ ਰੁਪਏ ਦੀ ਲਾਗਤ ਵਾਲੀ 1 ਕਿਲੋਮੀਟਰ ਲੰਬੀ ਸੜਕ ਅਤੇ ਸਫ਼ੀਪੁਰ ਕਲਾਂ ਤੋਂ ਸਿਹਾਲ ਹੁੰਦੇ ਹੋਏ ਖੇੜੀ ਨਾਗਿਆਂ ਤੱਕ 2 ਕਰੋੜ 45 ਲੱਖ 70 ਹਜ਼ਾਰ ਰੁਪਏ ਦੀ ਲਾਗਤ ਵਾਲੀ 5 ਕਿਲੋਮੀਟਰ ਲੰਬੀ ਸੜਕ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸਮੂਰਾਂ–ਸਿਹਾਲ ਸੜਕ ਤੋਂ ਕੜੈਲ ਅਤੇ ਮੁਨਸ਼ੀਵਾਲਾ ਰਾਹੀਂ ਦਿੜ੍ਹਬਾ ਤੱਕ 7.50 ਕਿਲੋਮੀਟਰ ਲੰਬੇ ਸੜਕੀ ਮਾਰਗ ਨੂੰ ਚੌੜਾ ਕਰਨ ਦਾ ਪ੍ਰਾਜੈਕਟ 5 ਕਰੋੜ 90 ਲੱਖ 63 ਹਜ਼ਾਰ ਰੁਪਏ ਦਾ ਹੈ।
ਸ੍ਰ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਿਹਾਲ ਤੋਂ ਬਾਹਮਣਮਾਜਰਾ ਸੜਕ ’ਤੇ ਚੋਅ ਉੱਪਰ 1 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਮੁੜ ਉਸਾਰੇ ਗਏ ਉੱਚ ਪੱਧਰੀ ਪੁਲ ਦਾ ਵੀ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੁਲ ਪਿੰਡਾਂ ਵਿਚਕਾਰ ਆਵਾਜਾਈ ਨੂੰ ਹੋਰ ਸੁਖਾਲਾ ਅਤੇ ਸੁਰੱਖਿਅਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੱਤ ਸੜਕੀ ਪ੍ਰਾਜੈਕਟਾਂ ਦੀ ਕੁੱਲ ਲਾਗਤ 16 ਕਰੋੜ 27 ਲੱਖ 57 ਹਜ਼ਾਰ ਰੁਪਏ ਅਤੇ ਪੁਲ ਦੀ ਲਾਗਤ 1 ਕਰੋੜ 81 ਲੱਖ ਰੁਪਏ ਹੈ। ਇਸ ਤਰ੍ਹਾਂ ਕੁੱਲ 18 ਕਰੋੜ 8 ਲੱਖ 57 ਹਜ਼ਾਰ ਰੁਪਏ, ਭਾਵ ਲਗਭਗ 18.09 ਕਰੋੜ ਰੁਪਏ ਦੇ ਇਹ ਆਵਾਜਾਈ ਸਬੰਧੀ ਪ੍ਰਾਜੈਕਟ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰਨਗੇ। ਇਸ ਦੇ ਨਾਲ-ਨਾਲ ਕੈਬਨਿਟ ਮੰਤਰੀ ਨੇ ਪਿੰਡ ਸਿਹਾਲ ਵਿਖੇ ਵਿਰਾਸਤੀ ਦਰਵਾਜ਼ੇ ਲਈ 10 ਲੱਖ ਦਾ ਚੈੱਕ ਪੰਚਾਇਤ ਨੂੰ ਸੌਂਪਿਆ ਅਤੇ ਪਿੰਡ ਦੀ ਸੋਸਾਇਟੀ ਵਿਖੇ ਆਏ ਸਬਸਿਡੀ ਵਾਲੇ ਖੇਤੀ ਸੰਦ ਲਾਭਪਾਤਰੀਆਂ ਨੂੰ ਸੌਂਪੇ ਅਤੇ ਕਿਸੇ ਵੀ ਹਾਲ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਜੁੜੇ ਪਰਿਵਾਰਾਂ ਲਈ ਚੰਗੀਆਂ ਸੰਪਰਕ ਸੜਕਾਂ ਦੀ ਵਿਸ਼ੇਸ਼ ਮਹੱਤਤਾ ਹੈ, ਕਿਉਂਕਿ ਇਨ੍ਹਾਂ ਰਾਹੀਂ ਫ਼ਸਲਾਂ ਦੀ ਢੋਆ-ਢੁਆਈ ਅਤੇ ਖੇਤੀ ਨਾਲ ਸਬੰਧਤ ਹੋਰ ਕੰਮ ਸੁਖਾਲੇ ਹੁੰਦੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਮਰੀਜ਼ਾਂ ਨੂੰ ਆਉਣ-ਜਾਣ ਵਿੱਚ ਸਹੂਲਤ ਮਿਲਦੀ ਹੈ ਅਤੇ ਸਮੇਂ ਤੇ ਆਵਾਜਾਈ ਦੇ ਖ਼ਰਚੇ ਦੀ ਬੱਚਤ ਹੁੰਦੀ ਹੈ। ਸ੍ਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਲਕਾ ਦਿੜ੍ਹਬਾ ਦੇ ਹਰ ਪਿੰਡ ਤੱਕ ਵਿਕਾਸ ਕਾਰਜਾਂ ਦਾ ਲਾਭ ਪਹੁੰਚਾਉਣਾ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਦੁਹਰਾਇਆ ਕਿ ਲੋਕਾਂ ਦੀਆਂ ਲੋੜਾਂ ਅਨੁਸਾਰ ਸੜਕਾਂ, ਪੁਲਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ ਯਤਨ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ, ਵੱਖ-ਵੱਖ ਅਹੁਦੇਦਾਰ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ।

Exit mobile version