ਮੰਡੀ ਗੋਬਿੰਦਗੜ੍ਹ/ਫਤਹਿਗੜ੍ਹ ਸਾਹਿਬ,14 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ “ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਿੱਖਿਆਵਾਂ” ਵਿਸ਼ੇ ’ਤੇ ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ ਰਾਜ ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ, ਪਾਵਰ, ਟੂਰਿਜ਼ਮ,ਸੱਭਿਆਚਾਰਕ ਮਾਮਲੇ, ਪ੍ਰਾਹੁਣਾਚਾਰੀ ਤੇ ਕਿਰਤ ਮੰਤਰੀ, ਪੰਜਾਬ ਤਰੁਣਪ੍ਰੀਤ ਸਿੰਘ ਸੌਂਦ, ਸੰਤ ਸਮਾਜ ਤੋਂ ਸੰਤ ਸਤਵਿੰਦਰ ਸਿੰਘ ਹੀਰਾ, ਨੈਸ਼ਨਲ ਪ੍ਰੈਜੀਡੈਂਟ, ਆਲ ਇੰਡੀਆ ਆਦਿ ਧਰਮ ਮਿਸ਼ਨ, ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ੍ਹ ਸਾਹਿਬ, ਸੰਤ ਸੁਰਿੰਦਰ ਦਾਸ ਚਰਨਛੋਹ ਸੱਚਖੰਡ ਬੇਗਮਪੁਰਾ, ਸ੍ਰੀ ਖੁਰਾਲਗੜ੍ਹ ਸਾਹਿਬ, ਅਕਾਦਮਿਕ ਸਪੀਕਰ, ਪ੍ਰਿੰਸੀਪਲ ਨਵਤੇਜ ਸਿੰਘ ਗਰਦੀਵਾਲ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਦਰਸ਼ਨ, ਬਾਣੀ ਅਤੇ ਮਨੁੱਖਤਾਵਾਦੀ ਵਿਚਾਰਧਾਰਾ ’ਤੇ ਵਿਚਾਰ ਸਾਂਝੇ ਕਰਦਿਆਂ ਸਮਾਜ ਵਿੱਚ ਬਰਾਬਰੀ, ਭਾਈਚਾਰੇ, ਆਪਸੀ ਸਦਭਾਵਨਾ ਅਤੇ ਸਮਾਜਿਕ ਨਿਆਂ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ “ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਪੰਜਾਬ ਸਰਕਾਰ ਵੱਲੋਂ 100 ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਦੀਵੀ ਸਿੱਖਿਆਵਾਂ ਅਤੇ ਇਲਾਹੀ ਸੰਦੇਸ਼ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਵਿਖੇ ‘ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵੰਬਰ-2026 ਦੌਰਾਨ ਚਾਰ ਸ਼ੋਭਾ ਯਾਤਰਾਵਾਂ ਵੀ ਕੱਢੀਆਂ ਜਾਣਗੀਆਂ। ਇਹ ਸ਼ੋਭਾ ਯਾਤਰਾਵਾਂ ਵਾਰਾਣਸੀ, ਜੰਮੂ, ਬਠਿੰਡਾ ਅਤੇ ਫ਼ਰੀਦਕੋਟ ਤੋਂ ਚੱਲ ਕੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨਾਲ ਸਬੰਧਤ ਪਵਿੱਤਰ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਣਗੀਆਂ।
ਉਨ੍ਹਾਂ ਕਿਹਾ ਕਿ “ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਅਜਿਹੇ ਸਮਾਜ ਦੀ ਕਲਪਨਾ ਕੀਤੀ, ਜੋ ਸਮਾਨਤਾ, ਨਿਆਂ, ਦਇਆ ਅਤੇ ਆਪਸੀ ਸਨਮਾਨ ’ਤੇ ਆਧਾਰਿਤ ਹੋਵੇ। ਉਨ੍ਹਾਂ ਦੀ ਬਾਣੀ ਸਾਨੂੰ ਹਰ ਕਿਸਮ ਦੇ ਵਿਤਕਰੇ ਨੂੰ ਨਕਾਰਨ ਅਤੇ ਅਜਿਹੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦੀ ਹੈ, ਜਿੱਥੇ ਹਰੇਕ ਵਿਅਕਤੀ ਨੂੰ ਬਰਾਬਰ ਮੌਕੇ ਅਤੇ ਸਨਮਾਨ ਮਿਲੇ।”
ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਏਕਤਾ, ਪਿਆਰ, ਭਾਈਚਾਰੇ ਅਤੇ ਬਰਾਬਰੀ ਦਾ ਰਾਹ ਦਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਸੰਦੇਸ਼ ਨੂੰ ਸਿਰਫ਼ ਧਾਰਮਿਕ ਜਾਂ ਅਧਿਆਤਮਿਕ ਨਜ਼ਰੀਏ ਨਾਲ ਹੀ ਨਹੀਂ, ਸਗੋਂ ਸਮਾਜਿਕ ਜੀਵਨ ਦੇ ਸੰਦਰਭ ਵਿੱਚ ਵੀ ਸਮਝਣ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਰਾਹੀਂ ਆਪਣੇ ਸਖਸ਼ੀਅਤ ਦੇ ਵਿਕਾਸ ਦੇ ਨਾਲ-ਨਾਲ ਸਮਾਜ ਵਿੱਚ ਉਸਾਰੂ ਤਬਦੀਲੀ ਦਾ ਮਾਧਿਅਮ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਸ.ਡੀ.ਐਮ ਅਮਲੋਹ ਹਰਵੀਰ ਕੌਰ, ਪ੍ਰਧਾਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਹਰਪ੍ਰੀਤ ਸਿੰਘ ਪ੍ਰਿੰਸ, ਚੈਅਰਮੈਨ ਮਾਰਕਿਟ ਕਮੇਟੀ ਮੰਡੀ ਗੋਬਿੰਦਗੜ੍ਹ ਜਗਦੀਪ ਸਿੰਘ ਚੱਠਾ, ਉਪ ਪ੍ਰਧਾਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿਨੀਤ ਕੁਮਾਰ ਬਿੱਟੂ,ਸੰਤ ਕਰਮ ਚੰਦ, ਸ੍ਰੀ ਜਗਦੀਸ ਕੁਮਾਰ ਖੁਰਾਲਗੜ੍ਹ ਸਾਹਿਬ ਜੀ,ਰਿਮਟ ਯੂਨੀਵਰਸਿਟੀ ਦੇ ਪਰੋ-ਚਾਂਸਲਰ ਡਾ.ਬੀ.ਐਸ.ਭਾਟੀਆ, ਡਾ.ਨੀਤਿਨ ਥਾਪਰ ਡੀਨ ਸਟੂਡੈਂਟ ਵੈਲਫੇਅਰ ਰਿਮਟ,ਤਹਿਸੀਲਦਾਰ ਅਮਲੋਹ ਵਿਕਾਸ ਸ਼ਰਮਾਂ ਹਾਜਰ ਸਨ।