ਪੰਜਾਬ, 29 ਨਵੰਬਰ 2026 (ਚੌਧਰੀ ਪ੍ਰਭਜੀਤ ਸਿੰਘ): ਪੰਜਾਬ ਵਿੱਚ ਆਉਣ ਵਾਲੇ ਮਹੀਨਿਆਂ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਪਾਵਰਕੌਮ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਸੂਬੇ ਦੇ ਪ੍ਰਮੁੱਖ ਡੈਮਾਂ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਹੇਠਾਂ ਆ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 39.85 ਫੁੱਟ, ਪੌਂਗ ਡੈਮ ਵਿੱਚ 24.69 ਫੁੱਟ ਅਤੇ ਰਣਜੀਤ ਸਾਗਰ ਡੈਮ ਵਿੱਚ 16.32 ਮੀਟਰ ਘਟਿਆ ਹੈ। ਦੇਹਰ ਡੈਮ ਵਿੱਚ ਵੀ 1.05 ਫੁੱਟ ਦੀ ਕਮੀ ਦਰਜ ਕੀਤੀ ਗਈ ਹੈ।
ਇਸ ਸਾਲ ਪੰਜਾਬ ਵਿੱਚ ਮਾਨਸੂਨ ਦੀ ਬਾਰਿਸ਼ ਆਮ ਨਾਲੋਂ 34 ਫ਼ੀਸਦੀ ਘੱਟ ਰਹਿਣ ਕਾਰਨ ਡੈਮਾਂ ਵਿੱਚ ਪਾਣੀ ਦੀ ਆਮਦ ਪ੍ਰਭਾਵਿਤ ਹੋਈ ਹੈ। ਭਾਖੜਾ, ਪੌਂਗ, ਰਣਜੀਤ ਸਾਗਰ ਅਤੇ ਦੇਹਰ ਡੈਮਾਂ ਵਿੱਚ ਪਾਣੀ ਦੀ ਆਮਦ ਪਿਛਲੇ ਸਾਲ ਨਾਲੋਂ ਘਟਣ ਕਾਰਨ ਹਾਈਡਲ ਬਿਜਲੀ ਉਤਪਾਦਨ ਵਿੱਚ ਕਮੀ ਦਾ ਖ਼ਦਸ਼ਾ ਹੈ।
ਦੂਜੇ ਪਾਸੇ, ਸੂਬੇ ਦੇ ਚਾਰ ਪ੍ਰਮੁੱਖ ਥਰਮਲ ਯੂਨਿਟ ਅਜੇ ਵੀ ਬੰਦ ਹਨ, ਜਿਸ ਕਾਰਨ 1,840 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹਾਂ ਵਿੱਚ ਰੋਪੜ ਦਾ 210 ਮੈਗਾਵਾਟ, ਗੋਇੰਦਵਾਲ ਦਾ 270 ਮੈਗਾਵਾਟ, ਰਾਜਪੁਰਾ ਦਾ 700 ਮੈਗਾਵਾਟ ਅਤੇ ਤਲਵੰਡੀ ਸਾਬੋ ਦਾ 660 ਮੈਗਾਵਾਟ ਯੂਨਿਟ ਸ਼ਾਮਲ ਹਨ।
ਸੂਬੇ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 9,000 ਮੈਗਾਵਾਟ ਤੋਂ ਪਾਰ ਪਹੁੰਚ ਚੁੱਕੀ ਹੈ, ਜਦਕਿ ਅੰਦਰੂਨੀ ਸਰੋਤਾਂ ਤੋਂ ਉਪਲਬਧਤਾ ਕਰੀਬ 3,800 ਮੈਗਾਵਾਟ ਹੈ। ਅਜਿਹੇ ਵਿੱਚ ਬਿਜਲੀ ਦੀ ਮੰਗ ਪੂਰੀ ਕਰਨ ਲਈ ਪਾਵਰਕੌਮ ਨੂੰ ਕੇਂਦਰੀ ਪੂਲ ‘ਤੇ ਵਧੇਰੇ ਨਿਰਭਰ ਰਹਿਣਾ ਪੈ ਰਿਹਾ ਹੈ।
