ਘਰ-ਘਰ ਪਹੁੰਚੇਗੀ ਮੁਫ਼ਤ ਇਲਾਜ ਦੀ ਸਹੂਲਤ
ਚੰਡੀਗੜ੍ਹ: 26 ਜੁਲਾਈ 2026 (ਬਲਜੀਤ ਸਰਨਾ): ਪੰਜਾਬ ਸਰਕਾਰ ਨੇ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਹੋਰ ਵੱਡਾ ਕਦਮ ਚੁੱਕਦਿਆਂ 100 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕਲੀਨਿਕ ਖਾਸ ਤੌਰ ‘ਤੇ ਉਨ੍ਹਾਂ ਇਲਾਕਿਆਂ ਵਿੱਚ ਖੋਲ੍ਹੇ ਜਾ ਰਹੇ ਹਨ ਜਿੱਥੇ ਪਹਿਲਾਂ ਸਿਹਤ ਸਹੂਲਤਾਂ ਦੀ ਕਮੀ ਕਾਰਨ ਲੋਕਾਂ ਨੂੰ ਇਲਾਜ ਲਈ ਲੰਬਾ ਸਫ਼ਰ ਕਰਨਾ ਪੈਂਦਾ ਸੀ।
ਅੰਡਰ-ਸਰਵਡ ਇਲਾਕਿਆਂ ਨੂੰ ਮਿਲੀ ਤਰਜੀਹ, 107 ਮੁਫ਼ਤ ਦਵਾਈਆਂ
ਸਿਹਤ ਮੰਤਰੀ ਨੇ ਦੱਸਿਆ ਕਿ ਪੂਰੇ ਪੰਜਾਬ ਦਾ ਵਿਸਤ੍ਰਿਤ ਸਰਵੇ ਕਰਨ ਤੋਂ ਬਾਅਦ ਅੰਡਰ-ਸਰਵਡ ਇਲਾਕਿਆਂ ਦੀ ਪਛਾਣ ਕੀਤੀ ਗਈ ਅਤੇ ਜ਼ਿਲ੍ਹਿਆਂ ਦੀ ਲੋੜ ਮੁਤਾਬਕ ਨਵੇਂ ਕਲੀਨਿਕਾਂ ਦੀ ਗਿਣਤੀ ਤੈਅ ਕੀਤੀ ਗਈ ਹੈ। ਇਸ ਤਹਿਤ ਅੰਮ੍ਰਿਤਸਰ ਵਿੱਚ 14, ਜਲੰਧਰ ਵਿੱਚ 10, ਲੁਧਿਆਣਾ ਵਿੱਚ 20 ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ 10 ਨਵੇਂ ਕਲੀਨਿਕ ਸਥਾਪਿਤ ਕੀਤੇ ਜਾ ਰਹੇ ਹਨ। ਕੁੱਲ 100 ਕਲੀਨਿਕ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੋਕਾਂ ਦੀ ਸਹੂਲਤ ਲਈ ਸ਼ੁਰੂ ਹੋਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹਰ ਨਾਗਰਿਕ ਨੂੰ ਆਪਣੇ ਘਰ ਤੋਂ ਕਰੀਬ ਢਾਈ ਤੋਂ ਤਿੰਨ ਕਿਲੋਮੀਟਰ ਦੇ ਦਾਇਰੇ ਅੰਦਰ ਹੀ ਮੁੱਢਲੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ। ਕਲੀਨਿਕਾਂ ਦੀ ਵੰਡ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਦੀ ਬਜਾਏ ਸਿਰਫ਼ ਲੋਕਾਂ ਦੀ ਲੋੜ ਅਤੇ ਖੇਤਰ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।
47 ਮੁਫ਼ਤ ਟੈਸਟ ਅਤੇ ਤਜਰਬੇਕਾਰ ਸਟਾਫ਼ ਨਾਲ ਲੈਸ ਹੋਣਗੇ ਨਵੇਂ ਕਲੀਨਿਕ
ਹਰ ਆਮ ਆਦਮੀ ਕਲੀਨਿਕ ਵਿੱਚ ਇੱਕ ਮੈਡੀਕਲ ਅਫ਼ਸਰ, ਇੱਕ ਏਐਨਐਮ ਜਾਂ ਸਟਾਫ਼ ਨਰਸ, ਇੱਕ ਫਾਰਮਾਸਿਸਟ ਅਤੇ ਇੱਕ ਸਹਾਇਕ ਕਰਮਚਾਰੀ ਸਮੇਤ ਚਾਰ ਮੈਂਬਰੀ ਸਟਾਫ਼ ਤਾਇਨਾਤ ਹੋਵੇਗਾ, ਤਾਂ ਜੋ ਮਰੀਜ਼ਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਮਿਲ ਸਕਣ।
ਇਨ੍ਹਾਂ ਕਲੀਨਿਕਾਂ ਵਿੱਚ 107 ਕਿਸਮ ਦੀਆਂ ਮੁਫ਼ਤ ਦਵਾਈਆਂ ਅਤੇ 47 ਤਰ੍ਹਾਂ ਦੇ ਮੁਫ਼ਤ ਮੈਡੀਕਲ ਟੈਸਟਾਂ ਦੀ ਸਹੂਲਤ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਹੈਪਾਟਾਈਟਿਸ, ਟੀਬੀ, ਗਰਭ ਅਵਸਥਾ ਨਾਲ ਸੰਬੰਧਿਤ ਜਾਂਚਾਂ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਆਮ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਵੀ ਮੁਫ਼ਤ ਕੀਤਾ ਜਾਵੇਗਾ।
ਸਰਕਾਰ ਦਾ ਦਾਅਵਾ ਹੈ ਕਿ ਨਵੇਂ ਆਮ ਆਦਮੀ ਕਲੀਨਿਕਾਂ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਹੀ ਮੁਫ਼ਤ, ਤੇਜ਼ ਅਤੇ ਬਿਹਤਰ ਸਿਹਤ ਸੇਵਾਵਾਂ ਮਿਲਣਗੀਆਂ, ਜਿਸ ਨਾਲ ਸਰਕਾਰੀ ਸਿਹਤ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਲੋਕਾਂ ਨੂੰ ਇਲਾਜ ਲਈ ਦੂਰ-ਦੁਰਾਡੇ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ।
