ਨਵੀਂ ਦਿੱਲੀ, 28 ਅਕਤੂਬਰ, 2026 (ਛਤਰਪਾਲ ਸਿੰਘ): ਆਂਧਰਾ ਪ੍ਰਦੇਸ਼ ਅਤੇ ਯਾਨਮ ਦੇ ਤੱਟਵਰਤੀ ਇਲਾਕਿਆਂ ਵਿੱਚ ਚੱਕਰਵਾਤ ‘ਅਰਨਬ’ ਦੇ ਟਕਰਾਉਣ ਦੀ ਪ੍ਰਕਿਰਿਆ ਬੁੱਧਵਾਰ ਤੜਕੇ ਸ਼ੁਰੂ ਹੋ ਗਈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਇਸ ਕਾਰਨ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਵਿਭਾਗ ਨੇ ਦੱਸਿਆ ਕਿ ਚੱਕਰਵਾਤ ਦੀ ਇਹ ਪ੍ਰਕਿਰਿਆ ਅਗਲੇ ਤਿੰਨ ਘੰਟਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ, ਚੱਕਰਵਾਤ ਦੀਆਂ ਲਗਾਤਾਰ ਹਵਾਵਾਂ ਦੀ ਰਫ਼ਤਾਰ 125 ਤੋਂ 135 ਕਿਲੋਮੀਟਰ ਪ੍ਰਤੀ ਘੰਟਾ ਹੈ, ਜਦਕਿ ਹਵਾ ਦੇ ਤੇਜ਼ ਝੱਖੜ 150 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਰਹੇ ਹਨ। ਪਿਛਲੇ ਤਿੰਨ ਘੰਟਿਆਂ ਦੌਰਾਨ ਇਹ ਤੂਫ਼ਾਨ 3 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰ-ਪੱਛਮ ਵੱਲ ਵਧਿਆ। ਸ਼ੁਰੂ ਵਿੱਚ ਇਸ ਦੇ ਹੌਲੀ-ਹੌਲੀ ਉੱਤਰ-ਪੱਛਮ ਵੱਲ ਅਤੇ ਬਾਅਦ ਵਿੱਚ ਉੱਤਰ-ਉੱਤਰ-ਪੱਛਮ ਵੱਲ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਘੰਟਾਵਾਰ ਬੁਲੇਟਿਨ ਅਨੁਸਾਰ, ਚੱਕਰਵਾਤ ਦੇ ਤੱਟ ਨਾਲ ਟਕਰਾਉਣ ਦੀ ਪ੍ਰਕਿਰਿਆ ਅਗਲੇ ਤਿੰਨ ਘੰਟਿਆਂ ਤੱਕ ਜਾਰੀ ਰਹਿ ਸਕਦੀ ਹੈ। ਇਸ ਦਾ ਸੰਭਾਵਿਤ ਪ੍ਰਭਾਵਿਤ ਖੇਤਰ ਬਾਪਟਲਾ ਅਤੇ ਵਿਸ਼ਾਖਾਪਟਨਮ ਦੇ ਵਿਚਕਾਰ, ਯਾਨਮ ਦੇ ਦੱਖਣ ਵੱਲ ਦੱਸਿਆ ਗਿਆ ਹੈ। ਇਸ ਦੌਰਾਨ ਤੱਟਵਰਤੀ ਖੇਤਰਾਂ ਵਿੱਚ ਹਵਾਵਾਂ ਦੀ ਰਫ਼ਤਾਰ 125 ਤੋਂ 135 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਅਤੇ ਝੱਖੜ 150 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਹਵਾਵਾਂ ਦੀ ਰਫ਼ਤਾਰ ਹੌਲੀ-ਹੌਲੀ ਘਟ ਸਕਦੀ ਹੈ।
ਕਈ ਇਲਾਕਿਆਂ ਵਿੱਚ ਦਰੱਖਤ ਉਖੜੇ, ਬਿਜਲੀ ਦੀਆਂ ਤਾਰਾਂ ਟੁੱਟੀਆਂ
ਚੱਕਰਵਾਤ ਦੇ ਪ੍ਰਭਾਵ ਕਾਰਨ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਵਿੱਚ ਕਈ ਥਾਵਾਂ ’ਤੇ ਦਰੱਖਤ ਜੜ੍ਹਾਂ ਸਮੇਤ ਉਖੜ ਗਏ ਅਤੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਵਿਸ਼ਾਖਾਪਟਨਮ ਵਿੱਚ ਵੀ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਬੀਚ ਰੋਡ ਅਤੇ ਸੀਤਾਮਧਾਰਾ ਇਲਾਕਿਆਂ ਵਿੱਚ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਪੱਛਮੀ ਬੰਗਾਲ ਦੇ ਕਈ ਹਿੱਸਿਆਂ ਵਿੱਚ ਵੀ ਚੱਕਰਵਾਤ ਦੇ ਪ੍ਰਭਾਵ ਹੇਠ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਰਜ ਕੀਤੀਆਂ ਗਈਆਂ।
ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦਾ ਖ਼ਤਰਾ
ਮੌਸਮ ਵਿਭਾਗ ਨੇ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠਣ ਅਤੇ ਤੱਟਵਰਤੀ ਇਲਾਕਿਆਂ ਵਿੱਚ ਪਾਣੀ ਭਰਨ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਅਨੁਸਾਰ, ਅਗਲੇ 4 ਤੋਂ 5 ਘੰਟਿਆਂ ਦੌਰਾਨ ਸਮੁੰਦਰੀ ਲਹਿਰਾਂ ਦਾ ਪੱਧਰ ਖਗੋਲੀ ਜਵਾਰ ਦੇ ਪੱਧਰ ਤੋਂ 1.5 ਤੋਂ 2.5 ਮੀਟਰ ਉੱਪਰ ਤੱਕ ਜਾਣ ਦੀ ਸੰਭਾਵਨਾ ਹੈ। ਇਸ ਕਾਰਨ ਆਂਧਰਾ ਪ੍ਰਦੇਸ਼ ਦੇ ਨੀਵੇਂ ਇਲਾਕਿਆਂ ਵਿੱਚ ਸਮੁੰਦਰੀ ਪਾਣੀ ਦਾਖ਼ਲ ਹੋ ਸਕਦਾ ਹੈ। ਕਾਕੀਨਾਡਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੇ ਯਾਨਮ ਇਲਾਕੇ ਦੇ ਨੇੜੇ ਸਭ ਤੋਂ ਉੱਚੀਆਂ ਲਹਿਰਾਂ ਉੱਠਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, 27 ਅਕਤੂਬਰ ਨੂੰ ਸਵੇਰੇ 8:30 ਵਜੇ ਤੋਂ 28 ਅਕਤੂਬਰ ਨੂੰ ਤੜਕੇ 3 ਵਜੇ ਤੱਕ ਅਨਾਕਾਪੱਲੀ ਅਤੇ ਵਿਸ਼ਾਖਾਪਟਨਮ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ 200 ਮਿਲੀਮੀਟਰ ਤੋਂ ਵੱਧ ਬੇਹੱਦ ਭਾਰੀ ਮੀਂਹ ਦਰਜ ਕੀਤਾ ਗਿਆ।
ਓਡੀਸ਼ਾ ਦੇ ਕਈ ਜ਼ਿਲ੍ਹਿਆਂ ਲਈ ਵੀ ਚੇਤਾਵਨੀ
ਚੱਕਰਵਾਤ ਦੇ ਪ੍ਰਭਾਵ ਨੂੰ ਦੇਖਦਿਆਂ ਓਡੀਸ਼ਾ ਵਿੱਚ ਵੀ ਮੌਸਮ ਵਿਭਾਗ ਨੇ ਵੱਖ-ਵੱਖ ਪੱਧਰਾਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਹਨ। ਗਜਪਤੀ, ਗੰਜਾਮ, ਰਾਇਗੜਾ, ਕੋਰਾਪੁਟ, ਨਵਰੰਗਪੁਰ ਅਤੇ ਮਲਕਾਨਗਿਰੀ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਭਾਰੀ ਤੋਂ ਬੇਹੱਦ ਭਾਰੀ ਮੀਂਹ ਅਤੇ ਕੁਝ ਥਾਵਾਂ ’ਤੇ ਅਤਿ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਚਮਕਣ, ਗਰਜ-ਤੂਫ਼ਾਨ ਅਤੇ 60 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ। ਹਵਾ ਦੇ ਝੱਖੜ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੇ ਹਨ।
ਔਰੇਂਜ ਅਲਰਟ: ਕਲਾਹਾਂਡੀ, ਕੰਧਮਾਲ, ਨੂਆਪੜਾ, ਬਲਾਂਗੀਰ, ਬਰਗੜ੍ਹ, ਪੁਰੀ, ਖੁਰਦਾ, ਸੋਨਪੁਰ, ਬੌਧ ਅਤੇ ਨਯਾਗੜ੍ਹ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ, ਜਦਕਿ ਝੱਖੜ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੇ ਹਨ।
ਯੈਲੋ ਅਲਰਟ: ਸੁੰਦਰਗੜ੍ਹ, ਝਾਰਸੁਗੁੜਾ, ਸੰਬਲਪੁਰ, ਦੇਵਗੜ੍ਹ, ਮਯੂਰਭੰਜ, ਅੰਗੁਲ, ਢੇਂਕਨਾਲ, ਕੇਂਦੂਝਰ, ਬਾਲਾਸੋਰ, ਭਦਰਕ, ਜਾਜਪੁਰ, ਕੇਂਦਰਾਪੜਾ, ਜਗਤਸਿੰਘਪੁਰ ਅਤੇ ਕਟਕ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ਵਿੱਚ ਗਰਜ-ਤੂਫ਼ਾਨ ਦੇ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਅਤੇ ਝੱਖੜ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੇ ਹਨ। ਮੌਸਮ ਵਿਭਾਗ ਮੁਤਾਬਕ, ਇਹ ਚੇਤਾਵਨੀਆਂ 28 ਅਕਤੂਬਰ ਤੋਂ 29 ਅਕਤੂਬਰ ਰਾਤ 8:30 ਵਜੇ ਤੱਕ ਲਾਗੂ ਰਹਿਣਗੀਆਂ।
