ਵੋਟਰ ਸੂਚੀਆਂ ਵਿੱਚ ਗੜਬੜੀਆਂ ਨੂੰ ਲੈ ਕੇ ਐਫ.ਆਈ.ਆਰ. ਦਰਜ ਹੋਵੇ: ਗਾਂਧੀ , ਸਾਧੂ, ਕੰਬੋਜ।
ਪਟਿਆਲਾ, 28 ਸਤੰਬਰ, 2026 (ਪਟਵਾਰੀ ਸਿੱਧੂ) : ਜਿਲਾ ਕਾਂਗਰਸ ਪਟਿਆਲਾ ਦਿਹਾਤੀ ਤੇ ਸ਼ਹਿਰੀ ਨੇ ਦੇਸ਼ ਦੀ ਚੋਣ ਪ੍ਰਕਿਰਿਆ ਦੇ ਗੰਭੀਰ ਖ਼ਤਰੇ ਨੂੰ ਮੱਦੇਨਜ਼ਰ ਰੱਖਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਨਰੇਸ਼ ਦੁੱਗਲ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਰਾਸ਼ਟਰਪਤੀ ਨੂੰ ਸੰਬੋਧਿਤ ਇੱਕ ਮੰਗ ਪੱਤਰ ਵਿੱਚ ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਨੇ ਦੋਸ਼ ਲਾਇਆ ਕਿ ਕੁਮਾਰ ਨੇ ਚੋਣ ਪ੍ਰਕਿਰਿਆ ਨੂੰ “ਖਰਾਬ ਕੀਤਾ ਅਤੇ ਨੁਕਸਾਨ ਪਹੁੰਚਾਇਆ” ਹੈ। ਉਨ੍ਹਾਂ ਦਾਅਵਾ ਕੀਤਾ ਕਿ ਵੋਟਰ ਸੂਚੀਆਂ ਵਿੱਚੋਂ ਨਾਂ ਕੱਟ ਕੇ ਇਕੱਲੇ ਦਮ ‘ਤੇ ਹੀ 13.8 ਕਰੋੜ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ਹੈ।
ਇਸ ਮੌਕੇ ਪਟਿਆਲਾ ਦੇ ਸਾਂਸਦ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਵੋਟਾਂ ਕੱਟਣ ਦਾ ਇਹ ਅੰਕੜਾ ਦੇਸ਼ ਦੇ ਕੁੱਲ ਵੋਟਰਾਂ ਦਾ ਲਗਭਗ 15 ਫ਼ੀਸਦੀ ਬਣਦਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਵੋਟ ਦਾ ਅਧਿਕਾਰ ਚੋਣਵੇਂ ਲੋਕਤੰਤਰ ਦੀ ਬੁਨਿਆਦ ਹੈ। ਮੰਗ ਪੱਤਰ ਵਿੱਚ ਉਨ੍ਹਾਂ ਕਿਹਾ, “ਸਾਡੇ ਲੋਕਤੰਤਰ ਅਤੇ ਗਣਰਾਜ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ। ਵੋਟ ਦਾ ਅਧਿਕਾਰ ਚੋਣਵੇਂ ਲੋਕਤੰਤਰ ਦੀ ਨੀਂਹ ਹੁੰਦਾ ਹੈ।” ਉਨ੍ਹਾਂ ਦੋਸ਼ ਲਾਇਆ ਕਿ ਜਿਨ੍ਹਾਂ ਵੋਟਰਾਂ ਦੇ ਨਾਂ ਕੱਟੇ ਗਏ ਹਨ, ਉਨ੍ਹਾਂ ਨੂੰ ਆਪਣਾ ਪੱਖ ਰੱਖਣ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਰਾਖੀ ਕਰਨ ਦਾ ਢੁਕਵਾਂ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਵੋਟਾਂ ਕੱਟੇ ਜਾਣ ਦੇ ਇਸ ਪੈਮਾਨੇ ਨੂੰ “ਬੇਮਿਸਾਲ” ਦੱਸਿਆ ਅਤੇ ਕਿਹਾ ਕਿ ਇਸ ਮਸਲੇ ਨੇ ਭਾਰਤ ਦੀ ਚੋਣ ਪ੍ਰਕਿਰਿਆ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਹਰਦਿਆਲ ਸਿੰਘ ਕੰਬੋਜ ਸਾਬਕਾ ਵਿਧਾਇਕ ਨੇ ਅੱਗੇ ਦੋਸ਼ ਲਾਇਆ ਕਿ ਕੁਮਾਰ ਦੀ ਅਗਵਾਈ ਹੇਠਲਾ ਚੋਣ ਕਮਿਸ਼ਨ “ਚੋਣਾਂ ਚੋਰੀ ਕਰਨ” ਲਈ ਕੇਂਦਰ ਸਰਕਾਰ ਨਾਲ ਮਿਲੀਭੁਗਤ ਕਰਕੇ ਕੰਮ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਆਪਣੇ ਦੋਸ਼ਾਂ ਦੇ ਸਮਰਥਨ ਵਿੱਚ ਸਬੂਤ ਵੀ ਮੁਹੱਈਆ ਕਰਵਾਏ ਹਨ।
ਜ਼ਿਲ੍ਹਾ ਕਾਂਗਰਸ ਮੁਖੀ ਨੇ ਇਹ ਦਾਅਵਾ ਵੀ ਕੀਤਾ ਕਿ ਕੁਮਾਰ ਦੇ ਕੰਮਕਾਜ ‘ਤੇ ਖ਼ੁਦ ਚੋਣ ਕਮਿਸ਼ਨ ਦੇ ਅੰਦਰੋਂ ਹੀ, ਦੋ ਚੋਣ ਕਮਿਸ਼ਨਰਾਂ ਸਮੇਤ, ਇਤਰਾਜ਼ ਉਠਾਏ ਗਏ ਹਨ। ਉਨ੍ਹਾਂ ਦਲੀਲ ਦਿੱਤੀ ਕਿ ਅਜਿਹੇ ਘਟਨਾਕ੍ਰਮ ਦੇ ਮੱਦੇਨਜ਼ਰ ਚੋਣ ਪੈਨਲ ਦੇ ਕੰਮਕਾਜ ਦੀ ਜਾਂਚ ਹੋਣੀ ਲਾਜ਼ਮੀ ਹੈ। ਡੀ.ਸੀ.ਸੀ. ਪ੍ਰਧਾਨ ਨਰੇਸ਼ ਦੁੱਗਲ ਨੇ ਕਿਹਾ ਕਿ ਇਹ ਕਾਰਵਾਈਆਂ ‘ਸਰਬਵਿਆਪੀ ਬਾਲਗ ਮਤਾਧਿਕਾਰ’ ਦੇ ਸੰਵਿਧਾਨਕ ਸਿਧਾਂਤ ਦੀ ਉਲੰਘਣਾ ਕਰਦੀਆਂ ਹਨ ਅਤੇ ਚੋਣਾਂ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਢਾਹ ਲਾ ਸਕਦੀਆਂ ਹਨ। ਉਨ੍ਹਾਂ ਕਿਹਾ, “ਸਾਡੀਆਂ ਚੋਣਾਂ ਨੂੰ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਨਿਰਪੱਖ ਮੰਨਿਆ ਜਾਂਦਾ ਸੀ। ਪਰ ਗਿਆਨੇਸ਼ ਕੁਮਾਰ ਵਰਗੇ ਲੋਕਾਂ ਦੇ ਅਹੁਦੇ ‘ਤੇ ਰਹਿੰਦਿਆਂ ਉਸ ਭਰੋਸੇਯੋਗਤਾ ਨੂੰ ਦਾਅ ‘ਤੇ ਲਾ ਦਿੱਤਾ ਗਿਆ ਹੈ।”
ਕਾਂਗਰਸੀ ਆਗੂ ਨੇ ਗਣਰਾਜ ਦੇ ਮੁਖੀ ਵਜੋਂ ਰਾਸ਼ਟਰਪਤੀ ਮੁਰਮੂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਦਖ਼ਲ ਦੇ ਕੇ ਕੁਮਾਰ ਨੂੰ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਹਟਾਉਣ ਦੇ ਨਾਲ-ਨਾਲ ਉਨ੍ਹਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਅਤੇ ਜਾਂਚ ਕਰਵਾਉਣ ਦੇ ਹੁਕਮ ਦੇਣ। ਉਨ੍ਹਾਂ ਆਖਿਆ ਕਿ ਇਹ ਕਾਰਵਾਈ ਨਾ ਸਿਰਫ਼ ਮੌਜੂਦਾ ਹਾਲਾਤਾਂ ਵਿੱਚ ਜ਼ਰੂਰੀ ਹੈ, ਸਗੋਂ ਭਵਿੱਖ ਦੇ ਮੁੱਖ ਚੋਣ ਕਮਿਸ਼ਨਰਾਂ ਲਈ ਵੀ ਇੱਕ ਮਿਸਾਲ ਕਾਇਮ ਕਰੇਗੀ ਤਾਂ ਜੋ ਉਹ ਸਮੇਂ ਦੀ ਸਰਕਾਰ ਪ੍ਰਤੀ ਵਫ਼ਾਦਾਰ ਰਹਿਣ ਦੀ ਬਜਾਏ ਨਿਰਪੱਖ ਰਹਿਣ ਅਤੇ ਦੇਸ਼ ਦੇ ਸੰਵਿਧਾਨ ਪ੍ਰਤੀ ਜਵਾਬਦੇਹ ਹੋਣ।
ਇਸ ਮੌਕੇ ਹਰਿੰਦਰ ਪਾਲ ਸਿੰਘ ਹੈਰੀਮਾਨ, ਨਿਰਮਲ ਸਿੰਘ ਭੱਟੀਆ, ਹਰਵਿੰਦਰ ਸਿੰਘ ਖਨੌੜਾ, ਨਛੱਤਰ ਸਿੰਘ ਅਰਾਈਮਾਜਰਾ, ਅਮਰਜੀਤ ਸਿੰਘ ਘੱਗਾ, ਰਛਪਾਲ ਸਿੰਘ ਜੌੜਾਮਾਜਰਾ, ਦਰਬਾਰਾ ਸਿੰਘ ਵਣਵਾਲਾ, ਕੁਲਵਿੰਦਰ ਸਿੰਘ ਅਰਨੋਂ, ਐਡਵੋਕੇਟ ਕਰਮਜੀਤ ਚੌਧਰੀ, ਗੁਰਪ੍ਰੀਤ ਸਿੰਘ ਸੰਧੂ, ਨੈਬ ਸਿੰਘ ਭਾਂਨਰੀ, ਰਤਨਜੀਤ ਜਾਹਲਾਂ, ਪਰਮਜੀਤ ਚੌਹਾਨ, ਹਰਦੀਪ ਸਿੰਘ ਕੁਲਾਰਾ, ਰਣਜੀਤ ਸਿੰਘ ਸ਼ਤਰਾਣਾ, ਹਰਦੀਪ ਸਿੰਘ ਜੋਸ਼ਨ, ਜਤਿੰਦਰ ਮੱਟੂ, ਹਰਵੀਰ ਥਿੰਦ, ਬਿੱਟੂ ਢਿੰਗੀ, ਵਿਵੇਕ ਸਿੰਗਲਾ, ਨਰਿੰਦਰ ਸ਼ਾਸਤਰੀ, ਬਲਦੇਵ ਗੱਦੋਮਾਜਰਾ, ਜਗਰੂਪ ਹੈਪੀ, ਜਗਵਿੰਦਰ ਢਿੱਲੋਂ, ਅਸ਼ਵਨੀ ਬੱਤਾ, ਹਰਵਿੰਦਰ ਸਿੰਘ ਰਾਠੀਆਂ, ਦੀਦਾਰ ਦੌਂਨਕਲਾਂ, ਗੋਲਡੀ ਢੀਂਡਸਾ, ਹਰਿੰਦਰ ਸ਼ਰਮਾ, ਮੇਜਰ ਖਾਨ, ਬੋਬੀ ਰਾਮਗੜ੍ਹ, ਨਰਿੰਦਰ ਸੰਧੂ, ਟਿੰਕਾ ਗਾਜੇਵਾਸ ਐਮਸੀ, ਬੇਅੰਤ ਪੱਪੀ ਐਮਸੀ, ਜਗਤਾਰ ਬਿਜਲਪੁਰ, ਰੋਸ਼ਨ ਲਲੋਛੀ, ਚਮਕੌਰ ਸਰਪੰਚ, ਅੰਮ੍ਰਿਤ ਗੱਜੂ ਮਾਜਰਾ, ਧਨਵੰਤ ਧਰਮਕੋਟ, ਰਾਜ ਕੁਮਾਰ ਡਕਾਲਾ, ਸਿਪੀ ਧਾਲੀਵਾਲ, ਗੁਰਸੇਵਕ ਜੌੜਾਮਾਜਰਾ, ਦਰਸ਼ਨ ਤਹਸੀਲਦਾਰ, ਸੁਨੀਲ ਬੱਬਰ, ਕੇਸਰ ਡਕਾਲਾ, ਕੁਲਵਿੰਦਰ ਟੋਨੀ, ਮਨੂ ਸ਼ਰਮਾ ਸਮੇਤ ਸੈਂਕੜੇ ਵਰਕਰ ਅਤੇ ਕਈ ਸੀਨੀਅਰ ਆਗੂ ਹਾਜ਼ਰ ਸਨ।
