Home ਹਰਿਆਣਾ ਗੀਤਾ ਦਾ ਸੰਦੇਸ਼ ਅਤੇ ਭਗਵਾਨ ਬਿਰਸਾ ਮੁੰਡਾ ਦਾ ਸੰਘਰਸ਼ ਸਾਰਿਆਂ ਲਈ ਪ੍ਰੇਰਨਾ...

ਗੀਤਾ ਦਾ ਸੰਦੇਸ਼ ਅਤੇ ਭਗਵਾਨ ਬਿਰਸਾ ਮੁੰਡਾ ਦਾ ਸੰਘਰਸ਼ ਸਾਰਿਆਂ ਲਈ ਪ੍ਰੇਰਨਾ ਸਰੋਤ: ਮੁੱਖ ਮੰਤਰੀ

Gita’s teachings and Bhagwan Birsa Munda’s courageous struggle continue to inspire generations, says Chief Minister.

0

ਚੰਡੀਗੜ੍ਹ, 16 ਨਵੰਬਰ, 2026 (ਸੰਜੀਵ ਸ਼ਰਮਾ ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਸਾਨੂੰ ਗੀਤਾ ਰਾਹੀਂ ਕਰਮ, ਕਰਤੱਵ ਅਤੇ ਲੋਕ ਭਲਾਈ ਦਾ ਮਾਰਗ ਦਿਖਾਇਆ, ਉੱਥੇ ਹੀ ਭਗਵਾਨ ਬਿਰਸਾ ਮੁੰਡਾ ਨੇ ਆਪਣੇ ਜੀਵਨ ਅਤੇ ਸੰਘਰਸ਼ ਨਾਲ ਸਾਨੂੰ ਸਵੈ-ਮਾਣ, ਏਕਤਾ ਅਤੇ ਆਪਣੀ ਧਰਤੀ ਤੇ ਸੱਭਿਆਚਾਰ ਦੀ ਰੱਖਿਆ ਦਾ ਸੰਕਲਪ ਦਿੱਤਾ। ਦੋਵਾਂ ਮਹਾਂਪੁਰਖਾਂ ਦੇ ਸੰਦੇਸ਼ ਸਾਨੂੰ ਸਿਖਾਉਂਦੇ ਹਨ ਕਿ ਸੱਚਾ ਜੀਵਨ ਉਹੀ ਹੈ, ਜੋ ਆਪਣੇ ਕਰਤੱਵ ਪ੍ਰਤੀ ਵਫ਼ਾਦਾਰ ਹੋਵੇ ਅਤੇ ਸਮਾਜ ਦੇ ਹਿੱਤ ਵਿੱਚ ਸਮਰਪਿਤ ਹੋਵੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਐਤਵਾਰ ਨੂੰ ਪੰਚਕੂਲਾ ਵਿੱਚ ‘ਸ੍ਰੀ ਕ੍ਰਿਸ਼ਨ ਕ੍ਰਿਪਾ ਧਾਮ’ ਦੇ ਭਵਨ ਦਾ ਨੀਂਹ ਪੱਥਰ ਰੱਖਣ ਅਤੇ ਜਨਜਾਤੀ ਗੌਰਵ ਦਿਵਸ ‘ਤੇ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਦੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਮੁੱਖ ਮੰਤਰੀ ਨੇ ਸ੍ਰੀ ਕ੍ਰਿਸ਼ਨ ਕ੍ਰਿਪਾ ਧਾਮ ਦੇ ਨਿਰਮਾਣ ਕਾਰਜ ਲਈ 31 ਲੱਖ ਰੁਪਏ ਦੀ ਸਹਿਯੋਗ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਜਨਜਾਤੀ ਗੌਰਵ ਦਿਵਸ ਦੇ ਰਾਸ਼ਟਰੀ ਪ੍ਰੋਗਰਾਮ ਨਾਲ ਆਨਲਾਈਨ ਮਾਧਿਅਮ ਰਾਹੀਂ ਜੁੜਦਿਆਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸੰਬੋਧਨ ਵੀ ਸੁਣਿਆ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਕ੍ਰਿਪਾ ਧਾਮ ਦੇ ਰੂਪ ਵਿੱਚ ਪੰਚਕੂਲਾ ਦੀ ਇਸ ਪਵਿੱਤਰ ਧਰਤੀ ‘ਤੇ ਸਿਰਫ਼ ਇੱਕ ਭਵਨ ਦੀ ਹੀ ਨਹੀਂ, ਸਗੋਂ ਇੱਕ ਅਜਿਹੇ ਅਧਿਆਤਮਿਕ ਕੇਂਦਰ ਦੀ ਨੀਂਹ ਰੱਖੀ ਜਾ ਰਹੀ ਹੈ, ਜਿਸ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਸਕਾਰ, ਸੇਵਾ, ਸਮਰਪਣ ਅਤੇ ਸ੍ਰੀਮਦ ਭਗਵਦ ਗੀਤਾ ਦਾ ਗਿਆਨ ਪ੍ਰਾਪਤ ਹੋਵੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇੱਟ ਅਤੇ ਪੱਥਰ ਨਾਲ ਬਣਨ ਵਾਲਾ ਇਹ ਭਵਨ ਸ਼ਰਧਾ ਅਤੇ ਸੰਸਕਾਰਾਂ ਦੇ ਬਲ ‘ਤੇ ਇੱਕ ਤੀਰਥ ਵਜੋਂ ਵਿਕਸਤ ਹੋਵੇਗਾ।

ਗੀਤਾ ਦਾ ਗਿਆਨ ਚਿੰਤਾਵਾਂ ਨੂੰ ਖ਼ਤਮ ਕਰਦਾ ਹੈ : ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਮਾਰਗਦਰਸ਼ਨ ਹੇਠ ਹਰਿਆਣਾ ਸਰਕਾਰ ਗੀਤਾ ਦੇ ਸੰਦੇਸ਼ ਨੂੰ ਕੁਰੂਕਸ਼ੇਤਰ ਤੋਂ ਹੁਣ ਵਿਸ਼ਵ ਵਿੱਚ ਘਰ-ਘਰ ਤੱਕ ਪਹੁੰਚਾਉਣ ਦਾ ਯਤਨ ਕਰ ਰਹੀ ਹੈ, ਜਿਸ ਵਿੱਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਦਾ ਜ਼ਿਕਰਯੋਗ ਸਹਿਯੋਗ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਅਸੀਂ ਭਵਿੱਖ ਨੂੰ ਲੈ ਕੇ ਚਿੰਤਤ ਹੁੰਦੇ ਹਾਂ, ਤਾਂ ਸ੍ਰੀਮਦ ਭਗਵਦ ਗੀਤਾ ਸਾਨੂੰ ਧੀਰਜ, ਵਿਵੇਕ ਅਤੇ ਕਰਮ ਕਰਨ ਦੀ ਪ੍ਰੇਰਨਾ ਦਿੰਦੀ ਹੈ। ਮੁੱਖ ਮੰਤਰੀ ਨੇ ਕਾਮਨਾ ਕੀਤੀ ਕਿ ਇਸ ਧਾਮ ਤੋਂ ਨਿਕਲਣ ਵਾਲਾ ਅਧਿਆਤਮਿਕ ਸੰਦੇਸ਼ ਪੰਚਕੂਲਾ ਤੋਂ ਪੂਰੇ ਹਰਿਆਣਾ ਅਤੇ ਦੇਸ਼ ਭਰ ਵਿੱਚ ਫੈਲੇ।

ਪ੍ਰਧਾਨ ਮੰਤਰੀ ਨੇ ਜਨਜਾਤੀ ਗੌਰਵ ਦਿਵਸ ਨੂੰ ਰਾਸ਼ਟਰੀ ਪਛਾਣ ਦਿਵਾਈ : ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਨੂੰ ਜਨਜਾਤੀ ਗੌਰਵ ਦਿਵਸ ਵਜੋਂ ਰਾਸ਼ਟਰੀ ਪਛਾਣ ਦਿਵਾਈ। ਸਾਲ 2021 ਤੋਂ ਹਰ ਸਾਲ 15 ਨਵੰਬਰ ਨੂੰ ਇਹ ਦਿਵਸ ਮਨਾਇਆ ਜਾ ਰਿਹਾ ਹੈ, ਤਾਂ ਜੋ ਜਨਜਾਤੀ ਵੀਰਾਂ ਦੀ ਕੁਰਬਾਨੀ ਅਤੇ ਜਨਜਾਤੀ ਸਮਾਜ ਦੇ ਯੋਗਦਾਨ ਨੂੰ ਪੂਰੇ ਦੇਸ਼ ਦੇ ਸਾਹਮਣੇ ਸਤਿਕਾਰ ਸਹਿਤ ਯਾਦ ਕੀਤਾ ਜਾ ਸਕੇ। ਉਨ੍ਹਾਂ ਇਸ ਪਹਿਲਕਦਮੀ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਇਆ।

ਬਿਰਸਾ ਮੁੰਡਾ ਦਾ ਸੰਘਰਸ਼ ਇਤਿਹਾਸ ਵਿੱਚ ਦਰਜ : ਮੁੱਖ ਮੰਤਰੀ ਨੇ ਕਿਹਾ ਕਿ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦਾ ਜੀਵਨ ਸਾਹਸ, ਸੰਘਰਸ਼, ਸਵੈ-ਮਾਣ ਅਤੇ ਆਪਣੀ ਧਰਤੀ ਤੇ ਸੱਭਿਆਚਾਰ ਦੀ ਰੱਖਿਆ ਦੇ ਸੰਕਲਪ ਦਾ ਪ੍ਰਤੀਕ ਹੈ। ਮਹਿਜ਼ 25 ਸਾਲ ਦੀ ਛੋਟੀ ਉਮਰ ਵਿੱਚ ਭਗਵਾਨ ਬਿਰਸਾ ਮੁੰਡਾ ਨੇ ਅੰਗਰੇਜ਼ੀ ਹਕੂਮਤ ਦੀਆਂ ਨੀਂਹਾਂ ਹਿਲਾ ਦਿੱਤੀਆਂ ਸਨ। ਅੰਗਰੇਜ਼ੀ ਸ਼ਾਸਨ ਅਤੇ ਸ਼ੋਸ਼ਣਕਾਰੀ ਪ੍ਰਬੰਧ ਵਿਰੁੱਧ ਉਨ੍ਹਾਂ ਦਾ ਸੰਘਰਸ਼ ਇਤਿਹਾਸ ਵਿੱਚ ਦਰਜ ਹੈ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸਾਹਸ ਸਿਰਫ਼ ਹਥਿਆਰ ਚੁੱਕਣ ਵਿੱਚ ਨਹੀਂ, ਸਗੋਂ ਆਪਣੇ ਲੋਕਾਂ ਦੇ ਅਧਿਕਾਰਾਂ, ਸਨਮਾਨ ਅਤੇ ਭਵਿੱਖ ਲਈ ਨਿਡਰ ਹੋ ਕੇ ਖੜ੍ਹੇ ਹੋਣ ਵਿੱਚ ਵੀ ਹੈ। ਉਨ੍ਹਾਂ ਸਮਾਜ ਸੁਧਾਰਕ ਵਜੋਂ ਨਸ਼ੇ, ਅੰਧਵਿਸ਼ਵਾਸ ਅਤੇ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਫਿਰ ‘ਸਾਡੀ ਧਰਤੀ, ਸਾਡਾ ਰਾਜ’ ਦਾ ਨਾਅਰਾ ਦੇ ਕੇ ਜਲ, ਜੰਗਲ ਅਤੇ ਜ਼ਮੀਨ ਦੀ ਰੱਖਿਆ ਲਈ ਮਹਾਂ-ਵਿਦਰੋਹ ਦੀ ਅਗਵਾਈ ਕੀਤੀ।

ਬਿਰਸਾ ਮੁੰਡਾ ਨੇ ਗੀਤਾ ਨੂੰ ਜੀਵਨ ਵਿੱਚ ਉਤਾਰ ਕੇ ਦਿਖਾਇਆ : ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਭਗਵਾਨ ਬਿਰਸਾ ਮੁੰਡਾ ਦੇ ਜੀਵਨ ਨੂੰ ਗਹੁ ਨਾਲ ਦੇਖੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਗੀਤਾ ਨੂੰ ਆਪਣੇ ਜੀਵਨ ਵਿੱਚ ਉਤਾਰ ਕੇ ਦਿਖਾਇਆ ਅਤੇ ਗੀਤਾ ਦੇ ਸੰਦੇਸ਼ ਅਨੁਸਾਰ ਕਰਮ ਅਤੇ ਕਰਤੱਵ ਨੂੰ ਪਹਿਲ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਘੱਟ ਉਮਰ ਵਿੱਚ ਹੀ ਬੇਇਨਸਾਫ਼ੀ ਅਤੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾ ਕੇ ਜਨਜਾਤੀ ਸਮਾਜ ਵਿੱਚ ਜਾਗਰੂਕਤਾ, ਏਕਤਾ ਅਤੇ ਸੱਭਿਆਚਾਰਕ ਗੌਰਵ ਦੀ ਭਾਵਨਾ ਜਗਾਈ। ਅੱਜ ਦੇਸ਼ ਦੇ ਹਰ ਕਿਸਾਨ, ਆਦਿਵਾਸੀ ਅਤੇ ਬੇਇਨਸਾਫ਼ੀ ਵਿਰੁੱਧ ਖੜ੍ਹੇ ਹੋਣ ਵਾਲੇ ਹਰ ਨੌਜਵਾਨ ਦੇ ਅੰਦਰ ਭਗਵਾਨ ਬਿਰਸਾ ਮੁੰਡਾ ਜਿਉਂਦੇ ਹਨ।

ਪ੍ਰਮੁੱਖ ਪਤਵੰਤੇ ਸੱਜਣ ਰਹੇ ਹਾਜ਼ਰ : ਇਸ ਮੌਕੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਕਾਲਕਾ ਦੀ ਵਿਧਾਇਕਾ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ, ਮੇਅਰ ਅਤੇ ਸ੍ਰੀ ਕ੍ਰਿਸ਼ਨ ਕ੍ਰਿਪਾ ਪਰਿਵਾਰ ਪੰਚਕੂਲਾ ਟਰੱਸਟ ਦੇ ਸਰਪ੍ਰਸਤ ਸ੍ਰੀ ਸ਼ਿਆਮ ਲਾਲ ਬਾਂਸਲ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਅਜੇ ਮਿੱਤਲ, ਹਰਿਆਣਾ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਬੰਤੋ ਕਟਾਰੀਆ, ਹਰਿਆਣਾ ਸ਼ਿਵਾਲਿਕ ਵਿਕਾਸ ਬੋਰਡ ਦੇ ਕਾਰਜਕਾਰੀ ਉਪ-ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਦੇਵੀਨਗਰ, ਸੂਬਾ ਮੀਤ ਪ੍ਰਧਾਨ ਸ੍ਰੀਮਤੀ ਸੁਨੀਤਾ ਦੁੱਗਲ, ਬਾਬਾ ਭੁਪਿੰਦਰ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਬੀ.ਬੀ. ਭਾਰਤੀ, ਵਿਸ਼ੇਸ਼ ਸ਼ਿਕਾਇਤ ਨਿਵਾਰਨ ਅਧਿਕਾਰੀ ਸ੍ਰੀ ਭੋਪਾਲ ਸਿੰਘ ਖੱਦਰੀ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਸ੍ਰੀ ਐਸ.ਪੀ. ਸਿੰਗਲਾ, ਸ੍ਰੀ ਕ੍ਰਿਸ਼ਨ ਕ੍ਰਿਪਾ ਪਰਿਵਾਰ ਪੰਚਕੂਲਾ ਟਰੱਸਟ ਦੇ ਅਹੁਦੇਦਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Exit mobile version