ਚੰਡੀਗੜ੍ਹ, 16 ਨਵੰਬਰ, 2026 (ਸੰਜੀਵ ਸ਼ਰਮਾ ) : ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ 1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਦੌਰਾਨ ਅੰਗਰੇਜ਼ਾਂ ਵੱਲੋਂ ਜਿਨ੍ਹਾਂ ਕ੍ਰਾਂਤੀਕਾਰੀਆਂ ਨੂੰ ਦਰੱਖਤਾਂ ਨਾਲ ਟੰਗ-ਟੰਗ ਕੇ ਗੋਲੀਆਂ ਮਾਰੀਆਂ ਗਈਆਂ, ਜਿਨ੍ਹਾਂ ‘ਤੇ ਕੋਹਲੂ ਚਲਵਾਏ ਗਏ ਅਤੇ ਪਿੰਡਾਂ ਦੇ ਪਿੰਡ ਸਾੜ ਦਿੱਤੇ ਗਏ, ਅਜਿਹੇ ਸਾਰੇ ਗਿਆਤ-ਅਗਿਆਤ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਲਈ ਅੱਜ ਅਸੀਂ ਸ਼ਹੀਦ ਸਮਾਰਕ ਵਿੱਚ ਹਵਨ ਯੱਗ ਕੀਤਾ ਹੈ ਅਤੇ ਅੱਜ ਤੋਂ ਹੀ ਸ਼ਹੀਦ ਸਮਾਰਕ ਲੋਕਾਂ ਲਈ ਖੁੱਲ੍ਹ ਗਿਆ ਹੈ। ਲੋਕ ਸਮਾਰਕ ਵਿੱਚ ਆ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੀਆਂ ਗਾਥਾਵਾਂ ਨੂੰ ਦੇਖ ਸਕਦੇ ਹਨ। ਸ੍ਰੀ ਵਿਜ ਅੱਜ ਐਤਵਾਰ ਨੂੰ ਅੰਬਾਲਾ ਛਾਉਣੀ ਵਿੱਚ 1857 ਆਜ਼ਾਦੀ ਦੀ ਪਹਿਲੀ ਲੜਾਈ ਨੂੰ ਸਮਰਪਿਤ ਸ਼ਹੀਦ ਸਮਾਰਕ ਵਿੱਚ ਹਵਨ ਯੱਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ 1857 ਦੀ ਆਜ਼ਾਦੀ ਦੀ ਲੜਾਈ ਕਾਂਗਰਸ ਦੇ ਜਨਮ ਤੋਂ 28 ਸਾਲ ਪਹਿਲਾਂ ਸਾਰੇ ਦੇਸ਼ ਵਿੱਚ ਲੜੀ ਗਈ ਸੀ, ਉਸ ਦੇ ਇਤਿਹਾਸ ਨੂੰ ਭੁਲਾ ਦਿੱਤਾ ਗਿਆ ਸੀ। ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਅੰਬਾਲਾ ਛਾਉਣੀ ਵਿੱਚ ਇੱਕ ਸ਼ਾਨਦਾਰ ਸ਼ਹੀਦ ਸਮਾਰਕ ਬਣਾਇਆ ਹੈ ਅਤੇ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ 5 ਨਵੰਬਰ ਨੂੰ ਇਸ ਦਾ ਲੋਕ ਅਰਪਣ ਕਰ ਦਿੱਤਾ ਹੈ। ਇਹ ਲੜਾਈ ਅੰਬਾਲਾ ਛਾਉਣੀ ਤੋਂ ਸ਼ੁਰੂ ਹੋਈ ਸੀ ਅਤੇ ਪੂਰੇ ਦੇਸ਼ ਵਿੱਚ ਅਜਿਹਾ ਇੱਕ ਵੀ ਸਮਾਰਕ ਨਹੀਂ ਹੈ, ਜਿਸ ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਨੂੰ ਸਮਰਪਿਤ ਸਾਰੇ ਸ਼ਹੀਦਾਂ ਨੂੰ ਦਿਖਾਇਆ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਸ਼ਹੀਦ ਸਮਾਰਕ ਵਿੱਚ 23 ਗੈਲਰੀਆਂ ਹਨ ਅਤੇ ਇਸ ਨੂੰ ਦੇਖਣ ਵਿੱਚ ਲਗਭਗ 6 ਘੰਟੇ ਲੱਗਦੇ ਹਨ। ਇੱਥੇ ਰਾਤ ਨੂੰ ਲਾਈਟ ਐਂਡ ਸਾਊਂਡ ਸ਼ੋਅ ਵੀ ਦਿਖਾਇਆ ਜਾਵੇਗਾ। ਇਸ ਵਿੱਚ ਇੱਕ ਗੈਲਰੀ ਅਜਿਹੀ ਬਣਾਈ ਗਈ ਹੈ, ਜਿਸ ਵਿੱਚ ਹਰ ਦਰਸ਼ਕ ਜ਼ਰੂਰ ਜਾਵੇ। ਉਹ ਗੈਲਰੀ ਜਿੱਥੇ ਸਾਰੇ ਸ਼ਹੀਦਾਂ ਨੂੰ ਜਾ ਕੇ ਆਪਣੀ ਸ਼ਰਧਾਂਜਲੀ ਦੇਣਗੇ। ਇੱਥੇ ਅਜਿਹਾ ਪ੍ਰਬੰਧ ਬਣਾਇਆ ਗਿਆ ਹੈ ਕਿ ਸ਼ਰਧਾਂਜਲੀ ਦੇਣ ਵਾਲੇ ਦਾ ਨਾਮ ਵੀ ਰਜਿਸਟਰ ਹੋਵੇਗਾ। ਉਨ੍ਹਾਂ ਇੱਥੇ ਆਉਣ ਵਾਲੇ ਲੋਕਾਂ ਨੂੰ ਸੱਦਾ ਦਿੱਤਾ ਕਿ ਲੋਕ ਇਸ ਗੈਲਰੀ ਵਿੱਚ ਜ਼ਰੂਰ ਜਾਣ ਅਤੇ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹੋਏ ਉੱਥੇ ਸ਼ਰਧਾਂਜਲੀ ਭੇਟ ਕਰਨ।
ਊਰਜਾ ਮੰਤਰੀ ਨੇ ਦੱਸਿਆ ਕਿ ਇਸ ਸ਼ਹੀਦੀ ਸਮਾਰਕ ਨੂੰ ਬਣਾਉਣ ਵਿੱਚ ਲਗਭਗ 600 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਦੀ ਬੁਕਿੰਗ ਖੁੱਲ੍ਹ ਗਈ ਹੈ। ਹਾਲੇ ਟ੍ਰਾਇਲ ਰਨ ਕੀਤਾ ਜਾ ਰਿਹਾ ਹੈ, ਇਸ ਲਈ ਇੱਕ ਦਿਨ ਵਿੱਚ ਸਿਰਫ਼ 500 ਲੋਕਾਂ ਨੂੰ ਸ਼ਹੀਦ ਸਮਾਰਕ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਅੱਜ ਤੋਂ ਯਾਨੀ 15 ਨਵੰਬਰ ਤੋਂ 15 ਦਸੰਬਰ ਤੱਕ ਜੋ ਬੁਕਿੰਗ ਕਰਵਾਏਗਾ, ਉਸ ਦੀ ਐਂਟਰੀ ਫ੍ਰੀ ਹੈ। ਬੁਕਿੰਗ ਆਨਲਾਈਨ ਵੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਜੋ ਬੁਕਿੰਗ ਹੋਈ ਸੀ, ਉਸ ਵਿੱਚ ਕੁਝ ਲੋਕਾਂ ਨੇ ਬਿਨਾਂ ਆਧਾਰ ਕਾਰਡ ਦੇ ਬੁਕਿੰਗ ਕਰ ਦਿੱਤੀ ਸੀ, ਤਾਂ ਅਸੀਂ ਉਸ ਨੂੰ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਦੇ ਸਲਾਟ ਖਾਲੀ ਹੋ ਗਏ ਸਨ। ਹੁਣ ਅਸੀਂ ਆਧਾਰ ਕਾਰਡ ਲਾਜ਼ਮੀ ਕਰ ਦਿੱਤਾ ਹੈ। ਹੁਣ ਬਿਨਾਂ ਆਧਾਰ ਕਾਰਡ ਦੇ ਬੁਕਿੰਗ ਨਹੀਂ ਹੋਵੇਗੀ। ਇਸ ਮਹੀਨੇ ਦੀਆਂ ਕੁਝ ਸੀਟਾਂ ਖਾਲੀ ਹੋ ਗਈਆਂ ਹਨ। ਜੇਕਰ ਲੋਕ ਜਾਣਗੇ ਤਾਂ ਉਨ੍ਹਾਂ ਵਿੱਚ ਬੁਕਿੰਗ ਕਰ ਸਕਣਗੇ ਅਤੇ ਜਲਦੀ ਹੀ ਫੀਸ ਵਾਲੀ ਬੁਕਿੰਗ ਵੀ ਸ਼ੁਰੂ ਕਰ ਦੇਵਾਂਗੇ।
ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨਵਾਂ ਇਤਿਹਾਸ, ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਲਿਖਣ ਦਾ ਕੰਮ ਕੀਤਾ ਹੈ, ਉਹ ਆਉਣ ਵਾਲੀ ਪੀੜ੍ਹੀ ਨੂੰ ਜ਼ਰੂਰ ਦਿਖਾਇਆ ਜਾਵੇ ਕਿਉਂਕਿ ਪਹਿਲਾਂ ਇਨ੍ਹਾਂ ਬਾਰੇ ਗ਼ਲਤ ਹੀ ਪੜ੍ਹਾਉਂਦੇ ਸਨ। ਸ਼ਹੀਦਾਂ ਬਾਰੇ ਕਦੇ ਦੱਸਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਲਈ ਇੱਕ ਕਦਮ ਵੀ ਕਿਸੇ ਨੇ ਆਪਣੇ ਘਰੋਂ ਬਾਹਰ ਕੱਢਿਆ, ਤਾਂ ਉਹ ਉਨ੍ਹਾਂ ਦੇ ਚਰਨ ਸਪਰਸ਼ ਕਰਦੇ ਹਨ। ਪਰ ਜਿਨ੍ਹਾਂ ਨੂੰ ਭੁਲਾ ਦਿੱਤਾ ਗਿਆ, ਉਨ੍ਹਾਂ ਦੀ ਯਾਦ ਵਿੱਚ ਇਹ ਸਮਾਰਕ ਬਣਾਇਆ ਗਿਆ ਹੈ। ਉਹ ਚਾਹੁੰਦੇ ਹਨ ਕਿ ਨੌਜਵਾਨ ਪੀੜ੍ਹੀ ਇਸ ਨੂੰ ਜ਼ਰੂਰ ਦੇਖੇ। ਅਸੀਂ ਸਰਕਾਰ ਨੂੰ ਵੀ ਲਿਖਿਆ ਹੈ ਕਿ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਨੂੰ ਇੱਥੇ ਸਮਾਰਕ ਦਿਖਾਉਣ ਲਈ ਪ੍ਰਬੰਧ ਕੀਤਾ ਜਾਵੇ।
ਇਸ ਉਪਰੰਤ ਸ੍ਰੀ ਵਿਜ ਨੇ ਅਜਾਇਬ ਘਰ ਵਿੱਚ ਜਾ ਕੇ ਟਿਕਟਿੰਗ ਪ੍ਰਬੰਧ ਨੂੰ ਵੀ ਪਰਖਿਆ ਅਤੇ ਇੱਥੇ ਆਜ਼ਾਦੀ ਦੀ ਪਹਿਲੀ ਲੜਾਈ ਯਾਨੀ ਅੰਬਾਲਾ ਤੋਂ ਜੋ ਆਜ਼ਾਦੀ ਦੀ ਕ੍ਰਾਂਤੀ ਸ਼ੁਰੂ ਹੋਈ ਸੀ, ਉਸ ‘ਤੇ ਆਧਾਰਿਤ ਫ਼ਿਲਮ ਨੂੰ ਦੇਖਿਆ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਸ੍ਰੀ ਅਨਿਲ ਵਿਜ ਵੱਲੋਂ ਖੁਦ ਬਣਾਈ ਗਈ ਹੈ। ਇਸ ਫ਼ਿਲਮ ਵਿੱਚ ਇਹ ਦਰਸਾਇਆ ਗਿਆ ਹੈ ਕਿ ਆਜ਼ਾਦੀ ਦੀ ਲੜਾਈ ਵਿੱਚ ਅੰਬਾਲਾ ਨਾਲ ਸਬੰਧਤ ਘਟਨਾ ਵਿੱਚ 135 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ 33 ਬੰਦੀ ਸਨ। ਸ੍ਰੀ ਵਿਜ ਨੇ ਕਿਹਾ ਕਿ ਅੱਜ ਅਸੀਂ ਜੋ ਆਜ਼ਾਦੀ ਦਾ ਸਾਹ ਲੈ ਰਹੇ ਹਾਂ, ਉਹ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੈ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਆਪਣੀਆਂ ਜਾਨਾਂ ਨੂੰ ਹੱਸਦੇ-ਹੱਸਦੇ ਕੁਰਬਾਨ ਕਰ ਦਿੱਤਾ। ਇਹ ਸ਼ਾਨਦਾਰ ਸਮਾਰਕ ਸ਼ਹੀਦਾਂ ਨੂੰ ਸਮਰਪਿਤ ਹੈ। ਸ਼ਹੀਦ ਸਮਾਰਕ ਦੇ ਨਿਰਦੇਸ਼ਕ ਡਾ. ਕੁਲਦੀਪ ਸੈਣੀ ਨੇ ਦੱਸਿਆ ਕਿ ਅੱਜ ਸਮਾਰਕ ਦੇ ਖੁੱਲ੍ਹਣ ਤੋਂ ਬਾਅਦ ਪਹਿਲੇ ਸਲਾਟ ਵਿੱਚ ਪਹੁੰਚੇ ਦਰਸ਼ਕਾਂ ਦਾ ਫੁੱਲ ਭੇਟ ਕਰਕੇ ਸਵਾਗਤ ਕੀਤਾ ਗਿਆ। ਅੱਗੇ ਵੀ ਸਲਾਟ ਅਨੁਸਾਰ ਦਰਸ਼ਕਾਂ ਨੂੰ ਸ਼ਹੀਦ ਸਮਾਰਕ ਦਿਖਾਉਣ ਦਾ ਕੰਮ ਕੀਤਾ ਜਾਵੇਗਾ।
