ਪਟਿਆਲਾ 29 ਅਕਤੂਬਰ, 2026 (ਛਤਰਪਾਲ ਸਿੰਘ ) : ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਭਾਸ਼ਾ ਭਵਨ ਵਿਖੇ ਉੱਘੇ ਸ਼ਾਇਰ ਸਾਹਿਰ ਲੁਧਿਆਣਵੀ ਦੀ ਯਾਦ ਵਿੱਚ ‘ਬਜ਼ਮ-ਏ-ਸ਼ਾਇਰੀ’ ਦੇ ਬੈਨਰ ਹੇਠ ਉਰਦੂ ਮੁਸ਼ਾਇਰਾ ਕਰਵਾਇਆ ਗਿਆ। ਜਿਸ ਵਿੱਚ ਦੇਸ਼ ਦੇ ਨਾਮਵਰ ਸ਼ਾਇਰਾਂ ਨੇ ਰੰਗ ਬੰਨ੍ਹਿਆ। ਮੁਸ਼ਾਇਰੇ ਦੀ ਪ੍ਰਧਾਨਗੀ ਉੱਘੇ ਸ਼ਾਇਰ ਡਾ. ਅਜ਼ੀਜ਼ ਪਰਿਹਾਰ ਨੇ ਕੀਤੀ ਅਤੇ ਮੁਸ਼ਾਇਰੇ ਦੀ ਨਜ਼ਾਮਤ ਦਿੱਲੀ ਤੋਂ ਆਏ ਜਨਾਬ ਸਲਮਾਨ ਸਈਅਦ ਨੇ ਕੀਤੀ।ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਪੰਜਾਬ ਦੀ ਸਰਜ਼ਮੀਨ ਬਹੁਤ ਵਿਲੱਖਣ ਹੈ ਜਿੱਥੇ ਬਹੁਤ ਸਾਰੀਆਂ ਭਾਸ਼ਾਵਾਂ ਦੀ ਉਤਪਤੀ ਹੋਈ ਹੈ। ਉਂਞ ਤਾਂ ਸਮੁੱਚੇ ਦੱਖਣੀ ਏਸ਼ੀਆ ’ਚ ਭੂਗੋਲਿਕ, ਭਾਸ਼ਾਈ, ਸਮਾਜਿਕ ਤੇ ਸੱਭਿਆਚਾਰਕ ਪੱਖੋਂ ਅਨੇਕ ਸਮਾਨਤਾਵਾਂ ਹਨ। ਵੱਡੀ ਗੱਲ ਇਹ ਹੈ ਕਿ ਸਾਡੇ ਗੁਰੂਆਂ ਨੇ ਵੀ ਇਸ ਬਹੁਰੰਗੇ ਖਿੱਤੇ ਦੀਆਂ ਵੱਖ-ਵੱਖ ਥਾਵਾਂ ਤੋਂ ਬਾਣੀ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕੀਤੀ। ਫਾਰਸੀ ਭਾਸ਼ਾ ਮਹਾਰਾਜਾ ਰਣਜੀਤ ਸਿੰਘ ਦੇ ਕਾਲ ’ਚ ਰਾਜ ਭਾਸ਼ਾ ਦਾ ਰੁਤਬਾ ਪ੍ਰਾਪਤ ਸੀ। ਇਸ ਤੋਂ ਬਾਅਦ ਹੀ ਫਾਰਸੀ ਅਤੇ ਹੋਰ ਭਾਸ਼ਾਵਾਂ ਦੇ ਸੁਮੇਲ ਨਾਲ ਉਰਦੂ ਵਰਗੀ ਮੇਲ ਮਿਲਾਪ ਵਾਲੀ ਭਾਸ਼ਾ ਦੀ ਉਤਪਤੀ ਹੋਈ। ਸਾਨੂੰ ਚਾਹੀਦਾ ਹੈ ਕਿ ਸਾਡੀ ਇਸ ਵਂ ਸੁਵੰਨਤਾ ਨੂੰ ਮਾਣੀਏ ਅਤੇ ਉਸ ਦਾ ਮਾਣ ਕਰੀਏ।

ਮੁਸ਼ਾਇਰੇ ਦੀ ਸ਼ੁਰੂਆਤ ਮਾਲੇਰਕੋਟਲਾ ਤੋਂ ਆਏ ਜ਼ਫ਼ਰ ਅਹਿਮਦ ਜ਼ਫ਼ਰ ਨੇ ‘ਮੇਰੇ ਦਿਲ ਕੀ ਆਰਜ਼ੂ..’ ਗ਼ਜ਼ਲ ਨਾਲ ਕੀਤੀ। ਫਿਰ ਪਰਮਿੰਦਰ ਸ਼ੋਖ਼ ਨੇ ‘ਨਾ ਥਾ ਮਹਿਫ਼ੂਜ਼ ਪਹਿਲੇ ਵੀ ਕਹੀ ਸੱਚ ਬੋਲਨੇ ਵਾਲਾ..’ ਗ਼ਜ਼ਲ ਨਾਲ ਅਜੋਕੀਆਂ ਸਮਾਜਿਕ ਪ੍ਰਸਥਿਤੀਆਂ ’ਤੇ ਚੋਟ ਕੀਤੀ। ਮੁਹੰਮਦ ਮੁਅੱਜ਼ਮ ਸੈਫ਼ੀ ਨੇ ਧੀਆਂ ਦੀ ਅਹਿਮੀਅਤ ਬਾਰੇ ਆਪਣਾ ਕਲਾਮ ਪੇਸ਼ ਕੀਤਾ। ਚੰਡੀਗੜ੍ਹ ਤੋਂ ਆਈ ਸ਼ਾਇਰਾ ਸ਼ਹਿਨਾਜ਼ ਭਾਰਤੀ ਨੇ ਤਰੰਨਮ ’ਚ ਤਿੰਨ ਗ਼ਜ਼ਲਾਂ ਪੇਸ਼ ਕਰਕੇ ਖ਼ੂਬ ਦਾਦ ਹਾਸਲ ਕੀਤੀ। ਪਟਿਆਲਵੀ ਸ਼ਾਇਰ ਅਮਰਦੀਪ ਅਮਰ ਨੇ ਆਪਣੇ ਸ਼ਿਅਰਾਂ ਨਾਲ ਸਭ ਦਾ ਮਨ ਮੋਹ ਲਿਆ। ਦਿੱਲੀ ਤੋਂ ਆਈ ਮੁਹਤਰਮਾ ਮੁਸਕਾਨ ਮਜੀਦ ਨੇ ਅਜੋਕੇ ਸਮਾਜ ’ਚ ਧੀਆਂ ਦੀ ਹਾਲਤ ਬਾਰੇ ਗ਼ਜ਼ਲ ਸੁਣਾਈ। ਅੰਮ੍ਰਿਤਪਾਲ ਸ਼ੈਦਾ ਨੇ ਜੋਸ਼ੀਲੇ ਅੰਦਾਜ਼ ’ਚ ਸ਼ੇਅਰ ਤੇ ਗ਼ਜ਼ਲਾਂ ਸੁਣਾ ਕੇ ਮੁਸ਼ਾਇਰੇ ਨੂੰ ਨਵਾਂ ਰੰਗ ਪ੍ਰਦਾਨ ਕੀਤਾ। ਸਲਮਾਨ ਸਈਅਦ ਨੇ ‘ਹਮ ਹੈ ਜ਼ੰਜੀਰੋ ਕੀ ਖਨ ਖਨ ਕੇ ਵਿਗਾੜੇ ਹੋਏ ਲੋਕ, ਤੇਰੀ ਪਾਜ਼ੇਬ ਕੀ ਛਨ-ਛਨ ਮੇਂ ਨਹੀਂ ਆ ਸਕਤੇ’, ਵਰਗੇ ਸ਼ਿਅਰਾਂ ਨਾਲ ਮੁਹੱਬਤ ਤੇ ਦਲੇਰੀ ਵਾਲੇ ਰੰਗ ਬਿਖੇਰੇ। ਬੀਕਾਨੇਰ ਤੋਂ ਆਈ ਸ਼ਾਇਰਾ ਪ੍ਰਿਯੰਵਦਾ ਇਲਹਾਨ ਨੇ ਨੌਜਵਾਨ ਦਿਲਾਂ ਦੇ ਵਲਵਲਿਆਂ ਦੀ ਤਰਜ਼ਮਾਨੀ ਕਰਦੀਆਂ ਗ਼ਜ਼ਲਾਂ ਸੁਣਾਕੇ ਖ਼ੂਬ ਦਾਦ ਹਾਸਲ ਕੀਤੀ। ਲੁਧਿਆਣਾ ਤੋਂ ਆਏ ਮੁਕੇਸ਼ ਆਲਮ ਨੇ ‘ਹਰ ਬਾਤ ਸੁਨੇ ਇਤਨਾ ਮਜ਼ਬੂਰ ਨਹੀਂ ਹੈ, ਯੇ ਦਿਲ ਤੇਰਾ ਮਸ਼ਕੂਰ ਹੈ ਮਜ਼ਦੂਰ ਨਹੀਂ ਹੈ”, ਵਰਗੇ ਸ਼ਿਅਰ ਸੁਣਾ ਕੇ ਹਰ ਸਰੋਤੇ ਨੂੰ ਵਾਰ-ਵਾਰ ਤਾੜੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ। ਬਿਲਾਲ ਸਹਾਰਨਪੁਰੀ ਨੇ ‘ਅਦਬ ਕਹਿਤੇ ਹੈ ਜਿਸ ਕੋ ਵੋ ਅਦਾਕਾਰੀ ਨਾ ਹੋ ਜਾਏ, ਮੁਝੇ ਡਰ ਹੈ ਮੇਰਾ ਲਹਿਜਾ ਵੀ ਦਰਬਾਰੀ ਨਾ ਹੋ ਜਾਏ’ ਵਰਗੇ ਸ਼ੇਅਰ ਸੁਣਾਕੇ ਦੇਸ਼ ਦੀ ਅਜੋਕੀ ਸਿਆਸਤ ਤੇ ਸਿਸਟਮ ’ਤੇ ਗੰਭੀਰ ਵਿਅੰਗ ਕੀਤੇ ਅਤੇ ਮੁਸ਼ਾਇਰੇ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ।
ਮੁਸ਼ਾਇਰੇ ਦੀ ਪ੍ਰਧਾਨਗੀ ਕਰ ਰਹੇ ਡਾ. ਅਜ਼ੀਜ਼ ਪਰਿਹਾਰ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਰਦੂ ਭਾਸ਼ਾ ਨੂੰ ਦਿੱਤੇ ਜਾ ਰਹੇ ਸਤਿਕਾਰ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਸ਼ਾਇਰੇ ’ਚ ਉਰਦੂ ਗ਼ਜ਼ਲ ਦਾ ਹਰ ਰੰਗ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਮੂਲ ਰੂਪ ’ਚ ਉਰਦੂ ਸ਼ਾਇਰੀ ਚੇਤਨਾ ਪ੍ਰਵਾਹ ਦਾ ਵੱਡਾ ਸ੍ਰੋਤ ਹੈ। ਇਹ ਜ਼ਿੰਦਗੀ ਨੂੰ ਨਵੇਂ ਜ਼ਾਵੀਏ ਤੋਂ ਦੇਖਣ ਦੇ ਅਹਿਸਾਸ ਪੈਦਾ ਕਰਦੀ ਹੈ। ਅਖ਼ੀਰ ’ਚ ਉਨ੍ਹਾਂ ਦੋ ਗ਼ਜ਼ਲਾਂ ਨਾਲ ਮੁਸ਼ਾਇਰੇ ਨੂੰ ਨੇਪਰੇ ਚਾੜ੍ਹਿਆ। ਉਰਦੂ ਭਾਗ ਦੇ ਇੰਚਾਰਜ ਸਤਪਾਲ ਸਿੰਘ ਚਹਿਲ ਦੀ ਦੇਖ-ਰੇਖ ’ਚ ਕਰਵਾਏ ਗਏ ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਖੋਜ ਅਫ਼ਸਰ ਨੇ ਬਾਖ਼ੂਬੀ ਕੀਤਾ। ਅਖ਼ੀਰ ਵਿੱਚ ਸਾਰੇ ਸ਼ਾਇਰਾ ਨੂੰ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਗੁਰਦੇਵ ਸਿੰਘ ਧੰਮ, ਪਦਮ ਸ੍ਰੀ ਪ੍ਰਾਣ ਸੱਭਰਵਾਲ, ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਸੁਰਿੰਦਰ ਕੌਰ, ਜਸਪ੍ਰੀਤ ਕੌਰ ਤੇ ਦੇਵਿੰਦਰ ਕੌਰ, ਖੋਜ ਅਫ਼ਸਰ ਡਾ. ਸੰਤੋਖ ਸੁੱਖੀ, ਸ਼੍ਰੋਮਣੀ ਕਵੀ ਬਲਵਿੰਦਰ ਸੰਧੂ, ਡਾ. ਅਮਰਜੀਤ ਸਿੰਘ, ਡਾ. ਆਸ਼ਾ ਕਿਰਨ, ਇੰਜੀ. ਰਮਿੰਦਰਜੀਤ ਸਿੰਘ, ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਅਸ਼ਰਫ਼ ਮਹਿਮੂਦ ਨੰਦਨ, ਇੰਜੀ. ਅਮਰਜੀਤ ਸਿੰਘ, ਨਵਦੀਪ ਮੁੰਡੀ, ਡਾ. ਗੁਰਸੇਵਕ ਲੰਬੀ, ਸੁਖਵਿੰਦਰ ਸਿੰਘ ਫੁੱਲ, ਸ਼ਾਇਰ ਡਾ. ਸੰਦੀਪ ਸ਼ਰਮਾ, ਲਕਸ਼ਮੀ ਨਰਾਇਣ ਭੀਖੀ, ਅਦਾਕਾਰ ਬਲਵਿੰਦਰ ਬੁਲਟ ਤੇ ਹਰਸ਼ਜੋਤ ਕੌਰ ਸਮੇਤ ਵੱਡੀ ਗਿਣਤੀ ’ਚ ਸਰੋਤੇ ਹਾਜ਼ਰ ਸਨ।






