Home ਹਰਿਆਣਾ ਵਿਮੁਕਤ ਅਤੇ ਘੁਮੰਤੂ ਸਮਜ ਦਾ ਇਤਿਹਾਸ ਸਵੈਮਾਨ ਅਤੇ ਵੀਰਤਾ ਦੀ ਹੈ ਗਾਥਾ- ਮੁੱਖ ਮੰਤਰੀ...

ਵਿਮੁਕਤ ਅਤੇ ਘੁਮੰਤੂ ਸਮਜ ਦਾ ਇਤਿਹਾਸ ਸਵੈਮਾਨ ਅਤੇ ਵੀਰਤਾ ਦੀ ਹੈ ਗਾਥਾ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

CM Nayab Singh Saini highlights the courage, self-respect and valorous history of denotified and nomadic communities.

0

ਚੰਡੀਗੜ੍ਹ, 31 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਵਿਮੁਕਤ ਅਤੇ ਘੁਮੰਤੂ ਸਮਾਜ ਦਾ ਇਤਿਹਾਸ ਬਹੁਤ ਪੁਰਾਣਾ, ਗੌਰਵਸ਼ਾਲੀ ਅਤੇ ਪ੍ਰੇਰਣਾਦਾਇਕ ਹੈ। ਔਖੇ ਤੋਂ ਔਖੇ ਹਾਲਾਤ ਵਿੱਚ ਵੀ ਇਸ ਸਮਾਜ ਦੇ ਲੋਕਾਂ ਨੇ ਆਪਣੀ ਅਟੁੱਟ ਮਿਹਨਤ, ਅਮੀਰ ਕਲਾ, ਅਨੋਖੀ ਸੱਭਿਆਚਾਰ ਅਤੇ ਆਪਣੇ ਸਵਾਭੀਮਾਨ ਨੂੰ ਹਮੇਸ਼ਾ ਜ਼ਿੰਦਾ ਰੱਖਿਆ ਹੈ। ਜਦੋਂ ਵੀ ਅਸੀਂ ਭਾਰਤ ਦੇ ਇਤਿਹਾਸ ਅਤੇ ਇਸ ਦੇ ਸੁਨਹਿਰੀ ਅਤੀਤ ਵੱਲ ਦੇਖਦੇ ਹਾਂ, ਤਾਂ ਵਿਮੁਕਤ ਅਤੇ ਘੁਮੰਤੂ ਸਮਾਜ ਦੇ ਸੂਰਬੀਰਾਂ ਅਤੇ ਮਹਾਂਪੁਰਖਾਂ ਦਾ ਯੋਗਦਾਨ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਦਿਖਾਈ ਦਿੰਦਾ ਹੈ। ਭਾਈ ਮੱਖਣ ਸ਼ਾਹ ਲੁਬਾਣਾ ਜੀ, ਜਿਨ੍ਹਾਂ ਨੇ ਸੱਚੇ ਗੁਰੂ ਦੀ ਪਛਾਣ ਕਰਵਾ ਕੇ ਪੂਰੀ ਦੁਨੀਆ ਨੂੰ ਸਹੀ ਰਾਹ ਦਿਖਾਇਆ। ਭਾਈ ਲੱਖੀ ਸ਼ਾਹ ਬਣਜਾਰਾ ਜੀ ਅਤੇ ਭਾਈ ਨਿਗਾਹੀਆ ਜੀ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸਰੀਰ ਦਾ ਆਪਣੇ ਘਰ ਵਿੱਚ ਅੰਤਿਮ ਸੰਸਕਾਰ ਕਰਕੇ ਆਪਣਾ ਸੱਭ ਕੁੱਝ ਨਿਛਾਵਰ ਕਰ ਦਿੱਤਾ। ਯੋਧਾ ਭਾਈ ਜੈਤਾ ਜੀ, ਜੋ ਕਿ ਚਾਂਦਨੀ ਚੌਂਕ ਤੋਂ ਗੁਰੂ ਸਾਹਿਬ ਦਾ ਪਾਵਨ ਸ਼ੀਸ਼ ਆਨੰਦਪੁਰ ਸਾਹਿਬ ਪਹੁੰਚਾ ਕੇ ‘ਗੁਰੂ ਕਾ ਬੇਟਾ‘ ਅਖਵਾਏ।

ਮੁੱਖ ਮੰਤਰੀ ਐਤਵਾਰ ਨੂੰ ਆਪਣੇ ਚੰਡੀਗੜ੍ਹ ਸਥਿਤ ਨਿਵਾਸ ਸੰਤ ਕਬੀਰ ਕੁਟੀਰ ਵਿਖੇ ਆਯੋਜਿਤ ਹਰਿਆਣਾ ਅਤੇ ਪੰਜਾਬ ਦੀਆਂ ਸਮੂਹ ਘੁਮੰਤੂ ਜਾਤੀਆਂ ਦੇ ਵਫਦ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਿਕਲੀਗਰ ਅਤੇ ਬਣਜਾਰਾ ਸਮਾਜ ਦੇ ਹੁਨਰਮੰਦ ਵੀਰਾਂ ਨੇ ਮੁਗਲਾਂ ਵਿਰੁੱਧ ਯੁੱਧ ਵਿੱਚ ਅਚੁੱਕ ਅਸਤਰ-ਸ਼ਸਤਰ ਬਣਾ ਕੇ ਖਾਲਸਾ ਫ਼ੌਜ ਨੂੰ ਤਾਕਤ ਦਿੱਤੀ। ਭਾਮਾਸ਼ਾਹ ਅਤੇ ਬਣਜਾਰਾ ਸਮਾਜ ਦੇ ਨਾਇਕ, ਜਿਨ੍ਹਾਂ ਨੇ ਮਹਾਰਾਣਾ ਪ੍ਰਤਾਪ ਦੇ ਸਵਾਭੀਮਾਨ ਸੰਗ੍ਰਾਮ ਵਿੱਚ ਰਸਦ-ਸਮੱਗਰੀ ਪਹੁੰਚਾ ਕੇ ਦੇਸ਼ ਦੀ ਰੱਖਿਆ ਕੀਤੀ। ਇਹ ਸਾਰੇ ਸਾਡੇ ਰਾਸ਼ਟਰ ਦੇ ਅਸਲ ਹੀਰੋ ਹਨ। ਉਨ੍ਹਾਂ ਕਿਹਾ ਕਿ ਵੀਰਤਾ ਤੁਹਾਨੂੰ ਆਪਣੇ ਪੁਰਖਿਆਂ ਤੋਂ ਵਿਰਸੇ ਵਿੱਚ ਮਿਲੀ ਹੈ। ਇਸੇ ਰਾਸ਼ਟਰਭਗਤੀ ਦੇ ਬਲ ‘ਤੇ ਤੁਸੀਂ ਆਜ਼ਾਦੀ ਦੇ ਅੰਦੋਲਨ ਵਿੱਚ ਅੰਗਰੇਜ਼ੀ ਹਕੂਮਤ ਦੀ ਨੱਕ ਵਿੱਚ ਦਮ ਕਰ ਦਿੱਤਾ ਸੀ। ਇਸ ਤੋਂ ਬੌਖਲਾ ਕੇ ਅੰਗਰੇਜ਼ਾਂ ਨੇ 1871 ਵਿੱਚ ‘ਕ੍ਰਿਮੀਨਲ ਟ੍ਰਾਈਬਸ ਐਕਟ‘ ਨਾਮ ਦਾ ਕਾਲਾ ਕਾਨੂੰਨ ਬਣਾ ਕੇ ਤੁਹਾਡੇ ਦੇਸ਼ ਭਗਤ ਸਮਾਜ ਨੂੰ ਜਨਮਜਾਤ ਅਪਰਾਧੀ ਘੋਸ਼ਿਤ ਕਰਨ ਦਾ ਘਿਣਾਉਣਾ ਪਾਪ ਕੀਤਾ। ਆਜ਼ਾਦੀ ਤੋਂ ਬਾਅਦ 31 ਅਗਸਤ, 1952 ਨੂੰ ਇਹ ਕਲੰਕ ਹਮੇਸ਼ਾ ਲਈ ਮਿਟਿਆ, ਇਸੇ ਲਈ ਇਸ ਇਤਿਹਾਸਕ ਦਿਨ ਨੂੰ ਅਸੀਂ ‘ਵਿਮੁਕਤੀ ਦਿਵਸ‘ ਵਜੋਂ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ ਸਿਰਫ਼ ਵਿਮੁਕਤੀ ਦਿਵਸ ਮਨਾਉਣ ਨਾਲ ਕੰਮ ਨਹੀਂ ਚੱਲਣ ਵਾਲਾ। ਤੁਹਾਨੂੰ ਉਹ ਸਭ ਮਿਲਣਾ ਚਾਹੀਦਾ ਹੈ ਜੋ ਅੰਗਰੇਜ਼ਾਂ ਨੇ ਤੁਹਾਡੇ ਕੋਲੋਂ ਖੋਹਿਆ ਸੀ। ਆਜ਼ਾਦੀ ਤੋਂ ਬਾਅਦ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੀਆਂ ਸਰਕਾਰਾਂ ਨੇ ਸਮਾਜ ਦੀ ਸਾਰ ਨਹੀਂ ਲਈ ਅਤੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਰੱਖਿਆ।

ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਦੀ ਬਾਗਡੋਰ ਸੰਭਾਲੀ, ਤਾਂ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਅਤੇ ਸਭ ਕਾ ਪ੍ਰਯਾਸ‘ ਦਾ ਮੂਲਮੰਤਰ ਦਿੱਤਾ। ਸਾਡੀ ਡਬਲ ਇੰਜਣ ਸਰਕਾਰ ਇਸੇ ਭਾਵਨਾ ਨਾਲ ਗ਼ਰੀਬ ਭਲਾਈ ਦੇ ਕੰਮ ਕਰ ਰਹੀ ਹੈ। ਪੀ.ਐਮ. ਆਵਾਸ ਯੋਜਨਾ ਤਹਿਤ ਹਰਿਆਣਾ ਵਿੱਚ 1.60 ਲੱਖ ਪਰਿਵਾਰਾਂ ਨੂੰ ਪੱਕੇ ਮਕਾਨ ਦਿੱਤੇ ਗਏ। ਕਰਨਾਲ, ਪਲਵਲ ਅਤੇ ਰੋਹਤਕ ਵਿੱਚ 702 ਘੁਮੰਤੂ ਪਰਿਵਾਰਾਂ ਨੂੰ ਪਲਾਟ ਅਲਾਟ ਕੀਤੇ ਗਏ, ਜੋ ਉਨ੍ਹਾਂ ਦੇ ਸੁਰੱਖਿਅਤ ਭਵਿੱਖ ਦੀ ਨੀਂਹ ਹਨ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਆਵਾਸ ਨਵੀਨੀਕਰਨ ਯੋਜਨਾ ਤਹਿਤ ਮਕਾਨ ਮੁਰੰਮਤ ਸਹਾਇਤਾ ਰਾਸ਼ੀ 30,000 ਰੁਪਏ ਤੋਂ ਵਧਾ ਕੇ 80,000 ਰੁਪਏ ਕੀਤੀ ਗਈ, ਜਿਸ ਨਾਲ 85,815 ਪਰਿਵਾਰਾਂ ਨੂੰ 416 ਕਰੋੜ ਰੁਪਏ ਦੀ ਮਦਦ ਮਿਲੀ। ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰਾਂ ਨੂੰ ਸਿਰਫ 500 ਰੁਪਏ ਵਿੱਚ ਗੈਸ ਸਿਲੰਡਰ ਉਪਲਬਧ ਕਰਵਾਇਆ ਜਾ ਰਿਹਾ ਹੈ, ਜਿਸ ਨਾਲ 15 ਲੱਖ ਤੋਂ ਵੱਧ ਭੈਣਾਂ ਨੂੰ ਲਾਭ ਮਿਲਿਆ ਹੈ। ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਤਹਿਤ ਧੀਆਂ ਦੇ ਵਿਆਹ ਲਈ 3.85 ਲੱਖ ਪਰਿਵਾਰਾਂ ਨੂੰ 1,523 ਕਰੋੜ ਰੁਪਏ ਦੀ ਸ਼ਗਨ ਰਾਸ਼ੀ ਦਿੱਤੀ ਗਈ। ਮੁੱਖ ਮੰਤਰੀ ਨੇ ਘੁਮੰਤੂ ਸਮਾਜ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਹਾਲਾਤ ਚਾਹੇ ਕਿੰਨੇ ਵੀ ਔਖੇ ਹੋਣ, ਉਹ ਬੱਚਿਆਂ ਨੂੰ ਜ਼ਰੂਰ ਪੜ੍ਹਾਉਣ। ਸਿੱਖਿਆ ਹੀ ਉਹ ਤਾਕਤ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਕਿਸਮਤ ਬਦਲ ਸਕਦੀ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ 12ਵੀਂ ਤੱਕ ਮੁਫ਼ਤ ਕਿਤਾਬਾਂ, ਵਰਦੀ ਅਤੇ ਸਟੇਸ਼ਨਰੀ, ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫਤ ਕੋਚਿੰਗ ਅਤੇ ਡਾ. ਅੰਬੇਡਕਰ ਮੇਧਾਵੀ ਸਕਾਲਰਸ਼ਿਪ ਯੋਜਨਾ ਤਹਿਤ 8,000 ਤੋਂ 12,000 ਰੁਪਏ ਤੱਕ ਦੀ ਵਜ਼ੀਫ਼ਾ ਰਾਸ਼ੀ ਦੇ ਰਹੀ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਜੰਮ ਕੇ ਪੜ੍ਹੋ, ਹੁਨਰ ਸਿੱਖੋ, ਖੇਡਾਂ ਵਿੱਚ ਅੱਗੇ ਵਧੋ ਅਤੇ ਨਸ਼ੇ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿ ਕੇ ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰੋ। ਤੁਸੀਂ ਸਾਰੇ ਪ੍ਰਤੀਨਿਧੀ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦੀ ਜਾਣਕਾਰੀ ਘਰ-ਘਰ ਤੱਕ ਪਹੁੰਚਾਓ ਤਾਂ ਜੋ ਸਮਾਜ ਦਾ ਹਰ ਵਿਅਕਤੀ ਸਮਰੱਥ ਬਣ ਸਕੇ। ਇਸ ਮੌਕੇ ਰਾਜਿੰਦਰ ਸਿੰਘ ਦੇਸੁਜੋਧਾ ਰਾਸ਼ਟਰੀ ਪ੍ਰਧਾਨ ਅਖਿਲ ਭਾਰਤੀ ਡੀ.ਐਨ.ਟੀ. ਕਲਿਆਣ ਸੰਗਠਨ, ਸਤਨਾਮ ਸਿੰਘ ਸੰਧੂ, ਹਰਿਆਣਾ ਦੇ ਚੇਅਰਮੈਨ ਅਤੇ ਹਰਿਆਣਾ ਘੁਮੰਤੂ ਜਾਤੀ ਵਿਕਾਸ ਬੋਰਡ ਦੇ ਚੇਅਰਮੈਨ ਸਰਦਾਰ ਜਸਮੇਰ ਸਿੰਘ ਬਣਜਾਰਾ, ਸਾਬਕਾ ਵਿਧਾਇਕ ਲਕਸ਼ਮਣ ਨਾਪਾ ਅਤੇ ਹੋਰ ਪਤਵੰਤੇ ਲੋਕ ਮੌਜੂਦ ਸਨ।

Exit mobile version