HomeLifestyleਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸਕ ਵਰਤਾਰਾ, ਸਿੱਖ ਕੌਮ ਬਨਾਮ ਅਜੋਕੀ...

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸਕ ਵਰਤਾਰਾ, ਸਿੱਖ ਕੌਮ ਬਨਾਮ ਅਜੋਕੀ ਸਿੱਖ ਲੀਡਰਸ਼ਿਪ

Exploring the historical legacy of Sri Guru Gobind Singh Ji and its relevance to contemporary Sikh leadership and the Sikh community.

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਖਰੀ ਚੌਧਵੀਂ ਜੰਗ ਫਤਿਹ ਕਰਨ ਉਪਰੰਤ ਜਦੋਂ ਜੰਗਲਾਂ ਵਿੱਚ ਸਿੱਖਾਂ ਨਾਲ ਵਿਚਰ ਰਹੇ ਸਨ, ਤਾਂ ਉਨ੍ਹਾਂ ਨੇ ਸਮੁੱਚੇ ਸਿੱਖਾਂ ਦਾ ਇੱਕ ਇਕੱਠ ਸੱਦਿਆ। ਧਾਰਮਿਕ, ਸਿਆਸੀ ਤੇ ਸਮਾਜਿਕ ਵਿਚਾਰਾਂ ਕਰਦੇ ਹੋਏ ਕੁਝ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਅੱਗੇ ਜਾ ਕੇ ਵਾੜੇ ਦੇਗਾ ਵਿੱਚ ਚੌਲ ਬਣਾਉਣ। 5-7 ਹੋਰ ਸਿੰਘਾਂ ਨੂੰ ਇਹ ਆਦੇਸ਼ ਦੇ ਕੇ ਜੰਗਲ ਵਿੱਚ ਭੇਜਿਆ ਕਿ ਉਹ 5-10 ਕੁੱਤੇ ਫੜ ਕੇ ਲਿਆਉਣ। ਸਿੰਘਾਂ ਨੇ ਗੁਰੂ ਸਾਹਿਬ ਦੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਚੌਲ ਵੀ ਬਣਾਏ ਅਤੇ ਜਿਹੜੇ ਸਿੰਘਾਂ ਨੂੰ ਜੰਗਲ ਵਿੱਚ ਭੇਜਿਆ ਸੀ, ਉਨ੍ਹਾਂ ਦੇ ਵਾਪਸ ਆਉਣ ਤੱਕ ਚੌਲ ਬਣ ਗਏ।

ਕਿਸੇ ਵੀ ਸਿੱਖ ਨੂੰ ਗੁਰੂ ਸਾਹਿਬ ਦੀ ਇਸ ਖੇਡ ਬਾਰੇ ਕੋਈ ਜਾਣਕਾਰੀ ਤੇ ਸੂਝ ਨਹੀਂ ਸੀ। ਜਦੋਂ ਜੰਗਲ ਵਿੱਚ ਗਏ ਸਿੱਖ ਕੁੱਤੇ ਫੜ ਕੇ ਲਿਆਏ ਤਾਂ ਗੁਰੂ ਸਾਹਿਬ ਨੇ ਚੌਲ ਬਣਾਉਣ ਵਾਲੇ ਸਿੱਖਾਂ ਨੂੰ ਹੁਕਮ ਕੀਤਾ ਕਿ ਸਾਫ਼ ਚਾਦਰਾਂ ਵਿਛਾ ਕੇ ਇਹ ਚੌਲ ਕੁੱਤਿਆਂ ਦੇ ਖਾਣ ਲਈ ਪਾ ਦਿਓ। ਜਦੋਂ ਵਰਤਾਰਾ ਸ਼ੁਰੂ ਹੋਇਆ ਤਾਂ ਗੁਰੂ ਸਾਹਿਬ ਨੇ ਰਾਸੀਆਂ ਬੰਨ੍ਹੇ ਕੁੱਤਿਆਂ ਦੀਆਂ ਰਾਸੀਆਂ ਖੋਲ੍ਹਣ ਦੇ ਹੁਕਮ ਕੀਤੇ। ਸਭ ਕੁੱਤੇ ਇੱਕਦਮ ਚੌਲ ਖਾਣ ਲਈ ਝਪਟ ਪਏ। ਇਨ੍ਹਾਂ ਕੁੱਤਿਆਂ ਵਿੱਚੋਂ ਕਿਸੇ ਇੱਕ ਨੇ ਵੀ ਇੱਕ ਵੀ ਚੌਲ ਨਹੀਂ ਖਾਧਾ, ਬਲਕਿ ਇੱਕ ਦੂਜੇ ਦੀਆਂ ਲੱਤਾਂ, ਕੰਨਾਂ ਨੂੰ ਪਾੜ ਕੇ ਲਹੂ-ਲੁਹਾਨ ਹੋ ਗਏ ਅਤੇ ਚੌਲ ਉਸੇ ਤਰ੍ਹਾਂ ਖ਼ਰਾਬ ਪਏ ਰਹਿ ਗਏ।

ਇਹ ਵਰਤਾਰਾ ਵਰਤਣ ਉਪਰੰਤ ਵੀ ਸਿੱਖਾਂ ਨੂੰ ਕੁਝ ਸਮਝ ਨਹੀਂ ਆਈ।

ਗੁਰੂ ਸਾਹਿਬ ਨੇ ਫਿਰ ਸਿੱਖਾਂ ਨੂੰ ਨਵੇਂ ਸਿਰਿਓਂ ਦੁਬਾਰਾ ਚੌਲ ਬਣਾਉਣ ਦੇ ਹੁਕਮ ਕੀਤੇ ਅਤੇ ਕੁਝ ਸਿੰਘਾਂ ਨੂੰ 8-10 ਹਿਰਨ ਜੰਗਲ ਵਿੱਚੋਂ ਫੜ ਕੇ ਲਿਆਉਣ ਦੇ ਆਦੇਸ਼ ਦਿੱਤੇ। ਕੁਝ ਸਮੇਂ ਬਾਅਦ ਚੌਲ ਰਿੱਝ ਕੇ ਤਿਆਰ ਹੋ ਗਏ। ਐਨੇ ਸਮੇਂ ਵਿੱਚ ਜੰਗਲ ਵਿੱਚੋਂ ਹਿਰਨ ਫੜਨ ਗਏ ਸਿੰਘ ਵੀ ਹਿਰਨਾਂ ਨੂੰ ਨਾਲ ਲੈ ਕੇ ਵਾਪਸ ਆ ਗਏ। ਗੁਰੂ ਸਾਹਿਬ ਨੇ ਫਿਰ ਉਸੇ ਤਰ੍ਹਾਂ ਸਿੰਘਾਂ ਨੂੰ ਚੌਲ ਵਿਛਾਉਣ ਅਤੇ ਹਿਰਨਾਂ ਦੀਆਂ ਰਾਸੀਆਂ ਖੋਲ੍ਹਣ ਦੇ ਹੁਕਮ ਕੀਤੇ। ਹਿਰਨਾਂ ਨੇ ਇੱਕ ਲਾਈਨ ਬਣਾ ਕੇ ਰੱਜ ਕੇ ਚੌਲ ਖਾਧੇ ਅਤੇ ਇੱਕ-ਇੱਕ ਕਰਕੇ ਜਾ ਕੇ ਧੁੱਪ ਵਿੱਚ ਸੌਂ ਗਏ।

ਫਿਰ ਕਿਸੇ ਸਿੱਖ ਨੇ ਗੁਰੂ ਸਾਹਿਬ ਨੂੰ ਆਪਣੀ ਉਤਸੁਕਤਾ ਨੂੰ ਲੈ ਕੇ ਪੁੱਛਿਆ ਕਿ ਆਪ ਜੀ ਦੇ ਇਸ ਵਰਤਾਰੇ ਤੋਂ ਸਾਡੇ ਪੱਲੇ ਕੁਝ ਨਹੀਂ ਪਿਆ।

ਤਾਂ ਗੁਰੂ ਸਾਹਿਬ ਨੇ ਸਾਰੇ ਸਿੱਖਾਂ ਦੇ ਇਕੱਠ ਵਿੱਚ ਇਹ ਐਲਾਨ ਕੀਤਾ ਕਿ ਲੰਮੇ ਸੰਘਰਸ਼, ਕੁਰਬਾਨੀਆਂ, ਸ਼ਹਾਦਤਾਂ ਅਤੇ ਔਕੜਾਂ ਤੋਂ ਬਾਅਦ ਹੁਣ ਸਾਡਾ ਖ਼ਾਲਸਾ ਰਾਜ ਹੋਣ ਵਾਲਾ ਹੈ। ਸਿੱਖਾਂ ਨੂੰ ਆਪਣੇ ਖ਼ਾਲਸਾ ਰਾਜ ਦੇ ਪ੍ਰਬੰਧ ਨੂੰ ਚਲਾਉਂਦੇ ਹੋਏ ਕੁੱਤਿਆਂ ਦੀ ਤਰ੍ਹਾਂ ਨਹੀਂ, ਬਲਕਿ ਹਿਰਨਾਂ ਦੀ ਤਰ੍ਹਾਂ ਆਪਸ ਵਿੱਚ ਪਿਆਰ-ਮੁਹੱਬਤ ਰੱਖਦੇ ਹੋਏ, ਸੰਜਮ ਅਤੇ ਦ੍ਰਿੜ੍ਹਤਾ ਨਾਲ ਆਪਣੇ ਰਾਜ ਭਾਗ ਨੂੰ ਚਲਾਉਣਾ ਹੈ। ਜੋ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਇਸ ਸਮੇਂ ਸਿਆਸਤ ਦੀ ਸਥਿਤੀ ਹੈ, ਬਿਲਕੁਲ ਗੁਰੂ ਸਾਹਿਬਾਨ ਸਮੇਂ ਦੇ ਹਾਲਾਤਾਂ ਦੀ ਤਰ੍ਹਾਂ ਹੀ ਹੈ। ਲੰਮੇ ਸੰਘਰਸ਼ ਅਤੇ ਕੌਮੀ, ਮਾਲੀ, ਸਮਾਜਿਕ, ਇਖ਼ਲਾਕੀ ਅਤੇ ਸਿਆਸੀ ਨੁਕਸਾਨ ਹੋਣ ਉਪਰੰਤ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਪੰਜਾਬ ਵਿੱਚ ‘ਸਰਬੱਤ ਦੇ ਭਲੇ’ ਦੀ ਸੋਚ ਵਾਲੀ ਸਰਕਾਰ ਕਾਇਮ ਕਰਨ ਦੀ ਤੀਬਰ ਇੱਛਾ ਰੱਖਦੇ ਵੀ ਹਨ ਅਤੇ ਅਮਲੀ ਤੌਰ ’ਤੇ ਤਿਆਰ ਵੀ ਹਨ।

ਇਸ ਲਈ ਆਉਣ ਵਾਲੀਆਂ ਚੋਣਾਂ ਵਿੱਚ ਉੱਚੇ-ਸੁੱਚੇ ਕਿਰਦਾਰ ਵਾਲੇ ਸਿੱਖਾਂ ਅਤੇ ਪੰਜਾਬੀਆਂ ਨੂੰ ਜਿਤਾ ਕੇ ਆਪਣੀ ਸਰਕਾਰ ਕਾਇਮ ਕਰਨ ਦੀ ਚਾਹਨਾ ਰੱਖਦੇ ਹਨ। ਪਰ ਜੋ ਸਿੱਖ ਲੀਡਰਸ਼ਿਪ ਵਿੱਚ ਆਪੋ-ਆਪਣੀ ਹਉਮੈ, ਸਿਆਸੀ ਅਤੇ ਮਾਲੀ ਲਾਲਸਾਵਾਂ ਦੀ ਬਦੌਲਤ ਗੁਰੂ ਸਾਹਿਬ ਦੇ ਵਰਤਾਰੇ ਅਤੇ ਪਰਖੇ ਵਰਤੇ ਭਾਵਨਾਵਾਂ ਅਨੁਸਾਰ ਹਿਰਨਾਂ ਦੀ ਤਰ੍ਹਾਂ ਇੱਕ ਹੋ ਕੇ ਰਾਜ ਭਾਗ ਕਾਇਮ ਕਰਨ ਉੱਤੇ ਅਮਲ ਕਰਦੇ ਨਜ਼ਰ ਨਹੀਂ ਆ ਰਹੀ, ਉਸ ਲਈ ਸਿੱਖ ਕੌਮ ਅਤੇ ਚਿੰਤਕ ਸਿੱਖ ਵਾਜ਼ੀ ਗਹਿਰੀ ਚਿੰਤਾ ਵਿੱਚ ਹਨ। ਅਸੀਂ ਸਮੁੱਚੀ ਅਜੋਕੀ ਲੀਡਰਸ਼ਿਪ ਨੂੰ ਗੁਰੂ ਸਾਹਿਬ ਦੇ ਪਰਖੇ ਵਰਤਾਰੇ ਵਿੱਚ ਸ਼ਾਮਲ ਹੋਏ ਕੁੱਤਿਆਂ ਅਤੇ ਹਿਰਨਾਂ ਵਿੱਚੋਂ ਕਿਸੇ ਨਾਲ ਵੀ ਤਸਵੀਹ ਨਹੀਂ ਦਿੰਦੇ। ਲੇਕਿਨ ਮੌਜੂਦਾ ਵਿਚਰਦੀ ਲੀਡਰਸ਼ਿਪ ਖ਼ੁਦ ਹੀ ਆਪੋ-ਆਪਣੀ ਆਤਮਾ ਵਿੱਚ ਝਾਤੀ ਮਾਰੇ ਕਿ ਉਹ ਕਿਹੋ ਜਿਹਾ ਅਮਲ ਕਰ ਰਹੀ ਹੈ। ਅਜੋਕੀ ਲੀਡਰਸ਼ਿਪ ਨੂੰ ਪ੍ਰਤੱਖ ਰੂਪ ਵਿੱਚ ਉਨ੍ਹਾਂ ਦੀ ਅੰਤਰ ਆਤਮਾ ਤੋਂ ਸਹੀ ਜਵਾਬ ਮਿਲ ਜਾਵੇਗਾ।

ਜੇਕਰ ਸਿੱਖ ਲੀਡਰਸ਼ਿਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰਤਾਰੇ ਦੇ ਕੌਮੀ ਅਤੇ ਮਨੁੱਖਤਾ ਪੱਖੀ ਮਕਸਦ ਨੂੰ ਸਮਝ ਕੇ ਹਿਰਨਾਂ ਦੀ ਤਰ੍ਹਾਂ ਸੂਝਵਾਨਤਾ ਨਾਲ ਵਰਤਾਰਾ ਅਤੇ ਅਮਲ ਕਰ ਸਕੇਗੀ, ਫਿਰ ਤਾਂ ਖ਼ਾਲਸਾਈ ਸਰਕਾਰ ਕਾਇਮ ਹੋਣ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕੇਗੀ। ਵਰਨਾ ਕੌਮ ਵਿੱਚ ਆਉਣ ਵਾਲੇ ਸਮੇਂ ਵਿੱਚ ਹਰ ਤਰਫ਼ ਵਾਪਰਨ ਵਾਲੀ ਵਾਜ਼ੀ ਨਮੋਸ਼ੀ ਅਤੇ ਦੁਸ਼ਮਣ ਤਾਕਤਾਂ ਵੱਲੋਂ ਪੰਜਾਬੀਆਂ ਅਤੇ ਸਿੱਖਾਂ ਨਾਲ ਹੋਣ ਵਾਲੇ ਜ਼ਬਰ ਅਤੇ ਵਿਤਕਰੇ ਤੋਂ ਨਹੀਂ ਬਚ ਸਕੇਗੀ। ਵਾਹਿਗੁਰੂ ਭਲੀ ਕਰੇ ਕਿ ਸਾਡੀ ਅਜੋਕੀ ਲੀਡਰਸ਼ਿਪ ਆਪਣੇ ਮਹਾਨ ਇਤਿਹਾਸ ਤੋਂ ਸਬਕ ਲੈ ਕੇ ਖ਼ਾਲਸਾਈ ਸਰਕਾਰ ਕਾਇਮ ਕਰਨ ਵਿੱਚ ਯੋਗਦਾਨ ਪਾ ਸਕੇ।

ਲੇਖਕ: ਇਕਬਾਲ ਸਿੰਘ ਟਿਵਾਣਾ
98783-44432

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments