HomeLifestyleਜ਼ਿੰਦਗੀ ਦੇ ਤਜਰਬੇ ਦਾ ਸਾਰ, ਨਾ ਕਰੋ ਕਿਸੇ ਤੇ ਇਤਬਾਰ

ਜ਼ਿੰਦਗੀ ਦੇ ਤਜਰਬੇ ਦਾ ਸਾਰ, ਨਾ ਕਰੋ ਕਿਸੇ ਤੇ ਇਤਬਾਰ

Life Experience Teaches Us to Trust Wisely and Understand People Better

ਜ਼ਿੰਦਗੀ ਵਿੱਚ ਮਨੁੱਖ ਨੂੰ ਹਰ ਵਾਰ ਦੁਸ਼ਮਣ ਹੀ ਨਹੀਂ ਦੁਖ ਨਹੀਂ ਦਿੰਦੇ। ਕਈ ਵਾਰ ਸਭ ਤੋਂ ਡੂੰਘਾ ਜ਼ਖ਼ਮ ਉਹ ਵਿਅਕਤੀ ਦੇ ਜਾਂਦਾ ਹੈ, ਜਿਸ ਨੂੰ ਅਸੀਂ ਆਪਣਾ ਸਮਝਿਆ ਹੁੰਦਾ ਹੈ। ਜਿਸ ਲਈ ਅਸੀਂ ਮੁਸ਼ਕਲ ਵੇਲੇ ਖੜ੍ਹੇ ਹੋਏ, ਆਪਣਾ ਸਮਾਂ, ਮਿਹਨਤ ਅਤੇ ਸਮਰੱਥਾ ਲਗਾਈ, ਪਰ ਜਦੋਂ ਸਾਨੂੰ ਉਸ ਦੇ ਸਾਥ ਦੀ ਲੋੜ ਪਈ ਤਾਂ ਉਹ ਪਿੱਛੇ ਹਟ ਗਿਆ। ਉਸ ਵੇਲੇ ਦੁੱਖ ਸਿਰਫ਼ ਸਾਥ ਨਾ ਮਿਲਣ ਦਾ ਨਹੀਂ ਹੁੰਦਾ. ਅਸਲ ਦਰਦ ਉਸ ਵਿਸ਼ਵਾਸ ਦੇ ਟੁੱਟਣ ਦਾ ਹੁੰਦਾ ਹੈ ਜੋ ਅਸੀਂ ਉਸ ਵਿਅਕਤੀ ਬਾਰੇ ਆਪਣੇ ਮਨ ਵਿੱਚ ਬਣਾਇਆ ਸੀ। ਪਰ ਇੱਥੇ ਇੱਕ ਨੁਕਤਾ ਹੈ . ਹਰ ਕਿਸੇ ’ਤੇ ਅੰਨ੍ਹਾ ਭਰੋਸਾ ਨਾ ਕਰਨਾ ਅਤੇ ਕਿਸੇ ’ਤੇ ਵੀ ਭਰੋਸਾ ਨਾ ਕਰਨਾ, ਦੋ ਵੱਖਰੀਆਂ ਗੱਲਾਂ ਹਨ। ਮਨੁੱਖੀ ਜੀਵਨ ਪਰਿਵਾਰ, ਦੋਸਤੀ ਅਤੇ ਸਮਾਜਕ ਸਹਿਯੋਗ ਤੋਂ ਬਿਨਾਂ ਅਧੂਰਾ ਹੈ। ਸਮੱਸਿਆ ਭਰੋਸਾ ਕਰਨ ਵਿੱਚ ਨਹੀਂ, ਸਗੋਂ ਬਿਨਾਂ ਪਰਖੇ ਅਤੇ ਬਿਨਾਂ ਹੱਦਾਂ ਦੇ ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੀ ਥਾਂ ਦੇਣ ਵਿੱਚ ਹੈ। ਬਹੁਤ ਸਾਰੇ ਲੋਕ ਖੁਸ਼ੀ ਵਿੱਚ ਸਾਡੇ ਨਾਲ ਹੁੰਦੇ ਹਨ, ਪਰ ਅਸਲੀ ਰਿਸ਼ਤਿਆਂ ਦੀ ਪਰਖ ਮੁਸ਼ਕਲ ਸਮੇਂ ਹੁੰਦੀ ਹੈ। ਸ਼ਬਦਾਂ ਨਾਲੋਂ  ਵਿਹਾਰ ਮਨੁੱਖ ਦੀ ਅਸਲੀ ਤਸਵੀਰ ਦਿਖਾਉਂਦਾ ਹੈ। ਕੋਈ ਵੀ ਚੰਗਾ ਕੰਮ ਕਿਸੇ ਨੂੰ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਬਣਾਉਂਦਾ ਅਤੇ ਇੱਕ ਗਲਤੀ ਕਿਸੇ ਨੂੰ ਹਮੇਸ਼ਾ ਲਈ ਬੇਇਤਬਾਰਾ ਵੀ ਨਹੀਂ ਬਣਾਉਂਦੀ। ਭਰੋਸਾ ਇੱਕ ਘਟਨਾ ਨਹੀਂ, ਸਮੇਂ ਨਾਲ ਬਣਨ ਵਾਲੀ ਪ੍ਰਕਿਰਿਆ ਹੈ। ਇਸ ਲਈ ਕਿਸੇ ਦੀ ਮਦਦ ਦਿਲੋਂ ਕਰੋ, ਪਰ ਉਸ ਦੇ ਬਦਲੇ ਭਵਿੱਖ ਵਿੱਚ ਮਦਦ ਦੀ ਗਾਰੰਟੀ ਨਾ ਮੰਗੋ। ਨੇਕੀ ਕਰੋ, ਪਰ ਉਮੀਦਾਂ ਦਾ ਵਾਧੂ ਭਾਰ ਨਾ ਢੋਵੋ।

ਨੇਕ ਦਿਲ ਮਨੁੱਖ ਅਕਸਰ ਦੂਜਿਆਂ ਨੂੰ ਆਪਣੇ ਸੁਭਾਅ ਦੇ ਸ਼ੀਸ਼ੇ ਵਿੱਚ ਦੇਖਦਾ ਹੈ। ਜੇ ਉਹ ਖੁਦ ਵਚਨਾ ਦਾ ਪੱਕਾ ਹੁੰਦਾ ਹੈ ਅਤੇ ਮੰਨ ਲੈਂਦਾ ਹੈ ਕਿ ਦੂਜਾ ਵੀ ਅਜਿਹਾ ਹੀ ਹੋਵੇਗਾ। ਪਰ ਹਰ ਮਨੁੱਖ ਦੀ ਸੋਚ, ਨੀਅਤ ਅਤੇ ਚਰਿੱਤਰ ਵੱਖਰੇ ਹੁੰਦੇ ਹਨ। ਯਾਦ ਰਹੇ ਤੁਹਾਡੀ ਨੇਕੀ ਤੁਹਾਡੇ ਚਰਿੱਤਰ ਦੀ ਨਿਸ਼ਾਨੀ ਹੈ ਇਹ ਦੂਜੇ ਦੇ ਚਰਿੱਤਰ ਦੀ ਗਾਰੰਟੀ ਨਹੀਂ। ਧੋਖਾ ਸਦਾ ਦਿਲ ਦੁਖਾਉਂਦਾ ਹੈ ਕਿਉਂਕਿ ਇਸ ਨਾਲ ਕਿਸੇ ਵਿਅਕਤੀ ਬਾਰੇ ਬਣੀ ਸਾਡੀ ਧਾਰਨਾ ਟੁੱਟ ਜਾਂਦੀ ਹੈ। ਇਥੇ ਬੁੱਧੀ ਜੀਵੀਆਂ ਲਈ ਇਕ ਗੱਲ ਜ਼ਿਕਰਯੋਗ ਹੈ ਕਿ ਹਰ ਧੋਖਾ ਇੱਕ ਸਬਕ ਵੀ ਦੇ ਜਾਂਦਾ ਹੈ—ਹਰ ਮੁਸਕਰਾਹਟ ਦੋਸਤੀ ਨਹੀਂ, ਹਰ ਵਾਅਦਾ ਨਿਭਾਇਆ ਨਹੀਂ ਜਾਂਦਾ ਅਤੇ ਹਰ “ਮੈਂ ਹਾਂ ਨਾ” ਦੇ ਪਿੱਛੇ ਸੱਚਾ ਸਾਥ ਨਹੀਂ ਹੁੰਦਾ। ਆਤਮ-ਨਿਰਭਰਤਾ ਦਾ ਅਰਥ ਇਹ ਨਹੀਂ ਕਿ ਸਾਨੂੰ ਕਿਸੇ ਦੀ ਲੋੜ ਨਹੀਂ। ਅਸਲ ਮਤਲਬ ਇਹ ਹੈ ਕਿ ਚੰਗੇ ਲੋਕਾਂ ਦੀ ਕਦਰ ਕਰਦੇ ਹੋਏ ਵੀ ਆਪਣੀ ਪੂਰੀ ਜ਼ਿੰਦਗੀ ਕਿਸੇ ਇੱਕ ਵਿਅਕਤੀ ਦੇ ਸਹਾਰੇ ਨਾ ਰੱਖੀਏ।

ਆਪਣੇ ਫੈਸਲੇ ਸੋਚ-ਵਿਚਾਰ ਨਾਲ ਲੈਣਾ, ਆਪਣੇ ਹੁਨਰ ਵਧਾਉਣਾ, ਆਰਥਿਕ ਤੌਰ ’ਤੇ ਜਿੰਨਾ ਸੰਭਵ ਹੋ ਸਕੇ ਮਜ਼ਬੂਤ ਹੋਣਾ ਅਤੇ ਮੁਸ਼ਕਲ ਸਮੇਂ ਹੱਲ ਲੱਭਣ ਦੀ ਸਮਰੱਥਾ ਪੈਦਾ ਕਰਨਾ, ਇਹੀ ਅਸਲ ਆਤਮ-ਨਿਰਭਰਤਾ ਹੈ। ਮਦਦ ਮੰਗਣਾ ਕਮਜ਼ੋਰੀ ਨਹੀਂ, ਪਰ ਮਦਦ ਨਾ ਮਿਲਣ ’ਤੇ ਵੀ ਆਪਣੇ ਪੈਰਾਂ ’ਤੇ ਖੜ੍ਹੇ ਰਹਿਣਾ ਤਾਕਤ ਹੈ। ਹਰ ਕਿਸੇ ਨੂੰ ਆਪਣੀ ਨਿੱਜੀ ਜ਼ਿੰਦਗੀ, ਆਰਥਿਕ ਮਾਮਲਿਆਂ, ਕਮਜ਼ੋਰੀਆਂ ਅਤੇ ਭੇਦ ਤੱਕ ਪਹੁੰਚ ਦੇਣਾ ਜ਼ਰੂਰੀ ਨਹੀਂ। ਜਿੱਥੇ ਤੁਹਾਡੇ ਸਮੇਂ, ਸਨਮਾਨ ਜਾਂ ਭਰੋਸੇ ਦੀ ਕਦਰ ਨਾ ਹੋਵੇ, ਉੱਥੇ ਹੱਦ ਬਣਾਉਣਾ ਸੁਆਰਥ ਨਹੀਂ। ਇਸੇ ਤਰ੍ਹਾਂ ਮਾਫ਼ੀ ਅਤੇ ਮੁੜ ਭਰੋਸਾ ਇੱਕੋ ਗੱਲ ਨਹੀਂ। ਤੁਸੀਂ ਕਿਸੇ ਨੂੰ ਮਾਫ਼ ਕਰ ਸਕਦੇ ਹੋ, ਪਰ ਉਸ ਨੂੰ ਪਹਿਲਾਂ ਵਾਲਾ ਸਥਾਨ ਦੇਣਾ ਲਾਜ਼ਮੀ ਨਹੀਂ। ਭਰੋਸਾ ਮੁੜ ਬਣਨ ਲਈ ਸਮਾਂ, ਜ਼ਿੰਮੇਵਾਰੀ ਅਤੇ ਲਗਾਤਾਰ ਚੰਗਾ ਵਿਹਾਰ ਚਾਹੀਦਾ ਹੈ।

ਇੱਕ ਵਿਅਕਤੀ ਦੇ ਧੋਖੇ ਨੂੰ ਪੂਰੀ ਮਨੁੱਖਤਾ ਦਾ ਚਰਿੱਤਰ ਨਾ ਬਣਾਓ। ਕਿਸੇ ਦੀ ਗਲਤੀ ਕਾਰਨ ਹਰ ਨਵੇਂ ਰਿਸ਼ਤੇ ’ਤੇ ਸ਼ੱਕ ਕਰਨਾ ਆਪਣੇ ਆਪ ਨੂੰ ਸਜ਼ਾ ਦੇਣ ਦੇ ਬਰਾਬਰ ਹੈ। ਲੋਕਾਂ ਨਾਲ ਪਿਆਰ ਕਰੋ, ਚੰਗਿਆਂ ਦੀ ਕਦਰ ਕਰੋ, ਲੋੜਵੰਦ ਦੀ ਮਦਦ ਕਰੋ ਅਤੇ ਭਰੋਸਾ ਵੀ ਕਰੋ, ਪਰ ਜ਼ਰੂਰੀ ਗੱਲ ਕਿ ਆਪਣੀ ਜ਼ਿੰਦਗੀ ਦਾ ਆਧਾਰ ਕਿਸੇ ਹੋਰ ਨੂੰ ਨਾ ਬਣਾਓ। ਅਸਲ ਤਾਕਤ ਇਹ ਨਹੀਂ ਕਿ ਹਰ ਵੇਲੇ ਕੋਈ ਸਾਡੇ ਨਾਲ ਖੜ੍ਹਾ ਰਹੇ। ਅਸਲ ਤਾਕਤ ਇਹ ਹੈ ਕਿ ਜਦੋਂ ਕੋਈ ਨਾ ਖੜ੍ਹੇ, ਤਦ ਵੀ ਅਸੀਂ ਆਪਣੇ ਪੈਰਾਂ ’ਤੇ ਡਟੇ ਰਹੀਏ। ਦੂਜਿਆਂ ਨਾਲ ਪਿਆਰ ਕਰੋ, ਪਰ ਆਪਣੇ ਆਪ ਨੂੰ ਕਦੇ ਨਾ ਗੁਆਓ। ਲੋਕਾਂ ’ਤੇ ਭਰੋਸਾ ਕਰੋ, ਪਰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਭਰੋਸਾ ਆਪਣੇ ਆਪ ਨੂੰ ਬਣਾਓ। ਇਹੀ ਆਤਮ-ਸਨਮਾਨ ਹੈ, ਇਹੀ ਆਤਮ-ਨਿਰਭਰਤਾ ਹੈ ਅਤੇ ਇਹੀ ਮੰਨ ਦੀ ਸ਼ਾਂਤੀ ਦਾ ਮਜ਼ਬੂਤ ਆਧਾਰ ਹੈ।

ਛੱਤਰਪਾਲ ਸਿੰਘ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments