Homeਪਟਿਆਲਾ ਅਪਡੇਟਭਾਸ਼ਾ ਵਿਭਾਗ ਪੰਜਾਬ ਨੇ ‘ਪੰਜਾਬੋਂ ਬਾਹਰ ਸਮਾਗਮਾਂ’ ਦੀ ਲੜੀ ਤਹਿਤ ਦੇਹਰਾਦੂਨ ਵਿਖੇ...

ਭਾਸ਼ਾ ਵਿਭਾਗ ਪੰਜਾਬ ਨੇ ‘ਪੰਜਾਬੋਂ ਬਾਹਰ ਸਮਾਗਮਾਂ’ ਦੀ ਲੜੀ ਤਹਿਤ ਦੇਹਰਾਦੂਨ ਵਿਖੇ ਕਰਵਾਇਆ ਸਮਾਗਮ

Punjab’s language and cultural heritage showcased in Dehradun through an out-of-state literary event.

ਵੱਖ ਵੱਖ ਸੂਬਿਆਂ ਦੇ ਕਵੀਆਂ ਨੇ ਕੀਤੀ ਸ਼ਮੂਲੀਅਤ
ਪਟਿਆਲਾ 3 ਅਕਤੂਬਰ, 2026 (ਛਤਰਪਾਲ ਸਿੰਘ)  : ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਪੰਜਾਬੋਂ ਬਾਹਰ’ ਸਮਾਗਮਾਂ ਦੀ ਲੜੀ ਤਹਿਤ ਡਾ. ਬਲਵੀਰ ਸਿੰਘ ਸਾਹਿਤ ਸਦਨ (ਪੰਜਾਬੀ ਯੂਨੀਵਰਸਿਟੀ ਕੈਂਪਸ) ਦੇਹਰਾਦੂਨ ਵਿਖੇ ਭਾਈ ਵੀਰ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਸਾਹਿਤ ਗੌਰਵ ਪ੍ਰੇਮ ਸਾਹਿਲ ਦੇਹਰਾਦੂਨ ਤੇ ਪ੍ਰੋ. ਸੁਦਰਸ਼ਨ ਗਾਸੋ ਅੰਬਾਲਾ ਨੇ ਕੀਤੀ। ਵੱਖ-ਵੱਖ ਸੂਬਿਆਂ ਤੋਂ ਪੁੱਜੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਕਵੀ ਦਰਬਾਰ ਨੂੰ ਬਹੁਪਰਤੀ ਬਣਾ ਦਿੱਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ, ਸ੍ਰੀ ਸਾਹਿਬ ਦੇ ਚੇਅਰਮੈਨ ਸ. ਨਰਿੰਦਰਜੀਤ ਸਿੰਘ ਬਿੰਦਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਕਵੀ ਦਰਬਾਰ ਦੀ ਸ਼ੁਰੂਆਤ ਸ਼ਾਇਰ ਡਾ. ਸੰਦੀਪ ਸ਼ਰਮਾ ਲੁਧਿਆਣਾ ਨੇ ਭਾਵਪੂਰਤ ਕਵਿਤਾ ‘ਪਿਤਾ’ ਨਾਲ ਕੀਤੀ। ਫਿਰ ਅਵਤਾਰਜੀਤ ਸਿੰਘ ਪਟਿਆਲਾ ਨੇ ‘ਅਸੀਂ ਜੋ ਵੀ ਲਿਖਦੇ ਹਾਂ ਫ਼ਰਜ਼ ਜ਼ਰੂਰੀ ਲਈ..’ ਗੀਤ ਤੁਰੰਨਮ ’ਚ ਗਾ ਕੇ ਲਿਖਾਰੀਆਂ ਨੂੰ ਆਪਣੇ ਫ਼ਰਜ਼ ਪਹਿਚਾਨਣ ਦਾ ਹਲੂਣਾ ਦਿੱਤਾ। ਬਲਵਿੰਦਰ ਸੰਧੂ ਪਟਿਆਲਾ ਨੇ ‘ਦਸਵੰਧ’, ‘ਦਿਲਗੀਰੀ’ ਤੇ ‘ਅਗਨ ਜਾਂ ਜਲ’ ਕਵਿਤਾ ਰਾਹੀਂ ਵੱਖ-ਵੱਖ ਵਿਸ਼ਿਆਂ ਨੂੰ ਛੂਹਿਆ। ਮਨਜੀਤ ਪੁਰੀ ਫ਼ਰੀਦਕੋਟ ਨੇ ‘ਸਾਡੇ ਸਮਿਆਂ ਵਿੱਚ..’ ਗਜ਼ਲ ਰਾਹੀਂ ਅਜੋਕੇ ਦੌਰ ਦੇ ਸਮਾਜਿਕ-ਰਾਜਨੀਤਿਕ ਹਾਲਾਤ ’ਤੇ ਵਿਅੰਗ ਕੀਤੇ। ਤਰਸੇਮ ਬਰਨਾਲਾ ਨੇ ‘ਦੁੱਖ ਦੇ ਦਾਸ’ ਰਾਹੀਂ ਤਕਨੀਕੀ ਖੋਜਾਂ ਸਦਕਾ ਬਦਲ ਰਹੇ ਸਮਾਜ ਦੀ ਤਰਾਸਦੀ ਬਿਆਨ ਕੀਤੀ। ਗੁਰਚਰਨ ਸਿੰਘ ਜੋਗੀ ਅੰਬਾਲਾ ਨੇ ‘ਕੋਈ ਤਾਂ ਗੱਲ ਕਰੇ..’ ਕਵਿਤਾ ਰਾਹੀਂ ਸਾਂਝੇ ਪੰਜਾਬ ਦੀ ਬਾਤ ਪਾਈ। ਸ. ਜਸਵੰਤ ਸਿੰਘ ਜ਼ਫ਼ਰ ਨੇ ਚਾਲੀ ਮੁਕਤਿਆਂ ਬਾਰੇ ਕਵਿਤਾ ‘ਆਤਮਾ’ ਤੇ ‘ਭਾਈ ਕਨਈਆ’ ਕਵਿਤਾਵਾਂ ਰਾਹੀਂ ਕੁਰਬਾਨੀ, ਸਾਂਝੀਵਾਲਤਾ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਡਾ. ਅਜੀਤਪਾਲ ਜਟਾਣਾ ਮੋਗਾ ਨੇ ਗਜ਼ਲ ‘ਗੀਤ ਫੁੱਟ ਪੈਣਗੇ…’ ਤੁਰੰਨਮ ਗਾ ਕੇ ਮਾਹੌਲ ਨੂੰ ਨਵੀਂ ਰੰਗਤ ਦਿੱਤੀ। ਪ੍ਰੋ. ਰਾਜੇਸ਼ ਮੋਹਨ ਫ਼ਰੀਦਕੋਟ ਨੇ ‘ਅੱਖਾਂ ’ਚ ਵੇਖਿਆ ਮੈਂ..’ ਗਜ਼ਲ ਤੇ ਟੱਪੇ ਤੁਰੰਨਮ ’ਚ ਗਾ ਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਗੁਰਪ੍ਰੀਤ ਮਾਨਸਾ ਨੇ ਆਪਣੀ ਕਵਿਤਾ ‘ਮਾਂ ਦਾ ਜਾਣਾ’ ਰਾਹੀਂ ਮਾਹੌਲ ਨੂੰ ਕਰੁਣਾਮਈ ਬਣਾ ਦਿੱਤਾ। ਰਾਜੇਸ਼ ਅਨੰਦ ਆਸੀਰ ਦੇਹਰਾਦੂਨ ਨੇ ‘ਕਰਾਰ’ ਤੇ ‘ਇਸ਼ਕ ਦੀ ਰਹਿਬਰੀ’ ਗਜ਼ਲਾਂ ਨਾਲ ਕਵੀ ਦਰਬਾਰ ਨੂੰ ਮੁਹੱਬਤੀ ਰੰਗ ਦਿੱਤਾ। ਪ੍ਰੋ. ਗੁਰਪ੍ਰੀਤ ਕੌਰ ਅੰਬਾਲਾ ਨੇ ‘ਬੋਲਣ ਦਾ ਫਾਇਦਾ ਕੀ ਹੈ..’ ਤੇ ‘ਮਹਾਂਨਗਰ’ ਕਵਿਤਾਵਾਂ ਰਾਹੀਂ ਸ਼ਹਿਰੀਕਰਨ ’ਤੇ ਵਿਅੰਗ ਕੀਤਾ। ਅੰਬਰ ਖਰਬੰਦਾ ਨੇ ‘ਜਿਸ ਵੇਲੇ ਖੁੱਲ੍ਹ ਜਾਂਦੀ ਏ ਅੱਖ..’ ਗਜ਼ਲ ਨਾਲ ਹਾਜ਼ਰੀ ਲਵਾਈ। ਸੰਤੋਖ ਸੁੱਖੀ ਨੇ ‘ਸੋਹਣੀ’ ਕਵਿਤਾ ਰਾਹੀਂ ਹੁਸਨ ਦੇ ਵੱਖ-ਵੱਖ ਰੂਪਾਂ ਦਾ ਬਿਆਨ ਕੀਤਾ। ਦੀਪਕ ਅਰੋੜਾ ਨੇ ‘ਬਾਪੂ’ ਕਵਿਤਾ ਰਾਹੀਂ ਪਿਤਾ ਦੀ ਅਹਿਮੀਅਤ ਦਰਸਾਈ। ਕੁਮਾਰ ਜਗਦੇਵ ਬਰਾੜ ਨੇ ‘ਬੁੱਲਿਆ’ ਰਾਹੀਂ ਭਰਵੀਂ ਹਾਜ਼ਰੀ ਲਵਾਈ। ਪ੍ਰੇਮ ਸਾਹਿਲ ਦੇਹਰਾਦੂਨ ਨੇ ‘ਉੱਠ ਖੋਲ੍ਹ ਬੂਹਾ ਮੁਹੱਬਤ ਆਈ ਦਰ ’ਤੇ..’ ਗਜ਼ਲ ਰਾਹੀਂ ਪਿਆਰ ਦਾ ਪੈਗਾਮ ਦਿੱਤਾ। ਪ੍ਰੋ. ਸੁਦਰਸ਼ਨ ਗਾਸੋ ਨੇ ‘ਰਾਜਾ ਓਹ ਹੁੰਦਾ ਹੈ..’ ਨਜ਼ਮ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਅਕੀਦਤ ਪੇਸ਼ ਕੀਤੀ। ਦਰਸ਼ਨ ਬੁੱਟਰ ਨਾਭਾ ਨੇ ਆਪਣੀਆਂ ਕਵਿਤਾਵਾਂ ‘ਪੰਜਾਬ, ਪੰਜਾਬੀ ਤੇ ਮਾਂ’ ਤੇ ‘ਸੰਵਾਦ’ ਰਾਹੀਂ ਸਮਾਗਮ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਬਾਖ਼ੂਬੀ ਕੀਤਾ। ਡਾ. ਬਲਵੀਰ ਸਿੰਘ ਸਾਹਿਤ ਸਦਨ ਦੇਹਰਾਦੂਨ ਦੇ ਸਹਿਯੋਗ ਨਾਲ ਕਰਵਾਏ ਇਸ ਕਵੀ ਦਰਬਾਰ ਦੇ ਅਖ਼ੀਰ ਵਿੱਚ ਭਾਸ਼ਾ ਵਿਭਾਗ ਵੱਲੋਂ ਸਾਰੇ ਕਵੀਆਂ ਨੂੰ ਵਿਭਾਗੀ ਸ਼ਾਲਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਖੋਜ ਅਫ਼ਸਰ ਹਰਪ੍ਰੀਤ ਸਿੰਘ, ਸਾਹਿਤ ਕੇਂਦਰ ਦੇ ਇੰਚਾਰਜ਼ ਡਾ. ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਸਰੋਤੇ ਹਾਜ਼ਰ ਸਨ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments