Homeਹਰਿਆਣਾ55 ਸਾਲ ਰਾਜ ਕਰਨ ਵਾਲੀ ਕਾਂਗਰਸ ਦੱਸੇ, ਕਿੰਨੇ ਗ਼ਰੀਬਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ; ਮੋਦੀ...

55 ਸਾਲ ਰਾਜ ਕਰਨ ਵਾਲੀ ਕਾਂਗਰਸ ਦੱਸੇ, ਕਿੰਨੇ ਗ਼ਰੀਬਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ; ਮੋਦੀ ਸਰਕਾਰ ਨੇ 25 ਕਰੋੜ ਲੋਕਾਂ ਦੀ ਜ਼ਿੰਦਗੀ ਬਦਲੀ – ਮੁੱਖ ਮੰਤਰੀ

CM Says Modi Government Transformed Lives of 25 Crore People, Questions Congress’ Poverty Record

ਜਦੋਂ ਨੌਜਵਾਨ ਮੌਕਾ ਮੰਗ ਰਿਹਾ ਸੀ ਉਦੋਂ ਕਿੱਥੇ ਸੀ ਕਾਂਗਰਸ; ਅੱਜ ਮੋਦੀ ਸਰਕਾਰ ਤੋਂ ਹਿਸਾਬ ਮੰਗਣ ਦਾ ਕਰ ਰਹੀ ਹੈ ਡੌਂਗ – ਮੁੱਖ ਮੰਤਰੀ

ਚੰਡੀਗੜ੍ਹ, 11 ਸਤੰਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਕਾਂਗਰਸ ਨੇ ਲਗਭਗ 55 ਸਾਲਾਂ ਤੱਕ ਦੇਸ਼ ਉੱਤੇ ਰਾਜ ਕੀਤਾ, ਪਰ ਉਹ ਅੱਜ ਵੀ ਇਹ ਨਹੀਂ ਦੱਸ ਸਕਦੀ ਕਿ ਉਸ ਦੇ ਸ਼ਾਸਨਕਾਲ ਵਿੱਚ ਕਿੰਨੇ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਬਾਹਰ ਕੱਢਿਆ ਗਿਆ। ਇਸ ਦੇ ਉਲਟ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਗ਼ਰੀਬ ਭਲਾਈ ਲਈ ਲਾਗੂ ਕੀਤੀਆਂ ਗਈਆਂ ਨੀਤੀਆਂ ਅਤੇ ਯੋਜਨਾਵਾਂ ਦੇ ਨਤੀਜੇ ਵਜੋਂ ਲਗਭਗ 25 ਕਰੋੜ ਦੇਸ਼ਵਾਸੀ ਗ਼ਰੀਬੀ ਰੇਖਾ ਤੋਂ ਬਾਹਰ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਸੇਵਾ, ਸੁਸ਼ਾਸਨ, ਗ਼ਰੀਬ ਭਲਾਈ ਅਤੇ ਰਾਸ਼ਟਰ ਪ੍ਰਤੀ ਸਮਰਪਣ ਦੀ ਯਾਤਰਾ ਦੇ ਰਹੇ ਹਨ, ਜਿਸ ਦਾ ਸਕਾਰਾਤਮਕ ਬਦਲਾਅ ਅੱਜ ਦੇਸ਼ ਦੀ ਜਨਤਾ ਖ਼ੁਦ ਅਨੁਭਵ ਕਰ ਰਹੀ ਹੈ।

ਪੰਚਕੂਲਾ ਵਿੱਚ ‘ਸੇਵਾ ਸੰਕਲਪ ਮੁਹਿੰਮ’ ਨੂੰ ਲੈ ਕੇ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਕੋਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਕੰਮਾਂ ਦਾ ਮੁਕਾਬਲਾ ਕਰਨ ਲਈ ਨਾ ਕੋਈ ਨੀਤੀ ਹੈ, ਨਾ ਮੁੱਦਾ ਅਤੇ ਨਾ ਹੀ ਕੋਈ ਠੋਸ ਏਜੰਡਾ। ਇਸ ਲਈ ਕਾਂਗਰਸ ਦੇ ਆਗੂ ਬਾਹਰੋਂ ਲਿਖੀ ਸਕ੍ਰਿਪਟ ਲੈ ਕੇ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਦਾ ਯਤਨ ਕਰਦੇ ਹਨ, ਪਰ ਦੇਸ਼ ਦੀ ਜਨਤਾ ਪ੍ਰਧਾਨ ਮੰਤਰੀ ਦੇ 25 ਸਾਲਾਂ ਦੀ ਨਿਰੰਤਰ ਸੇਵਾ, ਤਿਆਗ ਅਤੇ ਤਪੱਸਿਆ ਦੀ ਗਵਾਹ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬਿਨਾਂ ਰੁਕੇ ਅਤੇ ਬਿਨਾਂ ਥੱਕੇ ਦੇਸ਼ ਅਤੇ ਦੇਸ਼ਵਾਸੀਆਂ ਦੀ ਸੇਵਾ ਕੀਤੀ ਹੈ। ਕਾਂਗਰਸ ਨੂੰ ਪ੍ਰਧਾਨ ਮੰਤਰੀ ਪ੍ਰਤੀ ਅਪਸ਼ਬਦਾਂ ਦੀ ਵਰਤੋਂ ਕਰਨ ਦੀ ਬਜਾਏ ਆਤਮ-ਮੰਥਨ ਕਰਨਾ ਚਾਹੀਦਾ ਹੈ ਅਤੇ ਆਪਣੇ ਲੰਬੇ ਸ਼ਾਸਨਕਾਲ ਦੌਰਾਨ ਗ਼ਰੀਬ, ਮਹਿਲਾ ਅਤੇ ਨੌਜਵਾਨ ਲਈ ਕੀਤੇ ਗਏ ਕੰਮਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ।

ਕਾਂਗਰਸ ਕੋਲ ਗ਼ਰੀਬਾਂ ਦੇ ਅੰਕੜੇ ਸਨ, ਗ਼ਰੀਬੀ ਤੋਂ ਬਾਹਰ ਕੱਢਣ ਦਾ ਕੋਈ ਹਿਸਾਬ ਨਹੀਂ

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ ਵਿੱਚ ਗ਼ਰੀਬ ਹੋਰ ਗ਼ਰੀਬ ਹੁੰਦਾ ਗਿਆ। ਕਾਂਗਰਸ ਕੋਲ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੇ ਅੰਕੜੇ ਤਾਂ ਸਨ, ਪਰ ਉਹ ਅੱਜ ਵੀ ਇਹ ਨਹੀਂ ਦੱਸ ਸਕਦੀ ਕਿ ਉਸ ਦੇ ਸ਼ਾਸਨਕਾਲ ਵਿੱਚ ਕਿੰਨੇ ਗ਼ਰੀਬਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦਹਾਕਿਆਂ ਤੱਕ ਗ਼ਰੀਬਾਂ ਦਾ ਸ਼ੋਸ਼ਣ ਕੀਤਾ। ਇਸ ਦੇ ਉਲਟ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗ਼ਰੀਬ ਦੇ ਸਨਮਾਨ ਅਤੇ ਉਸ ਦੇ ਜੀਵਨ ਪੱਧਰ ਵਿੱਚ ਸੁਧਾਰ ਨੂੰ ਸਰਕਾਰ ਦੀਆਂ ਨੀਤੀਆਂ ਦੇ ਕੇਂਦਰ ਵਿੱਚ ਰੱਖਿਆ। ਗ਼ਰੀਬ ਭਲਾਈ ਦੀ ਇਸੇ ਸੋਚ ਦਾ ਨਤੀਜਾ ਹੈ ਕਿ ਲਗਭਗ 25 ਕਰੋੜ ਦੇਸ਼ਵਾਸੀ ਗ਼ਰੀਬੀ ਰੇਖਾ ਤੋਂ ਬਾਹਰ ਆਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਗ਼ਰੀਬ ਨੂੰ ਪੱਕੀ ਛੱਤ ਦੇਣਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਗ਼ਰੀਬ-ਭਲਾਈ ਦੀ ਸੋਚ ਦਾ ਮਹੱਤਵਪੂਰਨ ਹਿੱਸਾ ਹੈ। ਹਰਿਆਣਾ ਵਿੱਚ ਗ਼ਰੀਬ ਪਰਿਵਾਰਾਂ ਨੂੰ ਲਗਭਗ 1 ਲੱਖ 60 ਹਜ਼ਾਰ ਮਕਾਨ ਬਣਾ ਕੇ ਦਿੱਤੇ ਗਏ ਹਨ। ਇਹ ਕੇਵਲ ਪੱਕੀ ਛੱਤ ਉਪਲਬਧ ਕਰਵਾਉਣ ਦਾ ਕੰਮ ਨਹੀਂ, ਸਗੋਂ ਗ਼ਰੀਬ ਪਰਿਵਾਰਾਂ ਨੂੰ ਸਨਮਾਨ, ਸੁਰੱਖਿਆ ਅਤੇ ਬਿਹਤਰ ਭਵਿੱਖ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ।

ਮੋਦੀ ਦਾ ਮਜ਼ਾਕ ਉਡਾਉਂਦੇ-ਉਡਾਉਂਦੇ ਗ਼ਰੀਬ ਮਹਿਲਾਵਾਂ ਦੇ ਸਨਮਾਨ ਦਾ ਮਜ਼ਾਕ ਬਣਾ ਰਹੀ ਸੀ ਕਾਂਗਰਸ

ਮੁੱਖ ਮੰਤਰੀ ਨੇ ਕਿਹਾ ਕਿ 55 ਸਾਲਾਂ ਤੱਕ ਦੇਸ਼ ਉੱਤੇ ਰਾਜ ਕਰਨ ਵਾਲਿਆਂ ਨੂੰ ਗ਼ਰੀਬ ਮਾਵਾਂ, ਭੈਣਾਂ ਅਤੇ ਧੀਆਂ ਦੀ ਪੀੜ ਦਿਖਾਈ ਨਹੀਂ ਦਿੱਤੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਲਗਭਗ 12 ਕਰੋੜ ਪਖਾਨੇ ਬਣਵਾ ਕੇ ਮਹਿਲਾਵਾਂ ਨੂੰ ‘ਇੱਜ਼ਤ ਘਰ’ ਦੇਣ ਦਾ ਕੰਮ ਕੀਤਾ। ਜਦੋਂ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਪਖਾਨੇ ਦੀ ਉਸਾਰੀ ਦਾ ਸੰਕਲਪ ਪ੍ਰਗਟ ਕੀਤਾ ਤਾਂ ਕਾਂਗਰਸ ਨੇ ਉਸ ਦਾ ਵੀ ਮਜ਼ਾਕ ਉਡਾਇਆ।

ਉਨ੍ਹਾਂ ਕਿਹਾ ਕਿ ਕਾਂਗਰਸ ਉਸ ਸਮੇਂ ਇਹ ਨਹੀਂ ਸਮਝ ਸਕੀ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਨਹੀਂ, ਸਗੋਂ ਦੇਸ਼ ਦੀਆਂ ਉਨ੍ਹਾਂ ਗ਼ਰੀਬ ਮਾਵਾਂ, ਭੈਣਾਂ ਅਤੇ ਧੀਆਂ ਦੇ ਸਨਮਾਨ ਦਾ ਮਜ਼ਾਕ ਉਡਾ ਰਹੀ ਸੀ, ਜਿਨ੍ਹਾਂ ਦੇ ਘਰਾਂ ਵਿੱਚ ਪਖਾਨੇ ਦੀ ਸਹੂਲਤ ਤੱਕ ਉਪਲਬਧ ਨਹੀਂ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਵੀ ਕਾਂਗਰਸ ਨੇ ਵੈਕਸੀਨ ਨੂੰ ਲੈ ਕੇ ਸਵਾਲ ਉਠਾਏ ਅਤੇ ਲੋਕਾਂ ਵਿੱਚ ਭਰਮ ਪੈਦਾ ਕਰਨ ਦਾ ਯਤਨ ਕੀਤਾ। ਕਾਂਗਰਸ ਦੇ ਆਗੂਆਂ ਨੇ ਖ਼ੁਦ ਵੈਕਸੀਨ ਲਗਵਾਈ, ਪਰ ਦੇਸ਼ ਦੇ ਗ਼ਰੀਬ ਅਤੇ ਆਮ ਨਾਗਰਿਕਾਂ ਨੂੰ ਵੈਕਸੀਨ ਪ੍ਰਤੀ ਨਿਰਾਸ਼ ਕੀਤਾ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਉਸ ਔਖੇ ਦੌਰ ਵਿੱਚ ਵੈਕਸੀਨ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਉਨ੍ਹਾਂ ਦੀ ਸਿਹਤ ਅਤੇ ਜੀਵਨ ਨੂੰ ਜੋਖਮ ਵਿੱਚ ਪਾਉਣ ਵਰਗਾ ਸੀ।

ਉਨ੍ਹਾਂ ਕਿਹਾ ਕਿ ਅੱਜ ਚੋਣ-ਦਰ-ਚੋਣ ਕਾਂਗਰਸ ਇਸ ਦੇ ਨਤੀਜੇ ਦੇਖ ਰਹੀ ਹੈ। ਦੇਸ਼ ਦੀ ਜਨਤਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਸ ਲਈ ਪਿਆਰ ਕਰਦੀ ਹੈ, ਕਿਉਂਕਿ ਉਨ੍ਹਾਂ ਨੇ ਗ਼ਰੀਬ, ਮਹਿਲਾ ਅਤੇ ਨੌਜਵਾਨ ਦੇ ਜੀਵਨ ਵਿੱਚ ਆਏ ਬਦਲਾਅ ਨੂੰ ਖ਼ੁਦ ਦੇਖਿਆ ਅਤੇ ਅਨੁਭਵ ਕੀਤਾ ਹੈ।

ਜਦੋਂ ਦੇਸ਼ ਦਾ ਨੌਜਵਾਨ ਮੌਕਾ ਮੰਗ ਰਿਹਾ ਸੀ, ਉਦੋਂ ਕਿੱਥੇ ਸੀ ਕਾਂਗਰਸ – ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਕਾਂਗਰਸ ਦੇ ਲੋਕ ਨੌਜਵਾਨਾਂ ਦੀ ਗੱਲ ਕਰਦੇ ਹਨ ਅਤੇ ਸਵਾਲ ਉਠਾਉਂਦੇ ਹਨ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਲਈ ਕੀ ਕੀਤਾ। ਕਾਂਗਰਸ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਦੇਸ਼ ਦਾ ਨੌਜਵਾਨ ਮੌਕਾ ਮੰਗ ਰਿਹਾ ਸੀ, ਉਸ ਸਮੇਂ ਕਾਂਗਰਸ ਕਿੱਥੇ ਸੀ। ਉਸ ਦੇ ਸ਼ਾਸਨਕਾਲ ਵਿੱਚ ਨੌਜਵਾਨਾਂ ਲਈ ਕੀ ਨੀਤੀ ਸੀ ਅਤੇ ਦੇਸ਼ ਦੇ ਨੌਜਵਾਨਾਂ ਦੀ ਸਥਿਤੀ ਕੀ ਸੀ।

ਉਨ੍ਹਾਂ ਕਿਹਾ ਕਿ ਖੇਲੋ ਇੰਡੀਆ, ਮੇਕ ਇਨ ਇੰਡੀਆ ਅਤੇ ਫਿੱਟ ਇੰਡੀਆ ਵਰਗੀਆਂ ਪਹਿਲਕਦਮੀਆਂ ਦੇ ਰਾਹੀਂ ਨੌਜਵਾਨਾਂ ਲਈ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹੇ ਗਏ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਨਵੇਂ ਮੌਕੇ ਅਤੇ ਆਤਮ-ਵਿਸ਼ਵਾਸ ਪ੍ਰਦਾਨ ਕਰਨ ਦੇ ਨਾਲ-ਨਾਲ ਆਤਮਨਿਰਭਰਤਾ ਦੀ ਰਾਹ ਦਿਖਾਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਵਿੱਚ 12,500 ਤੋਂ ਵੱਧ ਸਟਾਰਟਅੱਪ ਕਾਰਜਸ਼ੀਲ ਹਨ ਅਤੇ 19 ਯੂਨੀਕਾਰਨ ਉੱਭਰੇ ਹਨ। ਉਨ੍ਹਾਂ ਕਿਹਾ ਕਿ ਅੱਜ ਬਿਹਤਰ ਸੜਕਾਂ ਅਤੇ ਆਧੁਨਿਕ ਬੁਨਿਆਦੀ ਢਾਂਚੇ ਦਾ ਲਾਭ ਉਠਾਉਂਦੇ ਹੋਏ ਇਹ ਕਹਿਣਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਕੁਝ ਨਹੀਂ ਕੀਤਾ, ਕਾਂਗਰਸ ਦੀ ਰਾਜਨੀਤੀ ਦੇ ਵਿਰੋਧਾਭਾਸ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੂੰ ਅਪਸ਼ਬਦ ਕਹਿਣ ਨਾਲ ਕਾਂਗਰਸ ਨੂੰ ਨਹੀਂ ਮਿਲੇਗਾ ਜਨਤਾ ਦਾ ਵਿਸ਼ਵਾਸ

ਮੁੱਖ ਮੰਤਰੀ ਨੇ ਕਿਹਾ ਕਿ ਮੁੱਦਿਆਂ ਤੋਂ ਖਾਲੀ ਕਾਂਗਰਸ ਕੋਲ ਹੁਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪਸ਼ਬਦ ਕਹਿਣ ਤੋਂ ਇਲਾਵਾ ਕੁਝ ਨਹੀਂ ਬਚਿਆ ਹੈ। ਕਾਂਗਰਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਅਪਸ਼ਬਦ ਕਹਿਣਾ ਉਸ ਗ਼ਰੀਬ ਦਾ ਅਪਮਾਨ ਹੈ, ਜਿਸ ਨੂੰ ਪੱਕਾ ਘਰ ਮਿਲਿਆ ਹੈ; ਉਸ ਮਹਿਲਾ ਦਾ ਅਪਮਾਨ ਹੈ, ਜਿਸ ਨੂੰ ਸਨਮਾਨ ਮਿਲਿਆ ਹੈ ਅਤੇ ਉਸ ਨੌਜਵਾਨ ਦਾ ਅਪਮਾਨ ਹੈ, ਜਿਸ ਨੂੰ ਅੱਗੇ ਵਧਣ ਦੇ ਨਵੇਂ ਮੌਕੇ ਮਿਲੇ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਦੂਜਿਆਂ ਉੱਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਕੋਸਣ ਅਤੇ ਅਪਸ਼ਬਦ ਕਹਿਣ ਨਾਲ ਕਾਂਗਰਸ ਦੀ ਰਾਜਨੀਤਿਕ ਭੁੱਖ ਸ਼ਾਂਤ ਨਹੀਂ ਹੋਵੇਗੀ। ਜਨਤਾ ਦਾ ਵਿਸ਼ਵਾਸ ਪ੍ਰਾਪਤ ਕਰਨ ਲਈ ਕਾਂਗਰਸ ਨੂੰ ਗ਼ਰੀਬ, ਮਹਿਲਾ ਅਤੇ ਨੌਜਵਾਨ ਪ੍ਰਤੀ ਆਪਣੀ ਸੋਚ ਬਦਲਣੀ ਪਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਜਨਤਾ ਦੇਖ ਰਹੀ ਹੈ ਕਿ ਕੌਣ ਕੰਮ ਕਰ ਰਿਹਾ ਹੈ ਅਤੇ ਕੌਣ ਕੇਵਲ ਵਿਰੋਧ ਦੀ ਰਾਜਨੀਤੀ ਕਰ ਰਿਹਾ ਹੈ। ਆਲੋਚਨਾ ਕਰਨਾ ਅਤੇ ਅਪਸ਼ਬਦ ਕਹਿਣਾ ਕਾਂਗਰਸ ਦੀ ਬੇਵਸੀ ਨੂੰ ਦਰਸਾਉਂਦਾ ਹੈ ਅਤੇ ਅਜਿਹਾ ਲੱਗਦਾ ਹੈ ਕਿ ਇਹ ਉਸ ਦੇ ਰਾਜਨੀਤਿਕ ਡੀ.ਐੱਨ.ਏ. ਵਿੱਚ ਸਮਾ ਗਿਆ ਹੈ।

ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਆਪਣੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਅਤੇ ਉਸ ਨੂੰ ਸਰਕਾਰ ਦਾ ਵਿਰੋਧ ਕਰਨ ਦਾ ਅਧਿਕਾਰ ਹੈ। ਅਸੀਂ ਵੀ ਵਿਰੋਧੀ ਧਿਰ ਵਿੱਚ ਰਹੇ ਹਾਂ ਅਤੇ ਉਸ ਸਮੇਂ ਜਨਤਾ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਇਆ ਹੈ। ਪਰ ਅੱਜ ਕਾਂਗਰਸ ਕੋਲ ਨਾ ਕੋਈ ਮੁੱਦਾ ਬਚਿਆ ਹੈ, ਨਾ ਨੀਤੀ ਅਤੇ ਨਾ ਹੀ ਕੋਈ ਠੋਸ ਏਜੰਡਾ। ਉਨ੍ਹਾਂ ਕਿਹਾ ਕਿ ਸਵੇਰੇ ਉੱਠ ਕੇ ਝੂਠ ਬੋਲਣਾ ਅਤੇ ਰਾਤ ਨੂੰ ਝੂਠ ਬੋਲ ਕੇ ਸੌਂ ਜਾਣਾ ਹੀ ਕਾਂਗਰਸ ਦੀ ਰਾਜਨੀਤੀ ਬਣ ਕੇ ਰਹਿ ਗਈ ਹੈ।

ਪੰਜਾਬ ਨੂੰ ਨਸ਼ਾਮੁਕਤ ਕਰਨ ਦੇ ਵਾਅਦਿਆਂ ਦੀ ਹਕੀਕਤ ਜਨਤਾ ਦੇ ਸਾਹਮਣੇ

ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਉੱਥੇ ਦੀ ਸਰਕਾਰ ਨੇ ਪ੍ਰਦੇਸ਼ ਨੂੰ ਨਸ਼ਾਮੁਕਤ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਨਸ਼ੇ ਦੇ ਖਿਲਾਫ ਉਨ੍ਹਾਂ ਦੀ ਲੜਾਈ ਦੀ ਹਕੀਕਤ ਸਾਰਿਆਂ ਦੇ ਸਾਹਮਣੇ ਹੈ।

ਉਨ੍ਹਾਂ ਕਿਹਾ ਕਿ ਨਸ਼ੇ ਤੋਂ ਪ੍ਰੇਸ਼ਾਨ ਇੱਕ ਬੇਵੱਸ ਪਿਤਾ ਨੇ ਪੰਜਾਬ ਦੇ ਮੰਤਰੀ ਸਾਹਮਣੇ ਗੁਹਾਰ ਲਗਾਈ, ਪਰ ਉਸ ਦੀ ਪੁਕਾਰ ਨਹੀਂ ਸੁਣੀ ਗਈ ਅਤੇ ਆਖਿਰਕਾਰ ਉਸ ਨੂੰ ਆਪਣੀ ਜਾਨ ਤੱਕ ਗਵਾਉਣੀ ਪਈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਰਾਜਨੀਤੀ ਦਾ ਸੱਚ ਇਹੀ ਹੈ ਕਿ ਬੋਲਦੇ ਕੁਝ ਹਨ ਅਤੇ ਕਰਦੇ ਕੁਝ ਹਨ। ਝੂਠੇ ਵਾਅਦਿਆਂ ਅਤੇ ਖੋਖਲੇ ਦਾਅਵਿਆਂ ਨਾਲ ਹੁਣ ਪੰਜਾਬ ਦੀ ਜਨਤਾ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ। ਜਨਤਾ ਵਾਅਦਿਆਂ ਅਤੇ ਜ਼ਮੀਨੀ ਹਕੀਕਤ ਦੇ ਵਿਚਕਾਰ ਦੇ ਫਰਕ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments