ਨਵੀਂ ਦਿੱਲੀ, 27 ਨਵੰਬਰ 2026 (ਚੌਧਰੀ ਪ੍ਰਭਜੀਤ ਸਿੰਘ) : ਪੰਜਾਬ ਦੀ ਕਲਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਪੱਧਰ ’ਤੇ ਪਛਾਣ ਦਿਵਾਉਣ ਵਾਲੇ ਮਹਾਨ ਚਿੱਤਰਕਾਰ ਸਰਦਾਰ ਸੋਭਾ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਵਿਲੱਖਣ ਸਨਮਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੀ 125ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ 125 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਜਾਵੇਗਾ। ਇਹ ਫੈਸਲਾ ਨਾ ਸਿਰਫ਼ ਸਿੱਖ ਭਾਈਚਾਰੇ ਸਗੋਂ ਸਮੁੱਚੇ ਕਲਾ ਜਗਤ ਲਈ ਮਾਣ ਵਾਲੀ ਗੱਲ ਹੈ। ਸਰਕਾਰੀ ਪ੍ਰੈੱਸ ਬਿਆਨ ਅਨੁਸਾਰ ਇਸ ਵਿਸ਼ੇਸ਼ ਸਿੱਕੇ ਨੂੰ ਅਗਲੇ ਸਾਲ ਫਰਵਰੀ ਮਹੀਨੇ ਸੋਭਾ ਸਿੰਘ ਦੀ 125ਵੀਂ ਜਨਮ ਵਰ੍ਹੇਗੰਢ ਸਬੰਧੀ ਹੋਣ ਵਾਲੇ ਸਰਕਾਰੀ ਸਮਾਗਮਾਂ ਦੌਰਾਨ ਜਾਰੀ ਕੀਤਾ ਜਾਵੇਗਾ। ਸਿੱਕੇ ਦੇ ਡਿਜ਼ਾਈਨ ਅਤੇ ਆਕਾਰ ਨੂੰ ਕੇਂਦਰੀ ਮੰਤਰੀ ਮੰਡਲ ਵੱਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਚਿੱਤਰਕਾਰ ਦੀ ਯਾਦ ਵਿੱਚ ਕੇਂਦਰ ਸਰਕਾਰ ਵੱਲੋਂ ਸਿੱਕਾ ਜਾਰੀ ਕਰਨ ਦੀ ਇਹ ਪਹਿਲੀ ਮਿਸਾਲ ਹੋਵੇਗੀ। ਇਸ ਤੋਂ ਪਹਿਲਾਂ ਸਾਲ 2001 ਵਿੱਚ ਸੋਭਾ ਸਿੰਘ ਦੇ 100ਵੇਂ ਜਨਮ ਦਿਵਸ ਮੌਕੇ ਭਾਰਤੀ ਡਾਕ ਵਿਭਾਗ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਯਾਦਗਾਰੀ ਡਾਕ ਟਿਕਟ ਅਤੇ ਡਾਕ ਕਵਰ ਜਾਰੀ ਕੀਤਾ ਗਿਆ ਸੀ। ਹੁਣ ਭਾਰਤੀ ਮੁਦਰਾ ਦਾ ਹਿੱਸਾ ਬਣਨ ਵਾਲਾ ਇਹ ਯਾਦਗਾਰੀ ਸਿੱਕਾ ਉਨ੍ਹਾਂ ਦੀ ਕਲਾ ਅਤੇ ਸ਼ਖ਼ਸੀਅਤ ਦੀ ਅਮਿੱਟ ਨਿਸ਼ਾਨੀ ਵਜੋਂ ਸੰਭਾਲਿਆ ਜਾਵੇਗਾ।
ਸ੍ਰੀ ਗੁਰੂ ਸਾਹਿਬਾਨ ਦੇ ਚਿੱਤਰਾਂ ਰਾਹੀਂ ਘਰ-ਘਰ ਪਹੁੰਚਾਈ ਪਛਾਣ
ਚਿੱਤਰਕਾਰ ਸੋਭਾ ਸਿੰਘ ਦੀ ਸਭ ਤੋਂ ਵੱਡੀ ਦੇਣ ਸਿੱਖ ਗੁਰੂ ਸਾਹਿਬਾਨ ਦੀਆਂ ਉਹ ਅਦਭੁੱਤ ਤਸਵੀਰਾਂ ਹਨ, ਜਿਨ੍ਹਾਂ ਨੇ ਦੁਨੀਆ ਭਰ ਦੇ ਲੋਕਾਂ ਦੇ ਮਨਾਂ ਵਿੱਚ ਵਿਸ਼ੇਸ਼ ਸਥਾਨ ਬਣਾਇਆ ਹੋਇਆ ਹੈ। ਸਾਲ 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਪਹਿਲੇ ਪਾਤਸ਼ਾਹ ਦੀ ਅਧਿਆਤਮਿਕ ਸ਼ਖ਼ਸੀਅਤ ਨੂੰ ਦਰਸਾਉਂਦੀਆਂ ਤਿੰਨ ਤਸਵੀਰਾਂ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਨੇ ਯਥਾਰਥਵਾਦੀ ਅਤੇ ਪ੍ਰਭਾਵਵਾਦੀ ਚਿੱਤਰਕਲਾ ਦੇ ਸੁਮੇਲ ਨਾਲ ਅਜਿਹੀਆਂ ਤਸਵੀਰਾਂ ਤਿਆਰ ਕੀਤੀਆਂ, ਜਿਨ੍ਹਾਂ ਨੇ ਬਾਬਾ ਨਾਨਕ ਦੀ ਅਧਿਆਤਮਿਕ ਸ਼ਖ਼ਸੀਅਤ ਨੂੰ ਲੋਕਾਂ ਦੇ ਮਨਾਂ ਵਿੱਚ ਜੀਵੰਤ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਬਾਕੀ ਨੌਂ ਸਿੱਖ ਗੁਰੂ ਸਾਹਿਬਾਨ ਦੇ ਚਿੱਤਰ ਵੀ ਤਿਆਰ ਕੀਤੇ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦਿਖਾਈ ਦਿੰਦੀ ਰੂਹਾਨੀ ਗਹਿਰਾਈ ਅਤੇ ਸ਼ਰਧਾ ਉਨ੍ਹਾਂ ਨੂੰ ਦੂਜੇ ਚਿੱਤਰਕਾਰਾਂ ਤੋਂ ਵੱਖਰੀ ਪਛਾਣ ਦਿੰਦੀ ਹੈ। ਸਿੱਖ ਧਰਮ, ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਉਨ੍ਹਾਂ ਦੀ ਡੂੰਘੀ ਜਾਣਕਾਰੀ ਅਤੇ ਗੁਰੂ ਸਾਹਿਬਾਨ ਪ੍ਰਤੀ ਬਚਪਨ ਤੋਂ ਹੀ ਅਟੁੱਟ ਵਿਸ਼ਵਾਸ ਉਨ੍ਹਾਂ ਦੀ ਕਲਾ ਦਾ ਮੁੱਖ ਆਧਾਰ ਸੀ।
ਸਾਦੇ ਪਰਿਵਾਰ ਤੋਂ ਉੱਠ ਕੇ ਕਲਾ ਜਗਤ ਵਿੱਚ ਬਣਾਈ ਵੱਖਰੀ ਪਛਾਣ
ਸਰਦਾਰ ਸੋਭਾ ਸਿੰਘ ਦਾ ਜਨਮ 29 ਨਵੰਬਰ 1901 ਨੂੰ ਸ੍ਰੀ ਹਰਗੋਬਿੰਦਪੁਰ ਵਿਖੇ ਇੱਕ ਸਾਧਾਰਨ ਮੱਧਵਰਗੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਕਲਾ ਦੀ ਰਸਮੀ ਸਿੱਖਿਆ ਵਜੋਂ ਡਰਾਫਟਸਮੈਨਸ਼ਿਪ ਦਾ ਡਿਪਲੋਮਾ ਹਾਸਲ ਕੀਤਾ ਸੀ, ਪਰ ਆਪਣੀ ਕਲਪਨਾਸ਼ੀਲਤਾ ਅਤੇ ਮਿਹਨਤ ਸਦਕਾ ਪੈਨਸਿਲ ਨਾਲ ਬਣਾਏ ਸਕੈਚਾਂ ਨੂੰ ਸ਼ਾਨਦਾਰ ਚਿੱਤਰਾਂ ਵਿੱਚ ਬਦਲ ਦਿੱਤਾ। ਖ਼ਾਸ ਕਰਕੇ ਵਿਅਕਤੀ ਚਿੱਤਰਕਾਰੀ ਵਿੱਚ ਉਨ੍ਹਾਂ ਦੀ ਮੁਹਾਰਤ ਬੇਮਿਸਾਲ ਸੀ। ਕਿਤਾਬਾਂ ਪੜ੍ਹਨ ਅਤੇ ਸਮਕਾਲੀ ਘਟਨਾਵਾਂ ਨਾਲ ਜੁੜੇ ਰਹਿਣ ਦੀ ਆਦਤ ਨੇ ਵੀ ਉਨ੍ਹਾਂ ਦੀ ਕਲਾ ਨੂੰ ਡੂੰਘਾਈ ਪ੍ਰਦਾਨ ਕੀਤੀ। ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ ਸਥਿਤ ਉਨ੍ਹਾਂ ਦਾ ਪਹਿਲਾ ਸਟੂਡੀਓ ਅਤੇ 1947 ਦੀ ਵੰਡ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਵਿਖੇ ਬਣਾਇਆ ਗਿਆ ਕਲਾ ਕੇਂਦਰ ਉਨ੍ਹਾਂ ਦੇ ਕਲਾਤਮਕ ਸਫ਼ਰ ਦੇ ਮਹੱਤਵਪੂਰਨ ਪੜਾਅ ਰਹੇ।
ਸਿੱਖ ਗੁਰੂ ਸਾਹਿਬਾਨ ਅਤੇ ਇਤਿਹਾਸਕ ਸ਼ਖ਼ਸੀਅਤਾਂ ਦੇ ਚਿੱਤਰਾਂ ਤੋਂ ਇਲਾਵਾ ਪੰਜਾਬੀ ਲੋਕ ਸਾਹਿਤ ਨਾਲ ਜੁੜੀਆਂ ਕਹਾਣੀਆਂ ਹੀਰ-ਰਾਂਝਾ ਅਤੇ ਸੋਹਣੀ-ਮਹੀਂਵਾਲ ’ਤੇ ਆਧਾਰਿਤ ਉਨ੍ਹਾਂ ਦੀਆਂ ਰਚਨਾਵਾਂ ਵੀ ਬੇਹੱਦ ਮਕਬੂਲ ਹੋਈਆਂ। ਇਨ੍ਹਾਂ ਚਿੱਤਰਾਂ ਨੇ ਪੰਜਾਬੀ ਸੱਭਿਆਚਾਰ ਅਤੇ ਲੋਕ ਵਿਰਸੇ ਨੂੰ ਕਲਾ ਰਾਹੀਂ ਨਵੀਂ ਪਛਾਣ ਦਿੱਤੀ। ਅੰਦਰੇਟਾ ਸਥਿਤ ਸੋਭਾ ਸਿੰਘ ਮੈਮੋਰੀਅਲ ਆਰਟ ਸੋਸਾਇਟੀ ਦੇ ਯਤਨਾਂ ਸਦਕਾ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਚਾਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਦੇ ਲੋਕ ਉਨ੍ਹਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਦਾ ਅਨਮੋਲ ਹਿੱਸਾ ਮੰਨਦੇ ਹਨ, ਜਦਕਿ ਹਿਮਾਚਲ ਪ੍ਰਦੇਸ਼ ਦੇ ਲੋਕ ਵੀ ਉਨ੍ਹਾਂ ਨੂੰ ਆਪਣਾ ਮਾਣ ਸਮਝਦੇ ਹਨ। ਕੇਂਦਰ ਸਰਕਾਰ ਵੱਲੋਂ 125 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨ ਦਾ ਫੈਸਲਾ ਇਸ ਮਹਾਨ ਕਲਾਕਾਰ ਦੀ ਕਲਾ, ਅਧਿਆਤਮਿਕ ਸੋਚ ਅਤੇ ਪੰਜਾਬੀ ਸੱਭਿਆਚਾਰ ਵਿੱਚ ਪਾਏ ਯੋਗਦਾਨ ਨੂੰ ਕੌਮੀ ਪੱਧਰ ’ਤੇ ਮਾਨਤਾ ਦੇਣ ਵਾਲਾ ਸ਼ਲਾਘਾਯੋਗ ਕਦਮ ਹੈ।






