HomeLifestyleਉਮੀਦਵਾਰਾਂ ਦੇ ਖਾਸ ਦਾਅ-ਓ-ਪੇਚ , ਵੋਟਰਾਂ ਦੇ ਅਰਮਾਨਾਂ ਨਾਲ ਦੋ ਤਰਫਾ ਖੇਡ.

ਉਮੀਦਵਾਰਾਂ ਦੇ ਖਾਸ ਦਾਅ-ਓ-ਪੇਚ , ਵੋਟਰਾਂ ਦੇ ਅਰਮਾਨਾਂ ਨਾਲ ਦੋ ਤਰਫਾ ਖੇਡ.

Candidates Navigate Strategic Political Moves While Responding to Voters’ Aspirations

ਚੋਣਾਂ ਦਾ ਮੌਸਮ ਆਉਂਦੇ ਹੀ ਸਿਆਸਤ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਚਿਹਰੇ ਪੰਜ ਸਾਲ ਲੋਕਾਂ ਤੋਂ ਦੂਰ ਰਹਿੰਦੇ ਹਨ, ਉਹ ਅਚਾਨਕ ਗਲੀਆਂ, ਮੁਹੱਲਿਆਂ, ਪਿੰਡਾਂ ਅਤੇ ਘਰਾਂ ਦੀਆਂ ਡਿਓੜ੍ਹੀਆਂ ਤੱਕ ਪਹੁੰਚਣ ਲੱਗ ਪੈਂਦੇ ਹਨ। ਕਿਸੇ ਦੇ ਹੱਥ ਵਿੱਚ ਵਿਕਾਸ ਦਾ ਵਾਅਦਾ ਹੁੰਦਾ ਹੈ, ਕਿਸੇ ਕੋਲ ਪੁਰਾਣੇ ਕੰਮਾਂ ਦੀ ਫਾਈਲ, ਕਿਸੇ ਕੋਲ ਨਵੀਂ ਉਮੀਦ ਦਾ ਨਾਅਰਾ ਅਤੇ ਕਿਸੇ ਕੋਲ ਵਿਰੋਧੀ ਦੀਆਂ ਕਮਜ਼ੋਰੀਆਂ ਦੀ ਲੰਮੀ ਸੂਚੀ। ਇਹੀ ਚੋਣੀ ਸਿਆਸਤ ਦਾ ਉਹ ਪੜਾਅ ਹੈ ਜਿੱਥੇ ਵਾਅਦਾ, ਪ੍ਰਭਾਵ, ਮਨੋਵਿਗਿਆਨ ਅਤੇ ਜ਼ਮੀਨੀ ਚਲਾਕੀ ਇਕੱਠੇ ਕੰਮ ਕਰਦੇ ਹਨ।

ਨਵਾਂ ਉਮੀਦਵਾਰ ਆਮ ਤੌਰ ’ਤੇ ਆਪਣੇ ਆਪ ਨੂੰ “ਬਦਲਾਅ” ਦਾ ਚਿਹਰਾ ਬਣਾਉਂਦਾ ਹੈ। ਉਹ ਕਹਿੰਦਾ ਹੈ ਕਿ ਪੁਰਾਣਿਆਂ ਨੇ ਕੁਝ ਨਹੀਂ ਕੀਤਾ ਅਤੇ ਹੁਣ ਇੱਕ ਨਵੀਂ ਸ਼ੁਰੂਆਤ ਦੀ ਲੋੜ ਹੈ। ਇਸ ਰਣਨੀਤੀ ਦਾ ਆਧਾਰ ਲੋਕਾਂ ਦੀ ਬਦਲਾਅ ਦੀ ਇੱਛਾ ਹੁੰਦੀ ਹੈ। ਦੂਜੇ ਪਾਸੇ ਪੁਰਾਣਾ ਉਮੀਦਵਾਰ ਆਪਣਾ ਤਜਰਬਾ, ਸੰਪਰਕ ਅਤੇ ਪਿਛਲੇ ਕੰਮ ਗਿਣਾਉਂਦਾ ਹੈ। ਉਸ ਦਾ ਸੰਦੇਸ਼ ਹੁੰਦਾ ਹੈ—“ਮੈਨੂੰ ਤੁਸੀਂ ਜਾਣਦੇ ਹੋ, ਮੇਰਾ ਕੰਮ ਤੁਸੀਂ ਦੇਖਿਆ ਹੈ।” ਇੱਥੇ ਵੋਟਰ ਦੀ ਮਨੋਵਿਗਿਆਨਿਕ ਦੁਵਿਧਾ ਸ਼ੁਰੂ ਹੁੰਦੀ ਹੈ ਕਿ ਨਵਾਂ ਭਰੋਸਾ ਕਰੀਏ ਜਾਂ ਪੁਰਾਣੇ ਤਜਰਬੇ ਨੂੰ ਮੌਕਾ ਦੇਈਏ?

ਚੋਣਾਂ ਨੇੜੇ ਆਉਂਦਿਆਂ ਇੱਕ ਹੋਰ ਦੇਸੀ ਤਰੀਕਾ ਸਰਗਰਮ ਹੁੰਦਾ ਹੈ ਉਹ ਹੈ ਨਿੱਜੀ ਪਹੁੰਚ। ਕਿਸੇ ਦੇ ਘਰ ਚਾਹ ਪੀਣਾ, ਕਿਸੇ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣਾ, ਵਿਆਹ ਜਾਂ ਭੋਗ ’ਤੇ ਹਾਜ਼ਰੀ ਲਗਾਉਣਾ, ਛੋਟੇ-ਮੋਟੇ ਮਸਲੇ ਵਿੱਚ ਫ਼ੋਨ ਕਰ ਦੇਣਾ ਜਾਂ ਕਿਸੇ ਨੌਜਵਾਨ ਦੀ ਕੰਡ ਤੇ ਹੱਥ ਰੱਖ ਕੇ ਉਸ ਨੂੰ “ਆਪਣਾ ਬੰਦਾ” ਕਹਿ ਦੇਣਾ ਆਦਿ ਇਹ ਸਾਰੀਆਂ ਗੱਲਾਂ ਰਿਸ਼ਤਾ ਬਣਾਉਣ ਦੀ ਇਲੈਕਸ਼ਨੀ ਰਣਨੀਤੀ ਦਾ ਹਿੱਸਾ ਬਣਾਉਣ ਦੀ ਚਾਲ ਮਾਤਰ ਹੈ । ਕਈ ਵਾਰ ਇਹ ਸੱਚੀ ਲੋਕ-ਸੇਵਾ ਵੀ ਹੋ ਸਕਦੀ ਹੈ, ਪਰ ਕਈ ਵਾਰ ਇਸ ਦੇ ਪਿੱਛੇ ਵੋਟ ਦੀ ਗਿਣਤੀ ਵੀ ਚੱਲ ਰਹੀ ਹੁੰਦੀ ਹੈ।

ਇਸ ਤੋਂ ਅੱਗੇ ਆਉਂਦਾ ਹੈ ਡਰ ਅਤੇ ਧਾਰਣਾ ਦਾ ਮਨੋਵਿਗਿਆਨ। ਵੋਟਰ ਨੂੰ ਕਿਹਾ ਜਾਂਦਾ ਹੈ ਕਿ “ਜੇ ਫਲਾਣਾ ਆ ਗਿਆ ਤਾਂ ਇਲਾਕੇ ਦਾ ਨੁਕਸਾਨ ਹੋਵੇਗਾ”, “ਜੇ ਸਾਨੂੰ ਮੌਕਾ ਨਾ ਮਿਲਿਆ ਤਾਂ ਤੁਹਾਡਾ ਕੰਮ ਰੁਕ ਜਾਵੇਗਾ” ਜਾਂ “ਇਸ ਵਾਰ ਮੁਕਾਬਲਾ ਬਹੁਤ ਵੱਡਾ ਹੈ।” ਇਸ ਤਰ੍ਹਾਂ ਮੁੱਦੇ ਦੀ ਥਾਂ ਡਰ, ਗੁੱਸੇ ਜਾਂ ਭਾਵਨਾ ਨੂੰ ਵੋਟ ਦਾ ਆਧਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ਨੇ ਇਸ ਖੇਡ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇੱਕ ਤਸਵੀਰ, ਛੋਟੀ ਵੀਡੀਓ, ਪੁਰਾਣੀ ਘਟਨਾ ਦਾ ਨਵਾਂ ਸੰਦਰਭ ਜਾਂ ਅਧੂਰੀ ਜਾਣਕਾਰੀ ਕੁਝ ਘੰਟਿਆਂ ਵਿੱਚ ਹਜ਼ਾਰਾਂ ਲੋਕਾਂ ਤੱਕ ਪਹੁੰਚ ਸਕਦੀ ਹੈ। ਇੱਥੇ ਸਭ ਤੋਂ ਵੱਡਾ ਹਥਿਆਰ ਤੱਥ ਨਹੀਂ, ਧਾਰਣਾ ਬਣ ਜਾਂਦੀ ਹੈ। ਜੇ ਕਿਸੇ ਦਾਅਵੇ ਦੀ ਪੁਸ਼ਟੀ ਕੀਤੇ ਬਿਨਾਂ ਉਸਨੂੰ ਵਾਰ-ਵਾਰ ਦੁਹਰਾਇਆ ਜਾਵੇ ਤਾਂ ਉਹ ਕੁਝ ਲੋਕਾਂ ਨੂੰ ਸੱਚ ਜਿਹਾ ਲੱਗਣ ਲੱਗਦਾ ਹੈ।

ਇੱਥੇ ਵੋਟਰ ਨੂੰ ਉਮੀਦਵਾਰ ਤੋਂ ਪੁੱਛ ਚਾਹੀਂਦਾ ਹੈ ਕੀ ਵੀਰ-ਭੈਣ ਇਹ ਦੱਸ ਪਿਛਲੇ ਪੰਜ ਸਾਲਾਂ ਵਿੱਚ ਕੀ ਕੀਤਾ? ਜੋ ਵਾਅਦਾ ਹੁਣ ਕੀਤਾ ਜਾ ਰਿਹਾ ਹੈ, ਉਸ ਲਈ ਪੈਸਾ ਕਿੱਥੋਂ ਆਵੇਗਾ? ਪਿਛਲੇ ਵਾਅਦਿਆਂ ਦਾ ਕੀ ਬਣਿਆ? ਤੂੰ ਸਿਰਫ ਇਲੈਕਸ਼ਨ ਵੇਲੇ ਕਿਓਂ ਮਿਲਦਾ ਹੈ ਆਮ ਦਿਨਾਂ ਵਿੱਚ ਵੀ ਲੋਕਾਂ ਦੇ ਨਾਲ ਖੜ੍ਹਾ ਕਿਓਂ ਨਹੀਂ ਰਹਿੰਦਾ ਹੈ? ਅਸਲ ਲੋਕਤੰਤਰ ਦੀ ਪਰਖ ਇੱਥੇ ਹੀ ਹੈ। ਉਮੀਦਵਾਰਾਂ ਦਾ ਕੰਮ ਵੋਟਰ ਨੂੰ ਪ੍ਰਭਾਵਿਤ ਕਰਨਾ ਹੋ ਸਕਦਾ ਹੈ, ਪਰ ਵੋਟਰ ਦਾ ਕੰਮ ਪ੍ਰਭਾਵਿਤ ਹੋ ਕੇ ਨਹੀਂ ਸਗੋਂ ਪਰਖ ਕੇ ਫੈਸਲਾ ਕਰਨਾ ਹੈ।

ਚੋਣੀ ਮੌਸਮ ਵਿੱਚ ਮਿੱਠੀ ਬੋਲੀ, ਵੱਡੇ ਵਾਅਦੇ, ਨਿੱਜੀ ਰਿਸ਼ਤੇ, ਸੋਸ਼ਲ ਮੀਡੀਆ ਦੀ ਚਮਕ ਅਤੇ ਵਿਰੋਧੀਆਂ ਵਿਰੁੱਧ ਦਾਅ-ਪੇਚ ਭਾਵੇਂ ਇਹ ਸਭ ਆਪਣੀ ਥਾਂ ਹਨ। ਪਰ ਆਖ਼ਰੀ ਸ਼ੱਕੀ ਸਵਾਲ ਵੋਟਰਾ ਦੇ ਮਨਾ ਵਿੱਚ ਘਰ ਕਰ ਜਾਂਦਾ ਹੈ: “ਜੋ ਕਿਹਾ ਜਾ ਰਿਹਾ ਹੈ, ਕੀ ਉਹ ਸੱਚਮੁੱਚ ਕੀਤਾ ਵੀ ਜਾ ਸਕਦਾ ਹੈ?” ਜੇ ਵੋਟਰ ਇਸ ਇੱਕ ਸਵਾਲ ਨੂੰ ਇਮਾਨਦਾਰੀ ਨਾਲ ਪੁੱਛਣਾ ਸਿੱਖ ਲਵੇ, ਤਾਂ ਇਲੈਕਟ – ਸ਼ਨੀ ਸਿਆਸਤ ਦੇ ਕਈ ਦਾਅ-ਪੇਚ ਆਪਣੇ ਆਪ ਬੇਅਸਰ ਹੋ ਸਕਦੇ ਹਨ।

ਛੱਤਰਪਾਲ ਸਿੰਘ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments