ਫਤਿਹਾਬਾਦ, 30 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਸਰਦਾਰ ਜਰਨੈਲ ਸਿੰਘ ਵੱਲੋਂ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਮੁੱਦਾ ਚੁੱਕੇ ਜਾਣ ਦੌਰਾਨ ਕਾਂਗਰਸ ਵਿਧਾਇਕ ਇੰਦੁਰਾਜ ਨਰਵਾਲ ਵੱਲੋਂ ਉਨ੍ਹਾਂ ਦੇ ਹੱਥੋਂ ਪੋਸਟਰ ਖੋਹ ਕੇ ਸੁੱਟਣ ਦੇ ਮਾਮਲੇ ਨੂੰ ਲੈ ਕੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਨੇ ਸਖ਼ਤ ਵਿਰੋਧ ਜਤਾਇਆ। ਸ਼ਨੀਵਾਰ ਨੂੰ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਅਜੈ ਖੁੰਡੀਆ ਦੇ ਫਤਿਹਾਬਾਦ ਪਹੁੰਚਣ ’ਤੇ ਭੂਨਾ ਕੈਂਚੀ ਚੌਕ ਵਿਖੇ ਕਾਂਗਰਸ ਵਿਧਾਇਕ ਇੰਦੁਰਾਜ ਨਰਵਾਲ ਉਰਫ਼ ਭਾਲੂ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਭਾਜਪਾ ਵਰਕਰਾਂ ਨੇ ਕਾਂਗਰਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਵਿਧਾਨ ਸਭਾ ਵਿੱਚ ਵਾਪਰੀ ਘਟਨਾ ਦੀ ਸਖ਼ਤ ਨਿੰਦਾ ਕੀਤੀ। ਭਾਜਪਾ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਲੋਕਤੰਤਰ ਦਾ ਸਰਵਉੱਚ ਮੰਚ ਹੈ, ਜਿੱਥੇ ਹਰ ਵਿਧਾਇਕ ਨੂੰ ਆਪਣੀ ਗੱਲ ਰੱਖਣ ਅਤੇ ਲੋਕਾਂ ਨਾਲ ਸਬੰਧਤ ਮੁੱਦੇ ਚੁੱਕਣ ਦਾ ਸੰਵਿਧਾਨਕ ਅਧਿਕਾਰ ਹੈ। ਅਜਿਹੇ ਵਿੱਚ ਕਿਸੇ ਵਿਧਾਇਕ ਦੇ ਹੱਥੋਂ ਪੋਸਟਰ ਖੋਹ ਕੇ ਸੁੱਟਣਾ ਲੋਕਤੰਤਰੀ ਮਰਿਆਦਾਵਾਂ ਦੇ ਖ਼ਿਲਾਫ਼ ਹੈ।

ਸੂਬਾ ਪ੍ਰਧਾਨ ਅਜੈ ਖੁੰਡੀਆ ਨੇ ਕਿਹਾ ਕਿ ਅਨੁਸੂਚਿਤ ਜਾਤੀ ਸਮਾਜ ਆਪਣੇ ਸਨਮਾਨ, ਅਧਿਕਾਰ ਅਤੇ ਸਵੈ-ਮਾਣ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਸਾਰੇ ਜਨ ਪ੍ਰਤੀਨਿਧੀਆਂ ਨੂੰ ਆਪਣੀ ਗੱਲ ਸ਼ਾਂਤੀਪੂਰਨ ਅਤੇ ਲੋਕਤੰਤਰੀ ਢੰਗ ਨਾਲ ਰੱਖਣ ਦਾ ਅਧਿਕਾਰ ਹੈ। ਕਿਸੇ ਵੀ ਸਮਾਜ ਦੇ ਦਰਦ, ਇਤਿਹਾਸ ਅਤੇ ਉਸ ਨਾਲ ਜੁੜੇ ਮੁੱਦਿਆਂ ਨੂੰ ਚੁੱਕਣ ਤੋਂ ਰੋਕਣਾ ਲੋਕਤੰਤਰੀ ਪ੍ਰਣਾਲੀ ਦਾ ਅਪਮਾਨ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਮਾਮਲਾ ਸਿਰਫ਼ ਇੱਕ ਪੋਸਟਰ ਦਾ ਨਹੀਂ ਹੈ, ਸਗੋਂ ਅਨੁਸੂਚਿਤ ਜਾਤੀ ਅਤੇ ਸਿੱਖ ਸਮਾਜ ਦੇ ਸਨਮਾਨ ਅਤੇ ਸਵੈ-ਮਾਣ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਵਿਧਾਨ ਸਭਾ ਵਿੱਚ ਇੱਕ ਦਲਿਤ-ਸਿੱਖ ਵਿਧਾਇਕ 1984 ਦੇ ਸਿੱਖ ਵਿਰੋਧੀ ਦੰਗਿਆਂ ਵਰਗੇ ਗੰਭੀਰ ਵਿਸ਼ੇ ਨੂੰ ਸਦਨ ਵਿੱਚ ਚੁੱਕਦਾ ਹੈ ਤਾਂ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਿਉਂ ਕੀਤੀ ਗਈ।
ਜ਼ਿਲ੍ਹਾ ਪ੍ਰਧਾਨ ਪ੍ਰਵੀਨ ਜੋੜਾ ਨੇ ਕਿਹਾ ਕਿ ਕਾਂਗਰਸ ਵਿਧਾਇਕ ਵੱਲੋਂ ਕੀਤੀ ਗਈ ਕਥਿਤ ਬਦਸਲੂਕੀ ਦੇ ਵਿਰੋਧ ਵਿੱਚ ਪੁਤਲਾ ਫੂਕ ਕੇ ਪਾਰਟੀ ਨੇ ਆਪਣਾ ਰੋਸ ਦਰਜ ਕਰਵਾਇਆ ਹੈ। ਭਾਜਪਾ ਆਗੂਆਂ ਨੇ ਕਿਹਾ ਕਿ 1984 ਦੇ ਜ਼ੁਲਮਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਪੀੜਤ ਸਮਾਜ ਦੀ ਆਵਾਜ਼ ਨੂੰ ਲੋਕਤੰਤਰੀ ਮੰਚ ’ਤੇ ਪੂਰੀ ਗੰਭੀਰਤਾ ਨਾਲ ਸੁਣਿਆ ਜਾਣਾ ਚਾਹੀਦਾ ਹੈ। ਇਸ ਮੌਕੇ ਭਾਜਪਾ ਐਸਸੀ ਮੋਰਚਾ ਦੇ ਅਹੁਦੇਦਾਰ, ਵਰਕਰ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਸਮਰਥਕ ਮੌਜੂਦ ਰਹੇ। ਭਾਜਪਾ ਜ਼ਿਲ੍ਹਾ ਮਹਾਮੰਤਰੀ ਵਿਕਾਸ ਲਲੋਦਾ ਨੇ ਕਿਹਾ ਕਿ 1984 ਦੇ ਜ਼ੁਲਮਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਪੀੜਤ ਸਮਾਜ ਦੀ ਆਵਾਜ਼ ਨੂੰ ਲੋਕਤੰਤਰੀ ਮੰਚ ’ਤੇ ਪੂਰੀ ਗੰਭੀਰਤਾ ਨਾਲ ਸੁਣਿਆ ਜਾਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਵਿਧਾਇਕ ਲਕਸ਼ਮਣ ਨਾਪਾ, ਜ਼ਿਲ੍ਹਾ ਮੀਡੀਆ ਇੰਚਾਰਜ ਕੰਵਲ ਚੌਧਰੀ, ਰਣਜੀਤ ਓਡ, ਜ਼ਿਲ੍ਹਾ ਮਹਾਮੰਤਰੀ ਅਸ਼ੋਕ ਝਾਖੜ, ਚੇਅਰਮੈਨ ਰਾਜਪਾਲ ਬੈਨੀਵਾਲ, ਬਲਦੇਵ ਸਿੰਘ ਗਰੋਹਾ, ਉਪ ਪ੍ਰਧਾਨ ਜਗਦੀਸ਼ ਸ਼ਰਮਾ, ਰਾਮਕੁਮਾਰ ਮਹਿਰਾ ਸਮੇਤ ਕਈ ਭਾਜਪਾ ਵਰਕਰ ਮੌਜੂਦ ਸਨ।