ਕੁਰੂਕਸ਼ੇਤਰ, 14 ਨਵੰਬਰ, 2026 (ਸੰਜੀਵ ਸ਼ਰਮਾ): ਜ਼ਿਲ੍ਹੇ ਵਿੱਚ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਆਯੁਸ਼ ਵਿਭਾਗ ਵੱਲੋਂ ਆਂਗਣਵਾੜੀ ਕੇਂਦਰਾਂ ਵਿੱਚ ਔਰਤਾਂ ਅਤੇ ਬੱਚਿਆਂ ਲਈ ਅਨੀਮੀਆ ਦੀ ਜਾਂਚ ਅਤੇ ਯੋਗ ਕੈਂਪ ਲਗਾਏ ਗਏ। ਇਸ ਤੋਂ ਇਲਾਵਾ ਵਿਸ਼ਵ ਸ਼ੂਗਰ ਰੋਗ ਦਿਵਸ ਦੇ ਮੌਕੇ ‘ਤੇ ਆਯੁਸ਼ ਪਿੰਡ ਕਲਾਲ ਮਾਜਰਾ ਵਿਖੇ ਮੁਫ਼ਤ ਆਯੁਰਵੈਦਿਕ ਮੈਡੀਕਲ ਅਤੇ ਸ਼ੂਗਰ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ। ਇਨ੍ਹਾਂ ਦੋਵਾਂ ਕੈਂਪਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਆਯੁਸ਼ ਪੱਧਤੀ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਮੰਜੂ ਸ਼ਰਮਾ ਨੇ ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਇਸੇ ਲੜੀ ਤਹਿਤ ਆਂਗਣਵਾੜੀ ਕੇਂਦਰ ਅਮੀਨ ਵਿਖੇ ਪੀਐੱਚਸੀ ਅਮੀਨ ਦੀ ਆਯੁਸ਼ ਟੀਮ ਵੱਲੋਂ ਕੈਂਪ ਲਗਾਇਆ ਗਿਆ। ਇਸ ਦੌਰਾਨ ਡਾ. ਮੋਨਿਕਾ ਗੁਪਤਾ ਏਐਮਓ, ਡਾ. ਜੋਤੀ ਏਐਮਓ ਅਤੇ ਯੋਗ ਸਹਾਇਕ ਸੋਨਮ ਨੇ ਕੁੱਲ 34 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ। ਕੈਂਪ ਵਿੱਚ ਮੌਜੂਦ ਲੋਕਾਂ ਨੂੰ ਅਨੀਮੀਆ ਦੇ ਲੱਛਣਾਂ, ਇਸ ਤੋਂ ਬਚਾਅ ਅਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਯੋਗ ਅਭਿਆਸ ਵੀ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਆਂਗਣਵਾੜੀ ਕੇਂਦਰ ਮਥਾਣਾ ਵਿਖੇ ਵੀ ਕੈਂਪ ਲਗਾਇਆ ਗਿਆ, ਜਿੱਥੇ ਡਾ. ਮੀਨਾਕਸ਼ੀ ਏਐਮਓ, ਫਾਰਮਾਸਿਸਟ ਸੁਭਾਸ਼ ਅਤੇ ਯੋਗ ਸਹਾਇਕ ਅੰਮ੍ਰਿਤਾ ਨੇ 25 ਵਿਅਕਤੀਆਂ ਦੀ ਸਿਹਤ ਜਾਂਚ ਕੀਤੀ। ਜਾਂਚ ਦੌਰਾਨ 9 ਵਿਅਕਤੀ ਅਨੀਮੀਆ ਤੋਂ ਪੀੜਤ ਪਾਏ ਗਏ। ਇਸ ਮੌਕੇ ਲੋਕਾਂ ਨੂੰ ਆਇਰਨ ਯੁਕਤ ਪੌਸ਼ਟਿਕ ਭੋਜਨ, ਨਿੱਜੀ ਸਫ਼ਾਈ ਅਤੇ ਯੋਗ ਤੇ ਪ੍ਰਾਣਾਯਾਮ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਮੰਜੂ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ ਦੇ ਆਂਗਣਵਾੜੀ ਕੇਂਦਰਾਂ ਵਿੱਚ ਹਰ ਮਹੀਨੇ ਦੋ ਵਾਰ ਅਜਿਹੇ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਔਰਤਾਂ ਅਤੇ ਬੱਚਿਆਂ ਦੀ ਸਿਹਤ ਦੀ ਨਿਯਮਤ ਨਿਗਰਾਨੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਸ਼ਵ ਸ਼ੂਗਰ ਰੋਗ ਦਿਵਸ ਦੇ ਮੌਕੇ ‘ਤੇ ਆਯੁਸ਼ ਪਿੰਡ ਕਲਾਲ ਮਾਜਰਾ ਵਿਖੇ ਲਗਾਏ ਗਏ ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਸੋਹਣ ਲਾਲ ਨੇ ਜੋਤ ਜਗਾ ਕੇ ਕੀਤਾ। ਇਸ ਕੈਂਪ ਦੌਰਾਨ ਡਾ. ਸੰਤੋਸ਼ ਵੱਲੋਂ 72 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ, ਜਦਕਿ ਬੇਬੀ ਰਾਣੀ ਨੇ 25 ਵਿਅਕਤੀਆਂ ਦੇ ਬਲੱਡ ਸ਼ੂਗਰ ਦੀ ਜਾਂਚ ਕੀਤੀ। ਜਾਂਚ ਵਿੱਚ 14 ਵਿਅਕਤੀਆਂ ਦਾ ਸ਼ੂਗਰ ਪੱਧਰ ਵਧਿਆ ਹੋਇਆ ਪਾਇਆ ਗਿਆ। ਇਸ ਤੋਂ ਇਲਾਵਾ 45 ਵਿਅਕਤੀਆਂ ਦੇ ਬਲੱਡ ਪ੍ਰੈਸ਼ਰ ਦੀ ਵੀ ਜਾਂਚ ਕੀਤੀ ਗਈ।
ਡਾ. ਰਵੀ ਕੁਮਾਰ ਨੇ ਸ਼ੂਗਰ ਰੋਗ ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਕੰਟਰੋਲ ਸਬੰਧੀ ਜਾਗਰੂਕਤਾ ਭਾਸ਼ਣ ਦਿੱਤਾ। ਕੈਂਪ ਦੌਰਾਨ ਯੋਗ ਸਹਾਇਕ ਅਨੂ ਅਤੇ ਰਾਏ ਸਿੰਘ ਵੱਲੋਂ ਯੋਗ ਆਸਣ ਕਰਵਾਏ ਗਏ, ਜਦਕਿ ਧਰਮਬੀਰ ਵੱਲੋਂ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਆਯੁਰਵੈਦਿਕ ਦਵਾਈਆਂ ਦੀ ਪ੍ਰਦਰਸ਼ਨੀ ਲਗਾਉਣ ਦੇ ਨਾਲ-ਨਾਲ ਵਿਸ਼ੇਸ਼ ਖੁਰਾਕ ਚਾਰਟ ਅਤੇ ਜਾਗਰੂਕਤਾ ਸਬੰਧੀ 150 ਪੈਂਫਲੈਟ ਵੀ ਵੰਡੇ ਗਏ। ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਮੰਜੂ ਸ਼ਰਮਾ ਨੇ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿੱਚ ਹਰ ਮਹੀਨੇ ਦੋ ਵਾਰ ਲਗਾਏ ਜਾ ਰਹੇ ਇਨ੍ਹਾਂ ਕੈਂਪਾਂ ਰਾਹੀਂ ਔਰਤਾਂ ਅਤੇ ਬੱਚਿਆਂ ਦੀ ਸਿਹਤ ਦੀ ਨਿਯਮਤ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਤੁਲਿਤ ਖੁਰਾਕ, ਨਿਯਮਤ ਸਿਹਤ ਜਾਂਚ ਅਤੇ ਯੋਗ ਨੂੰ ਜੀਵਨ ਦਾ ਹਿੱਸਾ ਬਣਾ ਕੇ ਅਨੀਮੀਆ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਬਚਾਅ ਕੀਤਾ ਜਾ ਸਕਦਾ ਹੈ। ਇਸ ਮੌਕੇ ਗੁਰਦਿਆਲ ਸਿੰਘ, ਚੇਤਨ ਸ਼ਰਮਾ ਜਾਲਖੇੜੀ, ਬਲਕਾਰ ਸਿੰਘ ਸਮੇਤ ਕਈ ਪਿੰਡ ਵਾਸੀ ਹਾਜ਼ਰ ਸਨ।
