ਵਾਸ਼ਿੰਗਟਨ, 10 ਅਗਸਤ 2026 (ਕਾਜਲ) : ਈਰਾਨ ਨਾਲ ਜਾਰੀ ਜੰਗ ਦਰਮਿਆਨ ਅਮਰੀਕਾ ਅਤੇ ਤਹਿਰਾਨ ਵਿਚਕਾਰ ਤਣਾਅ ਅਜੇ ਵੀ ਬਰਕਰਾਰ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵਾਸ਼ਿੰਗਟਨ ਈਰਾਨ ਨਾਲ ਇਸ ਸਮੇਂ ਸਿਰਫ਼ ‘ਅਰਧ-ਗੱਲਬਾਤ’ ਕਰ ਰਿਹਾ ਹੈ ਅਤੇ ਉਹ ਈਰਾਨ ‘ਤੇ ਆਰਥਿਕ ਦਬਾਅ ਵਧਣ ਦੀ ਉਡੀਕ ਕਰੇਗਾ। ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਅਮਰੀਕਾ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਹੋ ਰਹੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਵਾਸ਼ਿੰਗਟਨ ਤਹਿਰਾਨ ਦੀਆਂ ਮੰਗਾਂ, ਖ਼ਾਸ ਕਰਕੇ ਸਮੁੰਦਰੀ ਨਾਕਾਬੰਦੀ ਹਟਾਉਣ ਦੀ ਮੰਗ, ਪੂਰੀ ਨਹੀਂ ਕਰਦਾ, ਉਦੋਂ ਤੱਕ ਹੋਰਮੁਜ਼ ਜਲਡਮਰੂਮੱਧ ਨੂੰ ਮੁੜ ਖੋਲ੍ਹਣ ਦਾ ਸਵਾਲ ਨਹੀਂ ਹੈ।
ਇਜ਼ਰਾਈਲ ਨੇ ਗਾਜ਼ਾ ਯੋਜਨਾ ਠੁਕਰਾਈ
ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕਾ ਵੱਲੋਂ ਵਿਚੋਲਗੀ ਕੀਤੀ ਗਾਜ਼ਾ ਸ਼ਾਂਤੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਜਦੋਂ ਤੱਕ ਹਮਾਸ ਨੂੰ ਪੂਰੀ ਤਰ੍ਹਾਂ ਨਿਹੱਥਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਜ਼ਰਾਈਲੀ ਫੌਜਾਂ ਦੀ ਵਾਪਸੀ ਨਹੀਂ ਹੋਵੇਗੀ। ਇਸ ਫ਼ੈਸਲੇ ਨਾਲ ਗਾਜ਼ਾ ਵਿੱਚ ਜੰਗ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਹੈ।
ਲਾਲ ਸਾਗਰ ‘ਚ ਵੀ ਹਮਲਾ
ਯਮਨ ਦੇ ਈਰਾਨ-ਸਮਰਥਿਤ ਹੂਤੀ ਬਾਗੀਆਂ ਨੇ ਲਾਲ ਸਾਗਰ ਸਥਿਤ ਅਲ-ਮਾਖਾ ਬੰਦਰਗਾਹ ‘ਤੇ ਹਮਲਾ ਕੀਤਾ। ਇਹ ਬੰਦਰਗਾਹ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਯਮਨ ਸਰਕਾਰ ਦੇ ਕੰਟਰੋਲ ਹੇਠ ਹੈ। ਫੌਜੀ ਬੁਲਾਰੇ ਮੁਤਾਬਕ ਹਮਲੇ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋਈ ਹੈ। ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਵਧਦੇ ਤਣਾਅ ਦੇ ਨਾਲ ਲਾਲ ਸਾਗਰ ਅਤੇ ਹੋਰਮੁਜ਼ ਵਰਗੇ ਮਹੱਤਵਪੂਰਨ ਸਮੁੰਦਰੀ ਰਸਤਿਆਂ ‘ਤੇ ਹਮਲਿਆਂ ਨੇ ਖੇਤਰ ਵਿੱਚ ਸੁਰੱਖਿਆ ਅਤੇ ਵਿਸ਼ਵ ਪੱਧਰੀ ਵਪਾਰ ਨੂੰ ਲੈ ਕੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ।
