ਚੰਡੀਗੜ੍ਹ, 17 ਅਗਸਤ 2026 ( ਸੰਜੀਵ ਸ਼ਰਮਾ) : ਹਰਿਆਣਾ ਦੀ ਸੱਭਿਆਚਾਰਕ ਵਿਰਾਸਤ ਨਾਲ ਜੁੜਿਆ ਤੀਜ ਦਾ ਤਿਉਹਾਰ ਸੋਮਵਾਰ ਨੂੰ ਹਰਿਆਣਾ ਲੋਕ ਭਵਨ ਵਿਖੇ ਪੂਰੇ ਉਤਸ਼ਾਹ ਅਤੇ ਰਵਾਇਤੀ ਰੰਗਾਂ ਨਾਲ ਮਨਾਇਆ ਗਿਆ। ਸਮਾਗਮ ਵਿੱਚ ਸੂਬੇ ਦੀ ਲੋਕ ਕਲਾ, ਪਰੰਪਰਾਵਾਂ ਅਤੇ ਸਮਾਜਿਕ ਏਕਤਾ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲੀ। ਇਸ ਮੌਕੇ ਹਰਿਆਣਾ ਦੇ ਰਾਜਪਾਲ ਆਸ਼ਿਮ ਕੁਮਾਰ ਘੋਸ਼ ਨੇ ਸੂਬੇ ਦੇ ਲੋਕਾਂ ਨੂੰ ਤੀਜ ਦੀਆਂ ਵਧਾਈਆਂ ਦਿੰਦਿਆਂ ਕਾਮਨਾ ਕੀਤੀ ਕਿ ਇਹ ਤਿਉਹਾਰ ਹਰ ਪਰਿਵਾਰ ਲਈ ਖੁਸ਼ਹਾਲੀ, ਤਰੱਕੀ, ਸੁਖ ਅਤੇ ਚੰਗੀ ਸਿਹਤ ਲੈ ਕੇ ਆਵੇ। ਉਨ੍ਹਾਂ ਲੋਕ ਕਲਾਕਾਰਾਂ ਵੱਲੋਂ ਪੇਸ਼ ਕੀਤੀਆਂ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਸੂਬੇ ਦੇ ਲੋਕਾਂ ਨੂੰ ਤੀਜ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਤੀਜ ਹਰਿਆਣਾ ਦੀ ਸੱਭਿਆਚਾਰਕ ਪਛਾਣ ਦਾ ਅਹਿਮ ਹਿੱਸਾ ਹੈ ਅਤੇ ਇਹ ਪਰਿਵਾਰ, ਸਮਾਜ ਤੇ ਰਵਾਇਤਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਦਾ ਹੈ। CM ਸੈਣੀ ਨੇ ਕਿਹਾ ਕਿ ਅਜਿਹੇ ਤਿਉਹਾਰ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੋੜਨ ਦੇ ਨਾਲ-ਨਾਲ ਆਪਸੀ ਏਕਤਾ ਅਤੇ ਸਨਮਾਨ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦੇ ਹਨ। ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਕਟਾਰੀਆ, ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਅਤੇ ਉੱਤਰਾਖੰਡ ਦੇ ਕੈਬਨਿਟ ਮੰਤਰੀ ਧਨ ਸਿੰਘ ਰਾਵਤ ਸਮੇਤ ਕਈ ਪਤਵੰਤੇ ਹਾਜ਼ਰ ਰਹੇ।
ਲੋਕ ਭਵਨ ਵਿੱਚ ਤੀਜ ਮੌਕੇ ਰੰਗ-ਬਿਰੰਗੇ ਝੂਲੇ, ਤਿਉਹਾਰ ਨਾਲ ਸਬੰਧਤ ਸਜਾਵਟਾਂ ਅਤੇ ਹੱਥਕਲਾ ਦੇ ਸਮਾਨ ਦੀਆਂ ਸਟਾਲਾਂ ਖਿੱਚ ਦਾ ਕੇਂਦਰ ਬਣੀਆਂ। ਮਹਿਲਾਵਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਹਿੱਸਾ ਲਿਆ। ਵੱਖ-ਵੱਖ ਸੱਭਿਆਚਾਰਕ ਟੋਲੀਆਂ ਨੇ ਹਰਿਆਣਾ ਦੇ ਇਤਿਹਾਸ, ਪੇਂਡੂ ਜੀਵਨ ਅਤੇ ਲੋਕ ਪਰੰਪਰਾਵਾਂ ਨੂੰ ਦਰਸਾਉਂਦੇ ਲੋਕ ਗੀਤ ਅਤੇ ਨਾਚ ਪੇਸ਼ ਕੀਤੇ। ਇਸ ਤੋਂ ਇਲਾਵਾ ਦੇਸ਼ ਦੇ ਹੋਰ ਸੂਬਿਆਂ ਦੀ ਵਿਭਿੰਨ ਸੱਭਿਆਚਾਰਕ ਵਿਰਾਸਤ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਗਈਆਂ। ਸਮਾਗਮ ਵਿੱਚ ਲੋਕਾਂ ਨੇ ਰਵਾਇਤੀ ਪਕਵਾਨਾਂ ਅਤੇ ਤਿਉਹਾਰੀ ਮਿਠਾਈਆਂ ਦਾ ਵੀ ਆਨੰਦ ਮਾਣਿਆ।
