ਜਦੋਂ ਮਠਿਆਈਆਂ ਵਿੱਚ ਮਿਲਾਵਟ ਹੋਵੇ, ਤਾਂ ਤਿਉਹਾਰਾਂ ਦੀ ਖ਼ੁਸ਼ੀ ਸਿਹਤ ਲਈ ਖ਼ਤਰਾ ਬਣ ਜਾਂਦੀ ਹੈ।
ਭਾਰਤ ਤਿਉਹਾਰਾਂ, ਰਵਾਇਤਾਂ ਅਤੇ ਸਾਂਝੀਵਾਲਤਾ ਦਾ ਦੇਸ਼ ਹੈ। ਇੱਥੇ ਮਠਿਆਈ ਸਿਰਫ਼ ਖਾਣ ਦੀ ਵਸਤੂ ਨਹੀਂ, ਸਗੋਂ ਪਿਆਰ, ਸਤਿਕਾਰ ਅਤੇ ਖ਼ੁਸ਼ੀ ਦਾ ਪ੍ਰਤੀਕ ਹੈ। ਦੀਵਾਲੀ ਹੋਵੇ, ਗੁਰਪੁਰਬ ਹੋਵੇ, ਵਿਆਹ ਹੋਵੇ ਜਾਂ ਕੋਈ ਹੋਰ ਸ਼ੁਭ ਮੌਕਾ, ਮਠਿਆਈਆਂ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕਰਨ ਦੀ ਪਰੰਪਰਾ ਸਾਡੀ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ। ਪਰ ਜਦੋਂ ਇਸੇ ਮਿਠਾਸ ਵਿੱਚ ਮੁਨਾਫ਼ਾਖੋਰੀ ਦਾ ਜ਼ਹਿਰ ਘੁਲਣ ਲੱਗੇ, ਤਾਂ ਸਵਾਲ ਸਿਰਫ਼ ਖਾਣ-ਪੀਣ ਦੀ ਕਵਾਲਟੀ ਦਾ ਨਹੀਂ ਸਗੋਂ ਮਨੁੱਖੀ ਜ਼ਮੀਰ, ਪ੍ਰਸ਼ਾਸਨਿਕ ਜਵਾਬਦੇਹੀ ਅਤੇ ਲੋਕਾਂ ਦੀ ਸਿਹਤ ਦਾ ਬਣ ਜਾਂਦਾ ਹੈ।
ਤਿਉਹਾਰਾਂ ਦੇ ਦਿਨਾਂ ਵਿੱਚ ਮਠਿਆਈਆਂ ਦੀ ਮੰਗ ਅਚਾਨਕ ਵਧ ਜਾਂਦੀ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਕੁਝ ਕਾਰੋਬਾਰੀ ਉਤਪਾਦਨ ਵਧਾਉਂਦੇ ਹਨ, ਪਰ ਕੁਝ ਬੇਈਮਾਨ ਲੋਕ ਵੱਧ ਮੁਨਾਫ਼ਾ ਕਮਾਉਣ ਦੇ ਲਾਲਚ ਵਿੱਚ ਮਿਠਾਈ ਵੀ ਪੈਂਦੇ ਸਾਮਾਨ ਨਾਲ ਸਮਝੌਤਾ ਕਰਦੇ ਹਨ। ਮਹਿੰਗੇ ਦੁੱਧ, ਖੋਏ ਅਤੇ ਸ਼ੁੱਧ ਘਿਓ ਦੀ ਥਾਂ ਸਸਤੇ ਪਦਾਰਥ ਵਰਤਣੇ, ਮਿਆਦ ਪੁੱਗੀਆਂ ਵਸਤਾਂ ਨੂੰ ਮੁੜ ਵੇਚਣ ਅਤੇ ਗ਼ੈਰ-ਮਨਜ਼ੂਰ ਸ਼ੁਦਾ ਰੰਗਾਂ ਦੀ ਵਰਤੋਂ ਕਰਕੇ ਆਪਣੀ ਮਾਨਸਿਕਤਾ ਦਾ ਖ਼ਤਰਨਾਕ ਰੂਪ ਦਿਖਾਉਂਦੇ ਹਨ। ਮਿਲਾਵਟ ਦੇ ਇਸ ਧੰਦੇ ਪਿੱਛੇ ਕਮਜ਼ੋਰ ਨਿਗਰਾਨੀ, ਨਿਯਮਾਂ ਦੀ ਉਲੰਘਣਾ ਅਤੇ ਦੋਸ਼ੀਆਂ ਵਿਰੁੱਧ ਸਮੇਂ ਸਿਰ ਕਾਰਵਾਈ ਨਾ ਹੋਣ ਵਰਗੇ ਕਾਰਨ ਵੀ ਹਨ। ਜਦੋਂ ਕਿਸੇ ਨੂੰ ਇਹ ਭਰੋਸਾ ਹੋ ਜਾਵੇ ਕਿ ਕੁਝ ਪੈਸਿਆਂ ਦੇ ਜੁਰਮਾਨੇ ਨਾਲ ਗੰਭੀਰ ਉਲੰਘਣਾ ਤੋਂ ਬਚਿਆ ਜਾ ਸਕਦਾ ਹੈ, ਤਾਂ ਕਾਨੂੰਨ ਦਾ ਡਰ ਬਹੁਤ ਕਮਜ਼ੋਰ ਪੈ ਜਾਂਦਾ ਹੈ।
ਖੋਏ ਅਤੇ ਦੁੱਧ ਤੋਂ ਬਣੀਆਂ ਵਸਤਾਂ ਵਿੱਚ ਸਟਾਰਚ, ਆਟਾ ਜਾਂ ਹੋਰ ਸਸਤੇ ਪਦਾਰਥਾਂ ਦੀ ਮਿਲਾਵਟ ਕੀਤੀ ਜਾਂਦੀ ਹੈ। ਘਿਓ ਦੀ ਥਾਂ ਸਸਤੇ ਬਨਸਪਤੀ ਤੇਲ ਵਰਤਣ ਅਤੇ ਮਠਿਆਈਆਂ ਨੂੰ ਆਕਰਸ਼ਕ ਬਣਾਉਣ ਲਈ ਗ਼ੈਰ-ਮਨਜ਼ੂਰ ਰੰਗ ਪਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਮਠਿਆਈਆਂ ਉੱਤੇ ਲੱਗਣ ਵਾਲੀ ਚਾਂਦੀ ਦੀ ਪਰਤ ਦੀ ਥਾਂ ਐਲੂਮੀਨੀਅਮ ਦੀ ਵਰਤੋਂ ਵੀ ਧੋਖਾਧੜੀ ਦਾ ਰੂਪ ਹੁੰਦੀ ਹੈ। ਰੋਡਾਮੀਨ-ਬੀ ਅਤੇ ਮੈਟਾਨਿਲ ਯੈਲੋ ਵਰਗੇ ਗ਼ੈਰ-ਮਨਜ਼ੂਰ ਰੰਗ ਖਾਣ-ਪੀਣ ਦੀਆਂ ਵਸਤਾਂ ਵਿੱਚ ਵਰਤਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਜਿਹੇ ਪਦਾਰਥਾਂ ਦੇ ਸੰਪਰਕ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। ਦੂਸ਼ਿਤ ਜਾਂ ਖ਼ਰਾਬ ਮਠਿਆਈਆਂ ਖਾਣ ਨਾਲ ਉਲਟੀਆਂ, ਦਸਤ ਅਤੇ ਭੋਜਨ-ਜ਼ਹਿਰਬਾਦ (ਫੂਡ-ਪੁਆਇਜ਼ਨਿੰਗ) ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕੁਝ ਹਾਨੀਕਾਰਕ ਰਸਾਇਣਾਂ ਦੇ ਲੰਬੇ ਸਮੇਂ ਤੱਕ ਸੰਪਰਕ ਨਾਲ ਜਿਗਰ, ਗੁਰਦਿਆਂ ਅਤੇ ਹੋਰ ਪ੍ਰਮੁੱਖ ਅੰਗਾਂ ਨੂੰ ਵੀ ਨੁਕਸਾਨ ਹੁੰਦਾ ਹੈ।
ਹਾਲਾਂਕਿ, ਹਰ ਰੰਗਦਾਰ ਜਾਂ ਚਮਕਦਾਰ ਮਠਿਆਈ ਮਿਲਾਵਟੀ ਨਹੀਂ ਹੁੰਦੀ ਅਤੇ ਸਿਰਫ਼ ਦਿੱਖ ਦੇ ਆਧਾਰ ’ਤੇ ਮਿਲਾਵਟ ਦੀ ਪੱਕੀ ਪਛਾਣ ਨਹੀਂ ਕੀਤੀ ਜਾ ਸਕਦੀ। ਇਸ ਲਈ ਵਿਗਿਆਨਕ ਜਾਂਚ ਅਤੇ ਪ੍ਰਮਾਣਿਕ ਸਬੂਤ ਜ਼ਰੂਰੀ ਹਨ। ਸਭ ਤੋਂ ਪਹਿਲਾਂ ਖ਼ਰੀਦਦਾਰੀ ਸਮੇਂ ਸਾਵਧਾਨੀ ਵਰਤਣੀ ਲਾਜ਼ਮੀ ਹੈ। ਮਠਿਆਈਆਂ ਦੀ ਗੰਧ, ਰੰਗ, ਬਣਤਰ ਅਤੇ ਤਾਜ਼ਗੀ ਵੱਲ ਧਿਆਨ ਦਿਓ। ਬਹੁਤ ਤੇਜ਼ ਜਾਂ ਗੈਰ -ਸਧਾਰਨ ਰੰਗ, ਬਦਬੂ, ਖ਼ਰਾਬ ਹੋਣ ਦੇ ਸੰਕੇਤ ਜਾਂ ਗਲਤ ਢੰਗ ਨਾਲ ਰੱਖੀਆਂ ਸਸਤੀਆਂ ਮਠਿਆਈਆਂ ਤੋਂ ਪਰਹੇਜ਼ ਕਰੋ। ਡੱਬਾਬੰਦ ਮਠਿਆਈਆਂ ਉੱਤੇ ਨਿਰਮਾਣ ਮਿਤੀ, ਵਰਤੋਂ ਦੀ ਆਖ਼ਰੀ ਮਿਤੀ, ਸਮੱਗਰੀ ਅਤੇ ਲਾਜ਼ਮੀ ਜਾਣਕਾਰੀ ਪੜ੍ਹੋ। ਭਰੋਸੇਯੋਗ ਦੁਕਾਨਦਾਰਾਂ ਤੋਂ ਖ਼ਰੀਦੋ ਅਤੇ ਉਨ੍ਹਾਂ ਦੀ ਭੋਜਨ ਸੁਰੱਖਿਆ ਸਬੰਧੀ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਬਾਰੇ ਜਾਣਕਾਰੀ ਲਵੋ।
ਜੇਕਰ ਮਿਲਾਵਟ ਦਾ ਸ਼ੱਕ ਹੋਵੇ, ਤਾਂ ਮਠਿਆਈ ਦਾ ਨਮੂਨਾ ਸੰਭਾਲ ਕੇ, ਖ਼ਰੀਦ ਦੀ ਰਸੀਦ ਸਮੇਤ ਸਬੰਧਤ ਭੋਜਨ ਸੁਰੱਖਿਆ ਅਧਿਕਾਰੀ ਜਾਂ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐਫ ਐਸ ਐਮ ਏ ਆਈ) ਦੇ ਸ਼ਿਕਾਇਤ ਢੰਗ ਰਾਹੀਂ ਸੂਚਨਾ ਦਿਓ। ਆਪਣੇ ਪੱਧਰ ’ਤੇ ਕਿਸੇ ਪਦਾਰਥ ਨੂੰ ਚੱਖ ਕੇ ਜਾਂ ਘਰੇਲੂ ਨੁਸਖ਼ਿਆਂ ਨਾਲ ਉਸ ਦੀ ਸੁਰੱਖਿਆ ਪਰਖਣ ਦੀ ਕੋਸ਼ਿਸ਼ ਨਾ ਕਰੋ। ਸੁੱਕੇ ਮੇਵਿਆਂ ਤੋਂ ਬਣੀਆਂ ਮਠਿਆਈਆਂ ਜਾਂ ਘਰ ਵਿੱਚ ਤਿਆਰ ਕੀਤੇ ਪਕਵਾਨ ਖੁਸ਼ੀ ਦੇ ਮੌਕੇ ਚੰਗੀ ਚੋਣ ਹੁੰਦੀ ਹੈ, ਪਰ ਉਨ੍ਹਾਂ ਦੀ ਸਫ਼ਾਈ, ਤਾਜ਼ਗੀ ਅਤੇ ਸਮੱਗਰੀ ਦੀ ਸ਼ੁੱਧਤਾ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।
ਭੋਜਨ ਸੁਰੱਖਿਆ ਸਿਰਫ਼ ਨਾਗਰਿਕਾਂ ਦੀ ਸਾਵਧਾਨੀ ਨਾਲ ਯਕੀਨੀ ਨਹੀਂ ਬਣਾਈ ਜਾ ਸਕਦੀ। ਭੋਜਨ ਸੁਰੱਖਿਆ ਵਿਭਾਗ ਨੂੰ ਤਿਉਹਾਰਾਂ ਤੋਂ ਪਹਿਲਾਂ ਅਤੇ ਦੌਰਾਨ ਜੋਖ਼ਮ ਦੇ ਆਧਾਰ ’ਤੇ ਜਾਂਚਾਂ ਵਧਾਉਣੀਆਂ ਚਾਹੀਦੀਆਂ ਹਨ। ਸ਼ੱਕੀ ਨਮੂਨਿਆਂ ਦੀ ਪ੍ਰਯੋਗਸ਼ਾਲਾ ਵਿੱਚ ਜਾਂਚ, ਮਿਲਾਵਟਖੋਰਾਂ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਜਾਂਚ ਦੇ ਨਤੀਜਿਆਂ ਬਾਰੇ ਪਾਰਦਰਸ਼ੀ ਜਾਣਕਾਰੀ ਜਨਤਕ ਕਰਨੀ ਲਾਜ਼ਮੀ ਹੈ। ਸਿਰਫ਼ ਛਾਪੇ ਮਾਰ ਕੇ ਮਠਿਆਈਆਂ ਨਸ਼ਟ ਕਰ ਦੇਣਾ ਕਾਫ਼ੀ ਨਹੀਂ, ਇਹ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਮਿਲਾਵਟ ਕਿੱਥੇ ਹੋਈ, ਜ਼ਿੰਮੇਵਾਰ ਕੌਣ ਸੀ ਅਤੇ ਉਸ ਵਿਰੁੱਧ ਕੀ ਕਾਰਵਾਈ ਹੋਈ।
ਤਿਉਹਾਰਾਂ ਦੀ ਅਸਲ ਖ਼ੁਸ਼ੀ ਮਹਿੰਗੀਆਂ ਮਠਿਆਈਆਂ ਵਿੱਚ ਨਹੀਂ, ਸਗੋਂ ਸਿਹਤਮੰਦ ਜੀਵਨ ਅਤੇ ਸਾਂਝੀ ਖ਼ੁਸ਼ਹਾਲੀ ਵਿੱਚ ਵੱਸਦੀ ਹੈ। ਜਿਹੜਾ ਕਾਰੋਬਾਰੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਹੈ, ਉਹ ਸਿਰਫ਼ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ, ਸਗੋਂ ਸਮਾਜ ਦੇ ਭਰੋਸੇ ਨੂੰ ਵੀ ਤੋੜਦਾ ਹੈ। ਲੋੜ ਹੈ ਕਿ ਖ਼ਪਤਕਾਰ ਜਾਗਰੂਕ ਹੋਣ, ਵਪਾਰੀ ਇਮਾਨਦਾਰ ਬਣਨ ਅਤੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾਏ। ਕਿਉਂਕਿ ਮਠਿਆਈ ਵਿੱਚ ਮਿਲਾਵਟ ਸਿਰਫ਼ ਖਾਣੇ ਦੀ ਖ਼ਰਾਬੀ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਦੀ ਗਿਰਾਵਟ ਦਾ ਵੀ ਸੰਕੇਤ ਹੈ। ਤਿਉਹਾਰਾਂ ਦੀ ਮਿਠਾਸ ਬਰਕਰਾਰ ਰੱਖਣੀ ਹੈ ਤਾਂ ਮੁਨਾਫ਼ੇ ਦੀ ਹਵਸ ਉੱਤੇ ਇਮਾਨਦਾਰੀ ਦੀ ਜਿੱਤ ਯਕੀਨੀ ਬਣਾਉਣੀ ਪਵੇਗੀ।
ਛੱਤਰਪਾਲ ਸਿੰਘ
