ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 310 ਦੌੜਾਂ ਬਣਾਈਆਂ; ਸਾਹਿਬਜੋਤ ਵੀਰ ਸਿੰਘ ਨੇ ਗੇਂਦਬਾਜ਼ੀ ’ਚ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ, 27 ਅਕਤੂਬਰ ਨੂੰ ਮੁੰਬਈ ਨਾਲ ਹੋਵੇਗਾ ਫਾਈਨਲ
26 ਅਕਤੂਬਰ, 2026 (ਛਤਰਪਾਲ ਸਿੰਘ ) : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅੰਡਰ-19 ਕ੍ਰਿਕਟ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਿਦਰਭ ਕ੍ਰਿਕਟ ਐਸੋਸੀਏਸ਼ਨ ਦੀ ਟੀਮ ਨੂੰ 90 ਦੌੜਾਂ ਨਾਲ ਹਰਾ ਕੇ ਬੀਸੀਸੀਆਈ ਵਿਨੂ ਮਾਂਕੜ ਅੰਡਰ-19 ਟਰਾਫੀ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਪੰਜਾਬ ਦੀ ਟੀਮ ਹੁਣ 27 ਅਕਤੂਬਰ ਨੂੰ ਇੰਦੌਰ ਵਿਖੇ ਮੁੰਬਈ ਕ੍ਰਿਕਟ ਐਸੋਸੀਏਸ਼ਨ ਦੀ ਟੀਮ ਨਾਲ ਖ਼ਿਤਾਬੀ ਮੁਕਾਬਲਾ ਖੇਡੇਗੀ। ਪੰਜਾਬ ਦੇ ਮੁੱਖ ਕੋਚ ਰਵਨੀਤ ਰਿੱਕੀ ਅਤੇ ਫੀਲਡਿੰਗ ਕੋਚ ਹਰਮਿੰਦਰ ਸਿੰਘ ਪੰਨੂ ਨੇ ਟੀਮ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅੰਡਰ-19 ਟੀਮ ਦਾ ਫਾਈਨਲ ਵਿੱਚ ਪਹੁੰਚਣਾ ਮਾਣ ਵਾਲੀ ਗੱਲ ਹੈ।
ਪੰਜਾਬ ਨੇ 310 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ
ਸੈਮੀਫਾਈਨਲ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਦੀ ਟੀਮ ਨੇ ਨਿਰਧਾਰਤ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 310 ਦੌੜਾਂ ਬਣਾਈਆਂ। ਰਿਸ਼ਵ ਗੁਪਤਾ ਨੇ ਸਭ ਤੋਂ ਵੱਧ 61 ਦੌੜਾਂ ਬਣਾਈਆਂ, ਜਦਕਿ ਸਲਾਮੀ ਬੱਲੇਬਾਜ਼ ਪ੍ਰਾਂਸ਼ੂ ਪ੍ਰਤਾਪ ਨੇ 57 ਦੌੜਾਂ ਦਾ ਯੋਗਦਾਨ ਪਾਇਆ। ਟੀਮ ਦੇ ਕਪਤਾਨ ਅਰਜੁਨ ਰਾਜਪੂਤ ਨੇ 52 ਅਤੇ ਸਾਗਰ ਵਿਰਕ ਨੇ 51 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਮੇਸ਼ ਗਿੱਲ ਨੇ 44, ਸਾਹਿਬਜੋਤ ਵੀਰ ਸਿੰਘ ਨੇ 17 ਅਤੇ ਹੇਮੰਤ ਵਰਮਾ ਨੇ 16 ਦੌੜਾਂ ਬਣਾਈਆਂ। ਵਿਦਰਭ ਵੱਲੋਂ ਨਿਹਾਲ ਮੌਰਿਆ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਦਕਿ ਮਨਥਨ ਕਾਲੇ ਨੇ ਦੋ ਵਿਕਟਾਂ ਲਈਆਂ। ਕੁਸ਼ ਸ਼ਰਮਾ ਅਤੇ ਓਮ ਧੋਤਰੇ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
ਵਿਦਰਭ ਦੀ ਟੀਮ 250 ਦੌੜਾਂ ਤੱਕ ਹੀ ਪਹੁੰਚ ਸਕੀ
310 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵਿਦਰਭ ਦੀ ਟੀਮ ਨਿਰਧਾਰਤ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 250 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਪੰਜਾਬ ਨੇ 90 ਦੌੜਾਂ ਨਾਲ ਜਿੱਤ ਦਰਜ ਕਰਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਵਿਦਰਭ ਵੱਲੋਂ ਸਾਈਸ ਬਿਸੇ ਨੇ 59 ਦੌੜਾਂ ਬਣਾਈਆਂ। ਆਦੀ ਬਜਾਜ ਨੇ 25, ਹਿਮਾਂਸ਼ੂ ਖਵਾਲੇ ਨੇ 24 ਅਤੇ ਸਰਵੇਸ਼ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਦੀ ਗੇਂਦਬਾਜ਼ੀ ਵਿੱਚ ਸਾਹਿਬਜੋਤ ਵੀਰ ਸਿੰਘ ਨੇ ਤਿੰਨ ਵਿਕਟਾਂ ਲੈ ਕੇ ਅਹਿਮ ਭੂਮਿਕਾ ਨਿਭਾਈ, ਜਦਕਿ ਲਕਸ਼ੈ ਕਾਂਸਲ ਨੇ ਦੋ ਵਿਕਟਾਂ ਹਾਸਲ ਕੀਤੀਆਂ। ਹੁਣ ਪੰਜਾਬ ਦੀ ਟੀਮ ਦੀ ਨਜ਼ਰ 27 ਅਕਤੂਬਰ ਨੂੰ ਇੰਦੌਰ ਵਿੱਚ ਹੋਣ ਵਾਲੇ ਫਾਈਨਲ ’ਤੇ ਹੋਵੇਗੀ, ਜਿੱਥੇ ਉਸ ਦਾ ਮੁਕਾਬਲਾ ਮੁੰਬਈ ਦੀ ਟੀਮ ਨਾਲ ਹੋਵੇਗਾ। ਪੰਜਾਬ ਦੇ ਖਿਡਾਰੀ ਸੈਮੀਫਾਈਨਲ ਵਾਲੀ ਲੈਅ ਬਰਕਰਾਰ ਰੱਖਦਿਆਂ ਟਰਾਫੀ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨਗੇ।
