ਚੰਡੀਗੜ੍ਹ, 2 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਦਲਦੀਆਂ ਜਲਵਾਯੂ ਸਥਿਤੀਆਂ ਅਤੇ ਕੁਦਰਤੀ ਸਰੋਤਾਂ ‘ਤੇ ਵਧਦੇ ਦਬਾਅ ਨੂੰ ਦੇਖਦੇ ਹੋਏ ਸੂਬੇ ਵਿੱਚ ਅਜਿਹੀਆਂ ਖੇਤੀ ਪੱਧਤੀਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ, ਜਿਨ੍ਹਾਂ ਨਾਲ ਘੱਟ ਪਾਣੀ ਅਤੇ ਘੱਟ ਸਰੋਤਾਂ ਵਿੱਚ ਵੱਧ ਉਤਪਾਦਨ ਪ੍ਰਾਪਤ ਕੀਤਾ ਜਾ ਸਕੇ। ਟਿਕਾਊ ਕਪਾਹ ਉਤਪਾਦਨ, ਫ਼ਸਲੀ ਵਿਵਿਧੀਕਰਣ ਅਤੇ ਜਲ ਸਰੋਤਾਂ ਦੀ ਸੰਭਾਲ ਅੱਜ ਦੀ ਖੇਤੀ ਦੀ ਲੋੜ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਖੇਤੀ ਵਿਵਸਥਾ ਦਾ ਰੋਡਮੈਪ ਵੀ ਹੈ।
ਮੁੱਖ ਮੰਤਰੀ ਵੀਰਵਾਰ ਨੂੰ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿੱਚ ਆਯੋਜਿਤ ਦੋ ਰੋਜ਼ਾ ਖੇਤੀਬਾੜੀ ਮੇਲੇ (ਰਬੀ) ਦਾ ਉਦਘਾਟਨ ਕਰਨ ਤੋਂ ਬਾਅਦ ਕਿਸਾਨਾਂ, ਖੇਤੀ ਵਿਗਿਆਨੀਆਂ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਮਾਹਿਰਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਇਸ ਮੌਕੇ ‘ਤੇ ਖੇਤੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ ਅਤੇ ਵੱਖ-ਵੱਖ ਸਟਾਲਾਂ ‘ਤੇ ਕਿਸਾਨਾਂ ਲਈ ਪ੍ਰਦਰਸ਼ਿਤ ਨਵੀਨਤਮ ਖੇਤੀ ਤਕਨੀਕਾਂ, ਉੱਨਤ ਬੀਜਾਂ, ਖੇਤੀ ਸੰਦਾਂ ਅਤੇ ਹੋਰ ਖੇਤੀ ਉਤਪਾਦਾਂ ਦੀ ਜਾਣਕਾਰੀ ਲਈ।

ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਮੇਲਾ ਕਿਸਾਨਾਂ ਅਤੇ ਵਿਗਿਆਨੀਆਂ ਵਿਚਕਾਰ ਗਿਆਨ ਅਤੇ ਤਕਨੀਕ ਦੇ ਆਦਾਨ-ਪ੍ਰਦਾਨ ਦਾ ਮਹੱਤਵਪੂਰਨ ਮੰਚ ਹੈ। ਇੱਥੇ ਕਿਸਾਨਾਂ ਨੂੰ ਉੱਨਤ ਰਬੀ ਬੀਜ, ਆਧੁਨਿਕ ਖੇਤੀ ਤਕਨੀਕ, ਮਸ਼ੀਨਰੀ, ਫ਼ਸਲ ਪ੍ਰਬੰਧਨ ਅਤੇ ਖੇਤੀ ਖੇਤਰ ਵਿੱਚ ਹੋ ਰਹੀ ਨਵੀਨਤਮ ਖੋਜ ਦੀ ਜਾਣਕਾਰੀ ਇੱਕੋ ਥਾਂ ‘ਤੇ ਮਿਲਦੀ ਹੈ। ਉਨ੍ਹਾਂ ਨੇ ਮੇਲੇ ਵਿੱਚ ਪ੍ਰਦਰਸ਼ਿਤ ਕੀਤੀ ਗਈ ਨਰਮਾ/ਕਪਾਹ ਚੁਗਾਈ ਦੀ ਮਸ਼ੀਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮਸ਼ੀਨ ਇੱਕ ਘੰਟੇ ਵਿੱਚ ਇੱਕ ਏਕੜ ਦੀ ਕਪਾਹ ਚੁਗਾਈ ਕਰਦੀ ਹੈ ਅਤੇ ਹੱਥ ਨਾਲ ਚੁਗਾਈ ਦੇ ਮੁਕਾਬਲੇ ਵਿੱਚ ਇਸ ਵਿੱਚ ਸਮਾਂ ਵੀ ਅੱਧਾ ਲੱਗਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਕਪਾਹ ਚੁਗਾਈ ਅਤੇ ਕਮਾਦ ਦੀ ਛਿਲਾਈ ਵਰਗੀਆਂ ਮਸ਼ੀਨਾਂ ਅਤੇ ਇਸ ਪ੍ਰਕਾਰ ਦੀਆਂ ਹੋਰ ਤਕਨੀਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਲੇਬਰ ਦੀ ਘਾਟ ਨਾਲ ਕਪਾਹ ਅਤੇ ਕਮਾਦ ਦਾ ਬੀਜਾਈ ਖੇਤਰ ਘੱਟ ਨਾ ਹੋਵੇ।
ਲਗਾਤਾਰ ਕਪਾਹ ਉਤਪਾਦਨ ਅਤੇ ਬਦਲਦੀ ਜਲਵਾਯੂ ਦੇ ਅਨੁਕੂਲ ਤਕਨੀਕ ਵਿਕਸਿਤ ਕਰਨ ‘ਤੇ ਜ਼ੋਰ
ਮੁੱਖ ਮੰਤਰੀ ਨੇ ਕਿਹਾ ਕਿ ਕਪਾਹ ਹਰਿਆਣਾ ਦੀਆਂ ਮਹੱਤਵਪੂਰਨ ਨਕਦੀ ਫ਼ਸਲਾਂ ਵਿੱਚੋਂ ਇੱਕ ਹੈ। ਇਹ ਫ਼ਸਲ ਵਿਸ਼ੇਸ਼ ਤੌਰ ‘ਤੇ ਸਿਰਸਾ, ਫਤਿਹਾਬਾਦ, ਹਿਸਾਰ ਅਤੇ ਆਸ-ਪਾਸ ਦੇ ਖੇਤਰ ਵਿੱਚ ਲੱਖਾਂ ਕਿਸਾਨ ਪਰਿਵਾਰਾਂ ਦੀ ਰੋਜ਼ੀ-ਰੋਟੀ ਨਾਲ ਜੁੜੀ ਹੋਈ ਹੈ। ਇਸ ਲਈ ਇਸਨੂੰ ਅਸੀਂ ਮਾਣ ਨਾਲ ਚਿੱਟਾ ਸੋਨਾ ਕਹਿੰਦੇ ਹਾਂ। ਸਾਡੀ ਖੇਤੀਬਾੜੀ ਯੂਨੀਵਰਸਿਟੀ ਅਤੇ ਸਿਰਸਾ ਸਥਿਤ ਕਪਾਹ ਖੋਜ ਕੇਂਦਰ ਨੇ ਨਵੀਆਂ ਕਿਸਮਾਂ, ਬਿਹਤਰ ਬੀਜ ਅਤੇ ਵਿਗਿਆਨਕ ਫ਼ਸਲ ਪ੍ਰਬੰਧਨ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕਪਾਹ ਦੀ ਖੇਤੀ ਸਾਹਮਣੇ ਨਵੀਆਂ ਚੁਣੌਤੀਆਂ ਵੀ ਹਨ। ਮੌਸਮ ਵਿੱਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਹੈ। ਇਸ ਲਈ ਸਾਨੂੰ ਅਜਿਹੀ ਖੇਤੀ ਤਕਨੀਕ ਅਤੇ ਅਜਿਹੀਆਂ ਬੀਜ ਕਿਸਮਾਂ ‘ਤੇ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ, ਜੋ ਬਦਲਦੇ ਮੌਸਮ ਅਤੇ ਕੀੜਿਆਂ ਦਾ ਬਿਹਤਰ ਮੁਕਾਬਲਾ ਕਰ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਪਾਹ ਦੀ ਖੇਤੀ ਲਈ ਅਜਿਹੇ ਹੀ ਉਪਾਵਾਂ ਦੀ ਜਾਣਕਾਰੀ ਦੇਣ ਲਈ 257 ਕਪਾਹ ਕਿਸਾਨ ਖੇਤ ਪਾਠਸ਼ਾਲਾਵਾਂ ਆਯੋਜਿਤ ਕੀਤੀਆਂ ਹਨ। ਇਨ੍ਹਾਂ ਵਿੱਚ 7 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਕਪਾਹ ਦੇ ਖੇਤ ‘ਤੇ ਹੀ ਕਪਾਹ ਦੀ ਬੀਜਾਈ ਤੋਂ ਲੈ ਕੇ ਚੁਗਾਈ ਤੱਕ ਨੁਕਸਾਨਦੇਹ ਕੀੜਿਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਉੱਤਮ ਪ੍ਰਬੰਧਨ ਲਈ ਵੱਧ ਪੈਦਾਵਾਰ ਲੈਣ ਵਾਸਤੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ, 167 ਕਿਸਾਨ ਮੇਲਿਆਂ ਵਿੱਚ ਘੱਟ ਲਾਗਤ ਨਾਲ ਕਪਾਹ ਉਤਪਾਦਨ ਕਰਕੇ ਵੱਧ ਮੁਨਾਫ਼ਾ ਕਮਾਉਣ ਦੇ ਉਪਾਅ ਦੱਸੇ ਗਏ। ਉਨ੍ਹਾਂ ਨੇ ਕਿਹਾ ਕਿ ਇਸ ਮੇਲੇ ਦੇ ਥੀਮ ਦਾ ਦੂਜਾ ਮਹੱਤਵਪੂਰਨ ਪਹਿਲੂ ਫ਼ਸਲੀ ਵਿਵਿਧੀਕਰਣ ਹੈ। ਪਾਣੀ ਹੈ ਤਾਂ ਖੇਤੀ ਹੈ, ਪਿੰਡ ਹੈ ਅਤੇ ਜੀਵਨ ਹੈ। ਹਰਿਆਣਾ ਨੇ ਦੇਸ਼ ਦੀ ਅੰਨ ਸੁਰੱਖਿਆ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ, ਪਰ ਸਾਨੂੰ ਆਪਣੇ ਭੂਜਲ ਦੀ ਵੀ ਚਿੰਤਾ ਕਰਨੀ ਹੋਵੇਗੀ। ਸਾਨੂੰ ਅਜਿਹੀ ਖੇਤੀ ਵੱਲ ਵਧਣਾ ਹੋਵੇਗਾ, ਜਿਸ ਵਿੱਚ ਘੱਟ ਪਾਣੀ ਵਿੱਚ ਵੱਧ ਅਤੇ ਬਿਹਤਰ ਉਤਪਾਦਨ ਹੋਵੇ। ਲਗਾਤਾਰ ਇੱਕੋ ਪ੍ਰਕਾਰ ਦੀਆਂ ਫ਼ਸਲਾਂ ਉਗਾਉਣ ਨਾਲ ਮਿੱਟੀ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ। ਪਰੰਪਰਾਗਤ ਰੂਪ ਨਾਲ ਕਣਕ ਅਤੇ ਝੋਨਾ ਉਗਾਉਣ ਨਾਲ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ, ਜਦੋਂ ਕਿ ਪੂਰੀ ਦੁਨੀਆ ਜਲ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਸਾਨੂੰ ਦਾਲਾਂ, ਤੇਲਬੀਜ ਅਤੇ ਘੱਟ ਪਾਣੀ ਨਾਲ ਉੱਗਣ ਵਾਲੀਆਂ ਫ਼ਸਲਾਂ ਨੂੰ ਅਪਣਾਉਣਾ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅਜਿਹੀਆਂ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ‘ਮੇਰਾ ਪਾਨੀ- ਮੇਰੀ ਵਿਰਾਸਤ‘ ਯੋਜਨਾ ਚਲਾਈ ਹੋਈ ਹੈ। ਇਸ ਯੋਜਨਾ ਤਹਿਤ ਬਦਲਵੀਂ ਫ਼ਸਲ ਲੈਣ ਜਾਂ ਖੇਤ ਖਾਲੀ ਛੱਡਣ ਵਾਲੇ ਕਿਸਾਨਾਂ ਨੂੰ 8 ਹਜ਼ਾਰ ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ 2 ਲੱਖ 34 ਹਜ਼ਾਰ ਏਕੜ ਵਿੱਚ ਝੋਨੇ ਦੀ ਜਗ੍ਹਾ ਬਦਲਵੀਆਂ ਫ਼ਸਲਾਂ ਬੀਜਣ ‘ਤੇ 1 ਲੱਖ 59 ਹਜ਼ਾਰ ਕਿਸਾਨਾਂ ਨੂੰ 166 ਕਰੋੜ 34 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਘੱਟ ਪਾਣੀ ਵਿੱਚ ਵੱਧ ਸਿੰਚਾਈ ਕਰਨਾ ਹੈ। ਇਸ ਲਈ ਅਸੀਂ ਵਰਖਾ ਜਲ ਸੰਚਯਨ, ਡ੍ਰਿਪ ਅਤੇ ਸਪ੍ਰਿੰਕਲਰ ਵਰਗੀਆਂ ਮਾਈਕ੍ਰੋ ਇਰੀਗੇਸ਼ਨ ਤਕਨੀਕਾਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਾਂ। ਮਾਈਕ੍ਰੋ ਇਰੀਗੇਸ਼ਨ ਤਕਨੀਕਾਂ ‘ਤੇ 85 ਪ੍ਰਤੀਸ਼ਤ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਕਿਸਾਨਾਂ ਨੂੰ ਛੱਪੜ/ਤਲਾਬ ਬਣਾਉਣ ਲਈ ਵੀ 85 ਪ੍ਰਤੀਸ਼ਤ ਤੱਕ ਗ੍ਰਾਂਟ ਦਿੱਤੀ ਜਾਂਦੀ ਹੈ। ਪਾਣੀ ਦੀ ਬੱਚਤ ਤੋਂ ਇਲਾਵਾ, ਇਸਦੀ ਮੁੜ ਵਰਤੋਂ ਲਈ ਅਸੀਂ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਸੋਧੇ ਹੋਏ ਪਾਣੀ ਨੂੰ ਸਿੰਚਾਈ ਲਈ ਵਰਤਣ ਦੀਆਂ 27 ਯੋਜਨਾਵਾਂ ਤਿਆਰ ਕੀਤੀਆਂ ਹਨ, ਇਨ੍ਹਾਂ ਵਿੱਚੋਂ 20 ਪੂਰੀਆਂ ਹੋ ਚੁੱਕੀਆਂ ਹਨ। ਇਨ੍ਹਾਂ ਨਾਲ ਸਿੰਚਾਈ ਲਈ ਇੱਕ ਸਥਾਈ ਜਲ ਸਰੋਤ ਮਿਲੇਗਾ, ਨਹਿਰਾਂ ‘ਤੇ ਦਬਾਅ ਘਟੇਗਾ ਅਤੇ ਭੂਜਲ ਦਾ ਦੋਹਨ ਵੀ ਘਟੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜਲ ਸੁਰੱਖਿਆ ਦੇ ਨਾਲ-ਨਾਲ ਮਿੱਟੀ ਦੀ ਸਿਹਤ ਦੀ ਰੱਖਿਆ ਵੀ ਉੱਨੀ ਹੀ ਜ਼ਰੂਰੀ ਹੈ। ਅਸੀਂ ਕਿਸਾਨ ਦੇ ਖੇਤ ਦੀ ਮਿੱਟੀ ਦੀ ਸਿਹਤ ਦੀ ਜਾਂਚ ਕਰਕੇ 1 ਕਰੋੜ 6 ਲੱਖ ਸੋਇਲ ਹੈਲਥ ਕਾਰਡ ਜਾਰੀ ਕੀਤੇ ਹਨ। ਅਸੀਂ ਸੂਬੇ ਵਿੱਚ ਮਿੱਟੀ ਦੇ ਨਮੂਨਿਆਂ ਦੀ ਜਾਂਚ ਲਈ 17 ਨਵੀਆਂ ਮਿੱਟੀ ਅਤੇ ਜਲ ਟੈਸਟਿੰਗ ਲੈਬਾਰਟਰੀਆਂ ਸਥਾਪਿਤ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਮੰਡੀਆਂ ਵਿੱਚ ਵੀ 54 ਨਵੀਆਂ ਲਘੂ ਮਿੱਟੀ ਟੈਸਟਿੰਗ ਲੈਬਾਰਟਰੀਆਂ ਖੋਲ੍ਹੀਆਂ ਗਈਆਂ ਹਨ। ਇਸ ਤੋਂ ਇਲਾਵਾ, ਸਕੂਲਾਂ ਅਤੇ ਕਾਲਜਾਂ ਵਿੱਚ 240 ਲਘੂ ਮਿੱਟੀ ਟੈਸਟਿੰਗ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ। ਅਸੀਂ ‘ਹਰ ਖੇਤ-ਸਵਸਥ ਖੇਤ‘ ਦਾ ਪੋਰਟਲ ਵੀ ਲਾਂਚ ਕੀਤਾ ਹੈ। ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾ ਕੇ ਕੋਈ ਵੀ ਕਿਸਾਨ ਆਪਣੀ ਮਿੱਟੀ ਦੀ ਜਾਂਚ ਕਰਵਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਡਰੋਨ, ਸੈਂਸਰ ਤਕਨੀਕ, ਮੌਸਮ ਦੀ ਡਿਜੀਟਲ ਜਾਣਕਾਰੀ, ਸਟੀਕ ਖੇਤੀ (ਪ੍ਰੀਸੀਜ਼ਨ ਫਾਰਮਿੰਗ) ਅਤੇ ਐਗਰੀ ਸਟਾਰਟਅੱਪ ਹੁਣ ਖੇਤੀ ਦਾ ਹਿੱਸਾ ਬਣ ਰਹੇ ਹਨ।
ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਡਬਲ ਇੰਜਣ ਸਰਕਾਰ ਕਿਸਾਨਾਂ ਦੇ ਨਾਲ ਬੀਜ ਤੋਂ ਬਾਜ਼ਾਰ ਤੱਕ ਖੜ੍ਹੀ ਹੈ। ਅਸੀਂ ਕਿਸਾਨ ਹਿੱਤ ਵਿੱਚ ਅਨੇਕਾਂ ਠੋਸ ਫ਼ੈਸਲੇ ਲਏ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਹਾਲ ਹੀ ਵਿੱਚ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਵਧਾਏ ਜਾਣ ‘ਤੇ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਅੱਜ ਸੂਬੇ ਵਿੱਚ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ‘ਤੇ ਕੀਤੀ ਜਾ ਰਹੀ ਹੈ। ਪੀ.ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ 23 ਕਿਸ਼ਤਾਂ ਵਿੱਚ 7 ਹਜ਼ਾਰ 881 ਕਰੋੜ 60 ਲੱਖ ਰੁਪਏ ਦਿੱਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਪਿਛਲੇ 12 ਸੀਜ਼ਨਾਂ ਵਿੱਚ ਹੁਣ ਤੱਕ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਫ਼ਸਲ ਖਰੀਦ ਦੇ 1 ਲੱਖ 85 ਹਜ਼ਾਰ ਕਰੋੜ ਰੁਪਏ ਪਾਏ ਜਾ ਚੁੱਕੇ ਹਨ। ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਅਤੇ ਫ਼ਸਲ ਦੇ ਨੁਕਸਾਨ ਦੇ ਮੁਆਵਜ਼ੇ ਵਜੋਂ ਵੀ 16 ਹਜ਼ਾਰ 160 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਪੋਰਟਲ ਵੀ ਸ਼ੁਰੂ ਕੀਤਾ ਹੈ। ਇਸ ਪੋਰਟਲ ‘ਤੇ ਲਗਭਗ 2 ਲੱਖ ਕਿਸਾਨਾਂ ਨੇ 3 ਲੱਖ ਏਕੜ ਖੇਤਰ ਦੀ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਵਿੱਚੋਂ ਹੁਣ ਤੱਕ 44 ਹਜ਼ਾਰ ਏਕੜ ਖੇਤਰ ਵਿੱਚ ਕੁਦਰਤੀ ਖੇਤੀ ਅਪਣਾਉਣ ਲਈ 23 ਹਜ਼ਾਰ 930 ਕਿਸਾਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਚੁੱਕੀ ਹੈ। ਕੁਦਰਤੀ ਖੇਤੀ ਦੀ ਸਿਖਲਾਈ ਲਈ ਕੁਰੂਕਸ਼ੇਤਰ – ਗੁਰੂਕੁਲ, ਜੀਂਦ – ਹਮੇਟੀ, ਸਿਰਸਾ – ਮੰਗੀਆਣਾ ਅਤੇ ਕਰਨਾਲ – ਘਰੌਂਡਾ ਵਿੱਚ ਸਿਖਲਾਈ ਕੇਂਦਰ ਖੋਲ੍ਹੇ ਹਨ। ਹੁਣ ਤੱਕ 12 ਹਜ਼ਾਰ 188 ਭਾਗੀਦਾਰਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ।
ਉਨ੍ਹਾਂ ਨੇ ਦੱਸਿਆ ਕਿ ਹੈਫੇਡ (HAFED) ਰਾਹੀਂ ਕੁਦਰਤੀ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਫ਼ਸਲਾਂ ਨੂੰ ਖਰੀਦਿਆ ਜਾਵੇਗਾ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਜੋ ਤਾਕਤ ਸਾਡੇ ਵਡਿਓਂ-ਵਡੇਰਿਆਂ ਨੇ ਸਾਨੂੰ ਦਿੱਤੀ ਹੈ, ਸਾਨੂੰ ਵੀ ਕੁਦਰਤੀ ਖੇਤੀ ਦੇ ਮਾਧਿਅਮ ਨਾਲ ਉਹੀ ਤਾਕਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਲ 2025 ਤੋਂ ਇੱਕ ਏਕੜ ਤੱਕ ਦੇ ਕਿਸਾਨ ਨੂੰ ਦੇਸੀ ਗਾਂ ‘ਤੇ ਮਿਲਣ ਵਾਲੀ ਸਬਸਿਡੀ 30 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਕੱਚੇ ਮਾਲ ਦੇ ਭੰਡਾਰਨ ਅਤੇ ਪ੍ਰੋਸੈਸਿੰਗ ਲਈ 4 ਡਰੰਮ ਖਰੀਦਣ ਲਈ ਹਰੇਕ ਕਿਸਾਨ ਨੂੰ 3 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ 2 ਹਜ਼ਾਰ ਏਕੜ ਦੇ ਕਲਸਟਰ ‘ਤੇ ‘ਸਮਾਰਟ ਐਗਰੀਕਲਚਰ‘ ਦੇ ਨਾਮ ਨਾਲ ਕੁਦਰਤੀ ਖੇਤੀ ਸ਼ੁਰੂ ਕੀਤੀ ਜਾਵੇਗੀ। ਇਸ ਵਿੱਚ ਜੇਕਰ ਕਿਸਾਨਾਂ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਹੋਵੇਗਾ ਤਾਂ ਉਸਦੀ ਭਰਪਾਈ ਹਰਿਆਣਾ ਸਰਕਾਰ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਪੀ.ਐੱਮ. ਕੁਸੁਮ ਸਕੀਮ ਤਹਿਤ ਸੋਲਰ ਪੰਪ ਲਗਾਉਣ ਲਈ ਕਿਸਾਨਾਂ ਨੂੰ 75 ਪ੍ਰਤੀਸ਼ਤ ਗ੍ਰਾਂਟ ਦਿੱਤੀ ਜਾਂਦੀ ਹੈ। ਹੁਣ ਤੱਕ 1 ਲੱਖ 95 ਹਜ਼ਾਰ 653 ਸੋਲਰ ਪੰਪ ਸਥਾਪਿਤ ਕੀਤੇ ਜਾ ਚੁੱਕੇ ਹਨ। ਇਸੇ ਪ੍ਰਕਾਰ ਫ਼ਸਲੀ ਰਹਿੰਦ-ਖੂੰਹਦ (ਪਰਾਲੀ) ਪ੍ਰਬੰਧਨ ਲਈ ਉਪਕਰਣਾਂ ਦੀ ਖਰੀਦ ‘ਤੇ ਇਕੱਲੇ ਕਿਸਾਨ ਨੂੰ 50 ਪ੍ਰਤੀਸ਼ਤ ਗ੍ਰਾਂਟ ‘ਤੇ 1 ਲੱਖ 11 ਹਜ਼ਾਰ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਉਪਕਰਣ ਅਤੇ ਕਸਟਮ ਹਾਇਰਿੰਗ ਸੈਂਟਰ ‘ਤੇ 80 ਪ੍ਰਤੀਸ਼ਤ ਸਬਸਿਡੀ ਦੇ ਕੇ 6 ਹਜ਼ਾਰ 794 ਸੈਂਟਰ ਸਥਾਪਿਤ ਕੀਤੇ ਗਏ। ਇਨ੍ਹਾਂ ‘ਤੇ ਹੁਣ ਤੱਕ 1 ਹਜ਼ਾਰ 17 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਪਰਾਲੀ ਦੇ ਯੋਗ ਪ੍ਰਬੰਧਨ ਅਤੇ ਗੰਢਾਂ ਬਣਾਉਣ ਲਈ 1200 ਰੁਪਏ ਪ੍ਰਤੀ ਏਕੜ ਉਤਸ਼ਾਹ ਰਾਸ਼ੀ ਦਾ ਉਪਬੰਧ ਕੀਤਾ ਗਿਆ ਹੈ। 10 ਲੱਖ ਕਿਸਾਨਾਂ ਨੂੰ 909 ਕਰੋੜ ਰੁਪਏ ਦੀ ਰਾਸ਼ੀ ਸਬਸਿਡੀ ਦੇ ਰੂਪ ਵਿੱਚ ਦਿੱਤੀ ਜਾ ਚੁੱਕੀ ਹੈ। ਸਬਜ਼ੀਆਂ ਅਤੇ ਫਲਾਂ ਲਈ ‘ਭਾਵਾਂਤਰ ਭਰਪਾਈ ਯੋਜਨਾ‘ ਵਿੱਚ 21 ਬਾਗਬਾਨੀ ਫ਼ਸਲਾਂ ਦੇ ਸੁਰੱਖਿਅਤ ਮੁੱਲ ਨਿਰਧਾਰਿਤ ਕੀਤੇ। ਹੁਣ ਤੱਕ 46 ਹਜ਼ਾਰ ਕਿਸਾਨਾਂ ਨੂੰ 247 ਕਰੋੜ ਰੁਪਏ ਦਾ ਭਾਵਾਂਤਰ ਦਿੱਤਾ ਗਿਆ ਹੈ।
ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਲਈ ਸਰਕਾਰ ਕਰ ਰਹੀ ਹੈ ਪ੍ਰਭਾਵਸ਼ਾਲੀ ਯੋਜਨਾਵਾਂ ਦਾ ਅਮਲ : ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਖੇਤੀਬਾੜੀ ਭਾਰਤੀ ਅਰਥਵਿਵਸਥਾ ਧੁਰਾ ਹੈ। ਰਾਜ ਸਰਕਾਰ ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਖੇਤੀ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਫ਼ਸਲੀ ਵਿਵਿਧੀਕਰਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਤਕਨੀਕ ਅਤੇ ਸਹੂਲਤਾਂ ਵੀ ਦੇਣ। ਉਨ੍ਹਾਂ ਨੇ ਕਿਹਾ ਕਿ ਕਿਸਾਨ ਵੀਰ ਵੀ ਇਸ ਗੱਲ ਨੂੰ ਪਹਿਲ ਦੇਣ ਕਿ ਸਾਡੇ ਖੇਤ ਦੀ ਮਿੱਟੀ, ਹਵਾ ਅਤੇ ਪਾਣੀ ਖ਼ਰਾਬ ਨਾ ਹੋਵੇ। ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਖੇਤੀਬਾੜੀ ਨੂੰ ਲਾਭਦਾਇਕ ਧੰਦੇ ਵਜੋ ਵਿਕਸਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਕਪਾਹ ਦੀ ਉਤਪਾਦਕਤਾ ਵਧਾਉਣ ਅਤੇ ਖੇਤੀ ਵਿਭਿੰਨਤਾ ‘ਤੇ ਜ਼ੋਰ : ਪ੍ਰੋ. ਬੀ.ਆਰ. ਕੰਬੋਜ
ਵਾਇਸ ਚਾਂਸਲਰ ਪ੍ਰੋ. ਬੀ.ਆਰ. ਕੰਬੋਜ ਨੇ ਕਿਹਾ ਕਿ ਹਰਿਆਣਾ ਵਿੱਚ ਕਪਾਹ ਦੀ ਖੇਤੀ ਨੂੰ ਉਤਸ਼ਾਹਿਤ ਕਰਨਾ, ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਯੂਨੀਵਰਸਿਟੀ ਦੀਆਂ ਮੁੱਖ ਪ੍ਰਾਰਥਮਿਕਤਾਵਾਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਕਪਾਹ ਦੇ ਖੇਤਰ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਸਰਕਾਰ ਵੱਲੋਂ ਉਤਸ਼ਾਹ ਰਾਸ਼ੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੇਸੀ ਕਪਾਹ ਦੇ ਖੇਤਰ ਨੂੰ ਵਧਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੇਸੀ ਕਪਾਹ ਦੀਆਂ ਚੰਗੀਆਂ ਕਿਸਮਾਂ ਨਾਲ ਚੁਗਾਈ ਦੀ ਗੁਣਵੱਤਾ ਬਿਹਤਰ ਹੋਣ ਦੇ ਨਾਲ-ਨਾਲ ਉਤਪਾਦਨ ਅਤੇ ਰੇਸ਼ੇ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ‘ਐੱਚ.ਏ.ਯੂ. ਬੀ.ਟੀ.-12′ ਅਤੇ ‘ਐੱਚ.ਏ.ਯੂ. ਬੀ.ਟੀ.-13′ ਕਪਾਹ ਦੀਆਂ ਕਿਸਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਕਿਸਮਾਂ ਵਿੱਚ ਹੋਰ ਕਿਸਮਾਂ ਦੀ ਤੁਲਨਾ ਵਿੱਚ ਬਿਹਤਰ ਉਤਪਾਦਨ ਸਮਰੱਥਾ ਹੈ। ਰੇਤਲੀ ਜ਼ਮੀਨ ਵਾਲੇ ਖੇਤਰਾਂ ਵਿੱਚ ਡ੍ਰਿਪ ਸਿੰਚਾਈ ਦੇ ਨਾਲ ਫਰਟੀਗੇਸ਼ਨ ਅਪਣਾਉਣ ਨਾਲ ਪਾਣੀ ਅਤੇ ਖਾਦ ਦੀ ਬਿਹਤਰ ਵਰਤੋਂ ਨਾਲ ਉਤਪਾਦਨ ਵਧਾਇਆ ਜਾ ਸਕਦਾ ਹੈ। ਉਪ-ਕੁਲਪਤੀ ਨੇ ਕਿਹਾ ਕਿ ਕਪਾਹ ਲੰਬੀ ਮਿਆਦ ਦੀ ਫ਼ਸਲ ਹੋਣ ਕਾਰਨ ਇਸਦੇ ਨਾਲ ਮੂੰਗੀ ਦੀ ਅੰਤਰ-ਫ਼ਸਲੀ ਖੇਤੀ (ਇੰਟਰ-ਕਰੋਪਿੰਗ) ਕਰਕੇ ਕਿਸਾਨ ਵਾਧੂ ਆਮਦਨ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਸਰ੍ਹੋਂ, ਮੂੰਗੀ, ਬਾਜਰਾ ਅਤੇ ਹੋਰ ਫ਼ਸਲਾਂ ਦੀਆਂ ਉੱਨਤ ਕਿਸਮਾਂ ਅਤੇ ਤਕਨੀਕਾਂ ‘ਤੇ ਵੀ ਕੰਮ ਕਰ ਰਹੀ ਹੈ। ਸਰ੍ਹੋਂ ਦੀ ਨਵੀਂ ਹਾਈਬ੍ਰਿਡ ਕਿਸਮ 2101 ਨੂੰ ਕਿਸਾਨਾਂ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਹੋਰ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿੱਚ ਹਰ ਸਾਲ ਲਗਭਗ 25,000 ਕੁਇੰਟਲ ਪ੍ਰਮਾਣਿਤ ਬੀਜ ਤਿਆਰ ਕਰਕੇ ਕਿਸਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਕਿਸਾਨਾਂ ਦੀ ਸਹੂਲਤ ਲਈ ਬੀਜਾਂ ਦੀ ਆਨਲਾਈਨ ਬੁਕਿੰਗ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕੀਤਾ ਜਾ ਰਹਾ ਹੈ, ਜਿਸ ਨਾਲ ਦੂਰ-ਦੁਰਾਡੇ ਦੇ ਕਿਸਾਨਾਂ ਨੂੰ ਯੂਨੀਵਰਸਿਟੀ ਤੱਕ ਆਉਣ ਦੀ ਲੋੜ ਨਹੀਂ ਪਵੇਗੀ।
ਪ੍ਰੋਗਰਾਮ ਦੇ ਸਮਾਪਨ ‘ਤੇ ਮੁੱਖ ਮੰਤਰੀ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਨਲਵਾ ਦੇ ਵਿਧਾਇਕ ਸ਼੍ਰੀ ਰਣਧੀਰ ਪਨਿਹਾਰ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਵਿਕਸਿਤ ਨਵੀਨਤਮ ਤਕਨੀਕਾਂ ਅਤੇ ਖੋਜ ਕਾਰਜਾਂ ਨਾਲ ਕਿਸਾਨ ਉੱਦਮਤਾ ਵੱਲ ਵਧ ਰਹੇ ਹਨ। ਕਿਸਾਨ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ, ਫ਼ਸਲੀ ਵਿਭਿੰਨਤਾ ਅਤੇ ਸੰਕਲਿਤ ਖੇਤੀ ਪ੍ਰਣਾਲੀ ਨੂੰ ਅਪਣਾ ਕੇ ਉਤਪਾਦਨ ਵਧਾਉਣ ਦੇ ਨਾਲ-ਨਾਲ ਆਪਣੀ ਆਮਦਨ ਵਿੱਚ ਵੀ ਵਾਧਾ ਕਰ ਸਕਦੇ ਹਨ।
ਕੁਦਰਤੀ ਖੇਤੀ, ਫ਼ਸਲੀ ਵਿਵਿਧੀਕਰਣ ਅਤੇ ਫੂਡ ਪ੍ਰੋਸੈਸਿੰਗ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ 45 ਕਿਸਾਨ ਸਨਮਾਨਿਤ
ਮੁੱਖ ਮੰਤਰੀ ਨੇ ਖੇਤੀਬਾੜੀ ਮੇਲੇ ਵਿੱਚ ਪ੍ਰਦੇਸ਼ ਭਰ ਤੋਂ ਆਏ 45 ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਵਿੱਚ ਕੁਦਰਤੀ ਖੇਤੀ, ਫ਼ਸਲੀ ਵਿਭਿੰਨਤਾ, ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ, ਮਸ਼ਰੂਮ ਉਤਪਾਦਨ, ਫੂਡ ਪ੍ਰੋਸੈਸਿੰਗ, ਡੇਅਰੀ ਫਾਰਮਿੰਗ, ਮਧੂ-ਮੱਖੀ ਪਾਲਣ ਅਤੇ ਗੰਡੋਇਆ ਖਾਦ (ਵਰਮੀਕੰਪੋਸਟ) ਸਮੇਤ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਕੰਮ ਕਰਨ ਵਾਲੇ 30 ਪੁਰਸ਼ ਅਤੇ 15 ਮਹਿਲਾ ਕਿਸਾਨ ਸ਼ਾਮਲ ਸਨ। ਮੁੱਖ ਮੰਤਰੀ ਨੇ ਸਾਰੇ ਸਨਮਾਨਿਤ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਪ੍ਰਦਾਨ ਕਰਕੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਮੁੱਖ ਮੰਤਰੀ ਨੇ ਦੀਨਦਿਆਲ ਉਪਾਧਿਆਏ ਜੈਵਿਕ ਖੇਤੀ ਉੱਤਮਤਾ ਕੇਂਦਰ ਦਾ ਕੀਤਾ ਉਦਘਾਟਨ
ਹਰਿਆਣਾ ਸਰਕਾਰ ਵੱਲੋਂ ਰਾਜ ਵਿੱਚ ਜੈਵਿਕ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪਸ ਵਿੱਚ ‘ਦੀਨਦਿਆਲ ਉਪਾਧਿਆਏ ਜੈਵਿਕ ਖੇਤੀ ਉੱਤਮਤਾ ਕੇਂਦਰ‘ ਦਾ ਵੀ ਉਦਘਾਟਨ ਕੀਤਾ। ਲਗਭਗ 9.94 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਇਸ ਅਤਿ-ਆਧੁਨਿਕ ਉੱਤਮਤਾ ਕੇਂਦਰ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਜੈਵਿਕ ਖੇਤੀ ਦੀਆਂ ਆਧੁਨਿਕ ਤਕਨੀਕਾਂ, ਖੋਜ ਅਤੇ ਸਿਖਲਾਈ ਨਾਲ ਜੋੜਨਾ ਹੈ। ਇਹ ਕੇਂਦਰ ਸੂਬੇ ਦੇ ਕਿਸਾਨਾਂ ਨੂੰ ਰਸਾਇਣ ਮੁਕਤ ਖੇਤੀ ਅਪਣਾਉਣ, ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਕਰਨ ਅਤੇ ਉੱਚ ਗੁਣਵੱਤਾ ਵਾਲੀਆਂ ਜੈਵਿਕ ਫ਼ਸਲਾਂ ਦੇ ਉਤਪਾਦਨ ਵਿੱਚ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਰਣਬੀਰ ਸਿੰਘ ਗੰਗਵਾ, ਨਲਵਾ ਵਿਧਾਇਕ ਸ਼੍ਰੀ ਰਣਧੀਰ ਪਨਿਹਾਰ, ਹਿਸਾਰ ਵਿਧਾਇਕ ਸ਼੍ਰੀਮਤੀ ਸਾਵਿਤਰੀ ਜਿੰਦਲ, ਸਾਬਕਾ ਕੈਬਨਿਟ ਮੰਤਰੀ ਡਾ. ਕਮਲ ਗੁਪਤਾ, ਲੂਵਾਸ (LUVAS) ਦੇ ਉਪ-ਕੁਲਪਤੀ ਵਿਨੋਦ ਕੁਮਾਰ ਵਰਮਾ, ਐੱਮ.ਐੱਚ.ਯੂ. (MHU) ਕਰਨਾਲ ਦੇ ਉਪ-ਕੁਲਪਤੀ ਡਾ. ਸੁਰੇਸ਼ ਕੁਮਾਰ ਮਲਹੋਤਰਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਅਮਿਤ ਖੱਤਰੀ, ਮੇਅਰ ਪ੍ਰਵੀਨ ਪੋਪਲੀ ਸਮੇਤ ਹੋਰ ਅਧਿਕਾਰੀ/ਕਰਮਚਾਰੀ ਅਤੇ ਕਿਸਾਨ ਹਾਜ਼ਰ ਸਨ।