ਚੰਡੀਗੜ੍ਹ, 24 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਰਜਕੁੰਡ ਦੀਵਾਲੀ ਮੇਲਾ ਆਤਮਨਿਰਭਰ ਭਾਰਤ ਅਤੇ ਸਵਦੇਸ਼ੀ ਦੇ ਸੰਕਲਪ ਨੂੰ ਸਾਕਾਰ ਕਰਨ ਵਾਲੇ ਮਿਹਨਤਕਸ਼ਾਂ, ਕਾਰੀਗਰਾਂ ਅਤੇ ਕਲਾਕਾਰਾਂ ਨੂੰ ਨਵਾਂ ਬਾਜ਼ਾਰ ਉਪਲਬਧ ਕਰਵਾਉਣ ਦਾ ਇੱਕ ਸਾਰਥਕ ਯਤਨ ਹੈ। ਇਸ ਮੇਲੇ ਦਾ ਉਦੇਸ਼ ਸਥਾਨਕ ਉਤਪਾਦਾਂ ਨੂੰ ਬਿਨਾਂ ਕਿਸੇ ਵਿਚੋਲੇ ਦੇ ਸਿੱਧੇ ਗਾਹਕਾਂ ਤੱਕ ਪਹੁੰਚਾਉਣਾ ਅਤੇ ਕਾਰੀਗਰਾਂ ਨੂੰ ਉਨ੍ਹਾਂ ਦੀ ਮਹਨਤ ਦਾ ਉਚਿਤ ਲਾਭ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਥਾਨਕ ਉਤਪਾਦਾਂ ‘ਤੇ ਲੋਕਾਂ ਦਾ ਭਰੋਸਾ ਵਧੇਗਾ, ਤਾਂ ਕਾਰੀਗਰਾਂ ਨੂੰ ਨਵੇਂ ਗਾਹਕ ਮਿਲਣਗੇ ਅਤੇ ਉਨ੍ਹਾਂ ਦੇ ਕੰਮ ਨੂੰ ਅੱਗੇ ਵਧਾਉਣ ਦਾ ਉਤਸ਼ਾਹ ਵੀ ਵਧੇਗਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ੁੱਕਰਵਾਰ ਨੂੰ ਫਰੀਦਾਬਾਦ ਸਥਿਤ ਸੂਰਜਕੁੰਡ ਵਿਖੇ ਦੀਵਾਲੀ ਮੇਲੇ ਦੇ ਉਦਘਾਟਨ ਮੌਕੇ ਹਾਜ਼ਰ ਲਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਸੈਰ-ਸਪਾਟਾ ਅਤੇ ਵਿਰਾਸਤ ਮੰਤਰੀ ਡਾ. ਅਰਵਿੰਦ ਸ਼ਰਮਾ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਸਨ। ਸਮਾਰੋਹ ਵਿੱਚ ਕਲਾਕਾਰਾਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਮੇਲੇ ਵਿੱਚ ਆਉਣ ਵਾਲੇ ਸਾਰੇ ਸੈਲਾਨੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕਰਵਾ ਚੌਥ, ਅਹੋਈ ਅਸ਼ਟਮੀ, ਧਨਤੇਰਸ, ਦੀਵਾਲੀ, ਵਿਸ਼ਵਕਰਮਾ ਪੂਜਨ, ਗੋਵਰਧਨ ਪੂਜਨ, ਭਾਈ ਦੂਜ ਅਤੇ ਛਠ ਪੂਜਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਕਿਹਾ ਕਿ 23 ਤੋਂ 26 ਅਕਤੂਬਰ ਤੱਕ ਆਯੋਜਿਤ ਇਹ ਮੇਲਾ ਭਾਰਤੀ ਹਸਤਸ਼ਿਲਪ, ਲੋਕ ਸੱਭਿਆਚਾਰ ਅਤੇ ਵੱਖ-ਵੱਖ ਖੇਤਰਾਂ ਦੇ ਖਾਣ-ਪੀਣ ਦੀ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰੇਗਾ। ਇੱਥੇ ਆਉਣ ਵਾਲੇ ਪਰਿਵਾਰ ਦੇਸ਼ ਦੀਆਂ ਅਮੀਰ ਪਰੰਪਰਾਵਾਂ ਨੂੰ ਨੇੜਿਓਂ ਜਾਣ ਸਕਣਗੇ ਅਤੇ ਕਾਰੀਗਰਾਂ ਤੇ ਸ਼ਿਲਪਕਾਰਾਂ ਦੇ ਉਤਪਾਦ ਖਰੀਦਣ ਦਾ ਮੌਕਾ ਵੀ ਪ੍ਰਾਪਤ ਕਰਨਗੇ। ਮੁਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਦਾ ਟੀਚਾ ਰੱਖਿਆ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਆਤਮਨਿਰਭਰਤਾ ਅਤੇ ‘ਵੋਕਲ ਫਾਰ ਲੋਕਲ’ ਨੂੰ ਜਨਭਾਗੀਦਾਰੀ ਨਾਲ ਜੋੜਨਾ ਜ਼ਰੂਰੀ ਹੈ। ਇਸ ਵਿੱਚ ਪਿੰਡਾਂ ਦੇ ਘੁਮਿਆਰਾਂ, ਬੁਣਕਰਾਂ, ਤਰਖਾਣਾਂ, ਛੋਟੇ ਦੁਕਾਨਦਾਰਾਂ ਅਤੇ ਮਹਿਲਾ ਉੱਦਮੀਆਂ ਦੀ ਅਹਿਮ ਭੂਮਿਕਾ ਹੈ। ਸੂਰਜਕੁੰਡ ਦਾ ਦੀਵਾਲੀ ਮੇਲਾ ਇਸ ਭਾਗੀਦਾਰੀ ਨੂੰ ਅੱਗੇ ਵਧਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।

ਉਨ੍ਹਾਂ ਕਿਹਾ ਕਿ ਦੀਵਾਲੀ ਦੀ ਸਭ ਤੋਂ ਸੁੰਦਰ ਰੌਸ਼ਨੀ ਉਹ ਹੈ, ਜੋ ਸਾਡੇ ਘਰ ਦੇ ਨਾਲ-ਨਾਲ ਕਿਸੇ ਮਿਹਨਤਕਸ਼ ਪਰਿਵਾਰ ਦੇ ਘਰ ਨੂੰ ਵੀ ਰੌਸ਼ਨ ਕਰੇ। ਤਿਉਹਾਰਾਂ ਮੌਕੇ ਸਥਾਨਕ ਕਾਰੀਗਰਾਂ ਵੱਲੋਂ ਬਣਾਏ ਉਤਪਾਦ ਖਰੀਦਣ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਸਹਾਰਾ ਮਿਲਦਾ ਹੈ।ਸਥਾਨਕ ਉਤਪਾਦਾਂ ਦੀ ਖਰੀਦਦਾਰੀ ਨਾਲ ਕਾਰੀਗਰਾਂ ਨੂੰ ਅਗਲਾ ਕੰਮ ਸ਼ੁਰੂ ਕਰਨ ਦੀ ਤਾਕਤ ਮਿਲਦੀ ਹੈ, ਕੱਚਾ ਮਾਲ ਖਰੀਦਣ ਵਿੱਚ ਮਦਦ ਮਿਲਦੀ ਹੈ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਹੋਰ ਲੋਕਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਵਦੇਸ਼ੀ ਨੂੰ ਅਪਣਾਉਣ ਦਾ ਅਰਥ ਆਪਣੇ ਦੇਸ਼ ਦੀ ਪ੍ਰਤਿਭਾ ‘ਤੇ ਵਿਸ਼ਵਾਸ ਕਰਨਾ ਅਤੇ ਉਸ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਹੈ। ਭਾਰਤ ਵਿੱਚ ਬਣੇ ਚੰਗੇ ਉਤਪਾਦਾਂ ਨੂੰ ਆਪਣੇ ਜੀਵਨ ਵਿੱਚ ਸਥਾਨ ਦੇ ਕੇ ਅਸੀਂ ਆਪਣੇ ਕਾਰੀਗਰਾਂ ਦੇ ਹੁਨਰ ਅਤੇ ਮਿਹਨਤ ਦਾ ਸਨਮਾਨ ਕਰ ਸਕਦੇ ਹਾਂ।ਘਰ ਦੀ ਸਜਾਵਟ, ਪਹਿਰਾਵੇ ਅਤੇ ਤਿਉਹਾਰਾਂ ਦੇ ਤੋਹਫ਼ਿਆਂ ਵਿੱਚ ਭਾਰਤੀ ਹਸਤਸ਼ਿਲਪ ਨੂੰ ਤਰਜੀਹ ਦੇਣ ਨਾਲ ਕਾਰੀਗਰਾਂ ਦਾ ਆਤਮਵਿਸ਼ਵਾਸ ਵਧੇਗਾ ਅਤੇ ਉਹ ਆਪਣੇ ਉਤਪਾਦਾਂ ਨੂੰ ਹੋਰ ਬਿਹਤਰ ਬਣਾਉਣ ਲਈ ਪ੍ਰੇਰਿਤ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਸਾਂਝਾ ਬਾਜ਼ਾਰ ਸਥਾਪਿਤ ਕੀਤੇ ਜਾ ਰਹੇ ਹਨ।ਮਾਰਕੀਟਿੰਗ ਅਤੇ ਬ੍ਰਾਂਡਿੰਗ ਵਿੱਚ ਸਹਿਯੋਗ ਦੇਣ ਲਈ ਆਨਲਾਈਨ ਅਤੇ ਆਫਲਾਈਨ ਪਲੇਟਫਾਰਮ ਉਪਲਬਧ ਕਰਵਾਏ ਗਏ ਹਨ। ਹੁਣ ਤੱਕ ਸੂਬੇ ਵਿੱਚ 10 ਸਾਂਝਾ ਬਾਜ਼ਾਰ ਬਣਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਤਹਿਤ ‘ਸਵਾਪਨ ਡਿਜੀਟਲ ਗ੍ਰਾਮ ਬਾਜ਼ਾਰ ਪੋਰਟਲ’ ਅਤੇ ‘ਸਾਂਝਾ ਬਾਜ਼ਾਰ ਸੇਲਜ਼ ਪੋਰਟਲ’ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਪੋਰਟਲਾਂ ‘ਤੇ ਰਜਿਸਟ੍ਰੇਸ਼ਨ ਕਰਵਾ ਕੇ ਕਾਰੀਗਰ ਅਤੇ ਸਵੈ-ਸਹਾਇਤਾ ਸਮੂਹ ਆਪਣੇ ਉਤਪਾਦ ਆਨਲਾਈਨ ਵੇਚ ਸਕਦੇ ਹਨ। ਆਨਲਾਈਨ ਬਾਜ਼ਾਰ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਖਲਾਈ ਦੇਣ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਵੈ-ਸਹਾਇਤਾ ਸਮੂਹ ਮਹਿਲਾਵਾਂ ਦੇ ਸਸ਼ਕਤੀਕਰਨ ਦਾ ਇੱਕ ਮਜ਼ਬੂਤ ਮਾਧਿਅਮ ਬਣ ਕੇ ਉੱਭਰੇ ਹਨ। ਇਨ੍ਹਾਂ ਸਮੂਹਾਂ ਦੇ ਉਤਪਾਦ ਸੂਬੇ ਭਰ ਵਿੱਚ ਆਪਣੀ ਪਛਾਣ ਬਣਾ ਰਹੇ ਹਨ। ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ ਹੁਣ ਤੱਕ 67,641 ਸਵੈਸਹਾਇਤਾ ਸਮੂਹਾਂ ਨਾਲ 6 ਲੱਖ ਤੋਂ ਵੱਧ ਪਰਿਵਾਰਾਂ ਨੂੰ ਜੋੜਿਆ ਜਾ ਚੁੱਕਾ ਹੈ। ਇਨ੍ਹਾਂ ਸਮੂਹਾਂ ਨੂੰ ਰਿਵਾਲਵਿੰਗ ਫੰਡ ਅਤੇ ਕਮਿਊਨਿਟੀ ਇਨਵੈਸਟਮੈਂਟ ਫੰਡ ਵਜੋ ਆਸਾਨ ਕਰਜ਼ੇ ਰਾਹੀਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ 596 ਕਰੋੜ ਰੁਪਏ ਦੀ ਵੱਖ-ਵੱਖ ਕਿਸਮ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਕਮਿਊਨਿਟੀ ਇਨਵੈਸਟਮੈਂਟ ਫੰਡ ਦੀ ਰਕਮ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ 50 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਧਰਤੀ ਸੂਰਜਕੁੰਡ ਸ਼ਿਲਪ ਮੇਲੇ, ਕੁਰੂਕਸ਼ੇਤਰ ਦੇ ਅੰਤਰਰਾਸ਼ਟਰੀ ਗੀਤਾ ਮਹੋਤਸਵ ਅਤੇ ਪਿੰਜੌਰ ਦੇ ਅੰਬ ਉਤਸਵ ਵਰਗੇ ਸਮਾਗਮਾਂ ਰਾਹੀਂ ਦੇਸ਼-ਦੁਨੀਆ ਦੇ ਲੋਕਾਂ ਨੂੰ ਜੋੜਦੀ ਰਹੀ ਹੈ।ਅਜਿਹੇ ਸਮਾਗਮ ਸਥਾਨਕ ਉਤਪਾਦਕਾਂ ਨੂੰ ਆਪਣੇ ਉਤਪਾਦ ਲੋਕਾਂ ਤੱਕ ਪਹੁੰਚਾਉਣ ਅਤੇ ਨਵੇਂ ਗਾਹਕਾਂ ਨਾਲ ਜੁੜਨ ਦਾ ਮੌਕਾ ਦਿੰਦੇ ਹਨ। ਸੂਰਜਕੁੰਡ ਦੀਵਾਲੀ ਮੇਲਾ ਵੀ ਇਸੇ ਸੱਭਿਆਚਾਰਕ ਅਤੇ ਆਰਥਿਕ ਜੁੜਾਅ ਨੂੰ ਮਜ਼ਬੂਤ ਕਰਦਾ ਹੈ। ਮੁੱਖ ਮੰਤਰੀ ਨੇ ਮੇਲੇ ਵਿੱਚ ਭਾਗ ਲੈਣ ਵਾਲੇ ਸਾਰੇ ਕਾਰੀਗਰਾਂ ਅਤੇ ਸੈਲਾਨੀਆਂ ਨੂੰ ਸਫ਼ਾਈ ਅਤੇ ਵਾਤਾਵਰਣ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੇਲੇ ਅਤੇ ਇਸ ਦੇ ਆਲੇ-ਦੁਆਲੇ ਸਫ਼ਾਈ ਰੱਖੋ, ਖਰੀਦਦਾਰੀ ਲਈ ਕੱਪੜੇ ਦਾ ਥੈਲਾ ਨਾਲ ਲਿਆਓ ਅਤੇ ਭੋਜਨ ਤੇ ਪਾਣੀ ਦੀ ਬਰਬਾਦੀ ਤੋਂ ਬਚੋ। ਮਿੱਟੀ ਦੇ ਦੀਵੇ ਅਤੇ ਟਿਕਾਊ ਸਜਾਵਟੀ ਵਸਤੂਆਂ ਨੂੰ ਅਪਣਾ ਕੇ ਤਿਉਹਾਰਾਂ ਨੂੰ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਬਣਾਉਣ ਵਿੱਚ ਯੋਗਦਨ ਪਾਓ। ਬੱਚਿਆਂ ਨੂੰ ਵੀ ਇਨ੍ਹਾਂ ਚੰਗੀਆਂ ਆਦਤਾਂ ਨਾਲ ਜੋੜਨਾ ਜ਼ਰੂਰੀ ਹੈ, ਤਾਂ ਜੋ ਉਨ੍ਹਾਂ ਅੰਦਰ ਕੁਦਰਤ ਪ੍ਰਤੀ ਸੰਵੇਦਨਸ਼ੀਲਤਾ ਵਿਕਸਿਤ ਹੋਵੇ।
ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਨੇ ਐਨਸੀਆਰ ਦੇ ਲੋਕਾਂ ਨੂੰ ਦੀਵਾਲੀ ਮੇਲੇ ਵਿੱਚ ਖਰੀਦਦਾਰੀ ਕਰਨ ਦੀ ਕੀਤੀ ਅਪੀਲ
ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਅੱਜ ਸੂਰਜਕੁੰਡ ਧਾਰਮਿਕ ਆਸਥਾ ਦੇ ਕੇਂਦਰ ਤੋਂ ਲੈ ਕੇ ਅੰਤਰਰਾਸ਼ਟਰੀ ਵਪਾਰ ਕੇਂਦਰ ਵਜੋਂ ਸਥਾਪਿਤ ਹੋ ਚੁੱਕਾ ਹੈ। ਇਸ ਸਾਲ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲੇ ਦਾ 20 ਲੱਖ ਲੋਕਾਂ ਨੇ ਆਨੰਦ ਮਾਣਿਆ, ਜਿਨ੍ਹਾਂ ਵਿੱਚ 50 ਦੇਸ਼ਾਂ ਦੇ ਸੈਲਾਨੀ ਵੀ ਸ਼ਾਮਲ ਸਨ। ਇਸੇ ਤਰਜ਼ ‘ਤੇ ਸੂਰਜਕੁੰਡ ਦੀਵਾਲੀ ਮੇਲਾ ਵੀ ਹੌਲੀ-ਹੌਲੀ ਲੋਕਾਂ ਦੇ ਦਿਲਾਂ ਵਿੱਚ ਉਹੀ ਸਥਾਨ ਬਣਾ ਰਿਹਾ ਹੈ। ਉਨ੍ਹਾਂ ਦਿੱਲੀ ਐਨਸੀਆਰ ਖੇਤਰ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅਗਲੇ 4 ਦਿਨਾਂ ਤੱਕ ਇੱਥੇ ਲਗਾਈਆਂ ਗਈਆਂ 300 ਦੁਕਾਨਾਂ ਰਹੀਂ ਦੀਵਾਲੀ ਦੀ ਖਰੀਦਦਾਰੀ ਕਰਨ ਅਤੇ ਮੇਲੇ ਦਾ ਆਨੰਦ ਮਾਣਨ। ਇਸ ਨਾਲ ਸਥਾਨਕ ਕਲਾਕਾਰਾਂ ਨੂੰ ਉਤਸ਼ਾਹ ਮਿਲੇਗਾ। ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਨਾਲ ਅੱਗੇ ਵਧਣਾ ਹੈ ਅਤੇ 2047 ਤੱਕਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਕਾਰਜ ਨੂੰ ਪੂਰਾ ਕਰਨ ਵਿੱਚ ਜਿਸ ਦੀ ਜੋ ਭੂਮਿਕਾ ਹੈ, ਉਹ ਨਿਭਾਉਣੀ ਚਾਹੀਦੀ ਹੈ। ਸੂਰਜਕੁੰਡ ਹਰਿਆਣਾ ਅਤੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਆਧਾਰ ਸਾਬਤ ਹੋਵੇਗਾ। ਸੈਰ-ਸਪਾਟਾ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਰਾਖੀਗੜ੍ਹੀ ਵਿੱਚ ਪੁਰਾਤੱਤਵ ਮਹੱਤਤਾ ਵਾਲੀ ਸਾਈਟ ਦੀ ਖੁਦਾਈ ਦਾ ਕੰਮ ਚੱਲ ਰਿਹਾ ਹੈ, ਜਿਸ ਰਾਹੀਂ 10 ਹਜ਼ਾਰ ਸਾਲ ਪੁਰਾਣੀ ਸਭਿਅਤਾ ਨੂੰ ਦੇਖਣ ਦਾ ਮੌਕਾ ਮਿਲ ਰਿਹਾ ਹੈ।ਰਾਖੀਗੜ੍ਹੀ ਰਾਹੀਂ ਸਨਾਤਨ ਸੱਭਿਆਚਾਰ ਦੀ ਝਲਕ ਦੇਖੀ ਜਾ ਸਕਦੀ ਹੈ। ਉਨ੍ਹਾਂ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਲੋਕ ਰਾਖੀਗੜ੍ਹੀ ਜਾ ਕੇ ਹਜ਼ਾਰਾਂ ਸਾਲ ਪੁਰਾਣੀ ਸਭਿਅਤਾ ਨੂੰ ਦੇਖਣ ਅਤੇ ਉਸ ਸਮੇਂ ਦੇ ਜੀਵਨ ਦਾ ਅਨੁਭਵ ਕਰਨ। ਇਸ ਮੌਕੇ ਫਰੀਦਾਬਾਦ ਦੀ ਮੇਅਰ ਸ੍ਰੀਮਤੀ ਪ੍ਰਵੀਨ ਬਤਰਾ ਜੋਸ਼ੀ, ਸਾਬਕਾ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ, ਸੈਰ-ਸਪਾਟਾ ਮੰਤਰੀ ਸ੍ਰੀ ਅਰਵਿੰਦ ਸ਼ਰਮਾ ਦੀ ਧਰਮਪਤਨੀ ਸ੍ਰੀਮਤੀ ਰੀਟਾ ਸ਼ਰਮਾ, ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਪ੍ਰਬੰਧ ਨਿਦੇਸ਼ਕ ਸ੍ਰੀ ਪਾਰਥ ਗੁਪਤਾ, ਪੰਕਜ ਪੂਜਨ ਰਾਮਪਾਲ,ਵਿਪਿਨ ਬੈਂਸਲਾ, ਸਾਬਕਾ ਵਿਧਾਇਕ ਸ੍ਰੀ ਨਰਿੰਦਰ ਗੁਪਤਾ ਸਮੇਤ ਸੂਬੇ ਭਰ ਤੋਂ ਆਏ ਕਾਰੀਗਰ, ਸ਼ਿਲਪਕਾਰ, ਕਲਾਕਾਰ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।






