ਕੁਰੂਕਸ਼ੇਤਰ, 28 ਅਕਤੂਬਰ, 2026 (ਸੰਜੀਵ ਸ਼ਰਮਾ): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਅਤੇ ਮੁੱਖ ਨਿਆਂਇਕ ਮੈਜਿਸਟ੍ਰੇਟ (CJM) ਨੀਤਿਕਾ ਭਾਰਦਵਾਜ ਨੇ ਕਿਹਾ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਿਨੇਸ਼ ਕੁਮਾਰ ਮਿੱਤਲ ਦੇ ਮਾਰਗਦਰਸ਼ਨ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਤਨਡੇਰਾ, ਕੁਰੂਕਸ਼ੇਤਰ ਵਿਖੇ ‘ਸੁਰੱਖਿਅਤ ਬਚਪਨ ਮੁਹਿੰਮ’ ਤਹਿਤ ਪੈਨ-ਇੰਡੀਆ ਸਕੂਲ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਖੁਦ ਸ਼ਮੂਲੀਅਤ ਕਰਦਿਆਂ ਵਿਦਿਆਰਥੀਆਂ ਨੂੰ ਬਾਲ ਸੁਰੱਖਿਆ ਅਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ। ਪ੍ਰੋਗਰਾਮ ਦਾ ਮੁੱਖ ਵਿਸ਼ਾ ਪੋਕਸੋ ਐਕਟ, 2012 ਦੇ ਪ੍ਰਬੰਧ ਅਤੇ ਇਸ ਦੇ ਪ੍ਰਭਾਵ ਸਨ।
ਸੀਜੇਐਮ ਨੀਤਿਕਾ ਭਾਰਦਵਾਜ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਮੁੱਖ ਨਿਆਂਇਕ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕੁਰੂਕਸ਼ੇਤਰ ਦੀ ਸਕੱਤਰ ਵਜੋਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬਾਲ ਸੁਰੱਖਿਆ ਨਾਲ ਜੁੜੇ ਵੱਖ-ਵੱਖ ਅਹਿਮ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ‘ਮੇਰਾ ਬਚਪਨ, ਮੇਰਾ ਅਧਿਕਾਰ’, ‘ਕਾਨੂੰਨ ਜਾਣੋ, ਬਚਪਨ ਬਚਾਓ’, ‘ਸੁਰੱਖਿਅਤ ਕਲਿੱਕ’, ‘ਸੁਰੱਖਿਅਤ ਬਚਪਨ—ਬੋਲੋ, ਦੱਸੋ, ਸੁਰੱਖਿਆ ਪਾਓ’, ‘ਬਾਲ ਵਿਆਹ ਨਹੀਂ’ ਅਤੇ ‘ਬਾਲ ਸ਼ੋਸ਼ਣ ਨਹੀਂ’ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਦੇ ਨਾਲ ਹੀ ‘ਜਾਗਰੂਕ ਬਚਪਨ, ਸਸ਼ਕਤ ਭਾਰਤ’ ਦੇ ਸੰਦੇਸ਼ ਰਾਹੀਂ ਬੱਚਿਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਬੱਚਿਆਂ ਨੂੰ ਲੈੰਗਿਕ ਅਪਰਾਧਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਲੇ ਪੋਕਸੋ ਐਕਟ, 2012 ਦੇ ਮੁੱਖ ਪ੍ਰਬੰਧਾਂ ਅਤੇ ਉਨ੍ਹਾਂ ਦੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਬਾਲ ਸ਼ੋਸ਼ਣ ਦੀਆਂ ਘਟਨਾਵਾਂ ਦੀ ਰਿਪੋਰਟ ਕਰਨ ਦੀ ਮਹੱਤਤਾ ਅਤੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਤੇ ਉਤਪੀੜਨ ਤੋਂ ਬਚਾਉਣ ਦੀ ਲੋੜ ਬਾਰੇ ਜਾਗਰੂਕ ਕੀਤਾ ਗਿਆ।
ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਗਿਆ ਕਿ ਕਿਸੇ ਵੀ ਅਣਉਚਿਤ ਵਿਵਹਾਰ ਜਾਂ ਸ਼ੋਸ਼ਣ ਦੀ ਸਥਿਤੀ ਵਿੱਚ ਚੁੱਪ ਰਹਿਣ ਦੀ ਬਜਾਏ ਕਿਸੇ ਭਰੋਸੇਯੋਗ ਵਿਅਕਤੀ ਜਾਂ ਸਬੰਧਤ ਅਥਾਰਟੀ ਨੂੰ ਇਸ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਨਾਲਸਾ (NALSA) ਦੇ ਹੈਲਪਲਾਈਨ ਨੰਬਰ 15100 ਅਤੇ ਬੱਚਿਆਂ ਦੀ ਸਹਾਇਤਾ ਲਈ ਚਾਈਲਡ ਹੈਲਪਲਾਈਨ ਨੰਬਰ 1098 ਬਾਰੇ ਵੀ ਜਾਣਕਾਰੀ ਦਿੱਤੀ ਗਈ, ਤਾਂ ਜੋ ਲੋੜ ਪੈਣ ’ਤੇ ਉਹ ਉਪਲਬਧ ਸਹਾਇਤਾ ਅਤੇ ਸੁਰੱਖਿਆ ਸੇਵਾਵਾਂ ਦਾ ਲਾਭ ਲੈ ਸਕਣ। ਇਸ ਜਾਗਰੂਕਤਾ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ, ਬਾਲ ਸੁਰੱਖਿਆ ਕਾਨੂੰਨਾਂ ਅਤੇ ਸੁਰੱਖਿਅਤ ਵਾਤਾਵਰਣ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਤੇ ਸਸ਼ਕਤ ਬਚਪਨ ਵੱਲ ਪ੍ਰੇਰਿਤ ਕਰਨਾ ਸੀ।






