ਔਟਵਾ, 13 ਅਗਸਤ, 2026 (ਰਾਜੇਸ਼ ਕੁਮਾਰ) : ਕੈਨੇਡਾ ਦੀ ਫੈਡਰਲ ਅਦਾਲਤ ਨੇ ਪੰਜਾਬੀ ਮੂਲ ਦੇ ਭਾਰਤੀ ਨਾਗਰਿਕ ਕਰਮਵੀਰ ਸਿੰਘ ਨੂੰ ਰਿਹਾਅ ਕਰਨ ਸਬੰਧੀ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਦੇ ਪੁਰਾਣੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਕਰਮਵੀਰ ਸਿੰਘ ਨੂੰ ਫਿਲਹਾਲ ਹਿਰਾਸਤ ਵਿੱਚ ਹੀ ਰਹਿਣਾ ਪਵੇਗਾ। ਜੱਜ ਫੂਂਗ ਐਨਗੋ ਨੇ ਇਹ ਫੈਸਲਾ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਵੱਲੋਂ ਦਾਇਰ ਕੀਤੀ ਅਪੀਲ ’ਤੇ ਸੁਣਾਇਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਕਰਮਵੀਰ ਸਿੰਘ ਭਾਰਤ ਵਿੱਚ 2012 ਦੇ ਇੱਕ ਕਤਲ ਮਾਮਲੇ ਵਿੱਚ ਲੋੜੀਂਦਾ ਦੱਸਿਆ ਗਿਆ ਹੈ।
ਰਿਪੋਰਟ ਮੁਤਾਬਕ ਉਹ 2019 ਵਿੱਚ ਭਾਰਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅਮਰੀਕਾ ਚਲਾ ਗਿਆ ਸੀ। ਇਸ ਤੋਂ ਬਾਅਦ ਜਨਵਰੀ 2025 ਵਿੱਚ ਕੈਨੇਡਾ ਪਹੁੰਚ ਕੇ ਉਸ ਨੇ ਸ਼ਰਨ ਦੀ ਮੰਗ ਕੀਤੀ ਸੀ। ਕੈਨੇਡੀਅਨ ਅਧਿਕਾਰੀਆਂ ਨਾਲ ਇੰਟਰਵਿਊ ਦੌਰਾਨ ਕਰਮਵੀਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਭਾਰਤ ਵਿੱਚ ਆਪਣੀਆਂ ਸਿਆਸੀ ਧਾਰਨਾਵਾਂ ਅਤੇ ਕਥਿਤ ਖਾਲਿਸਤਾਨੀ ਗਤੀਵਿਧੀਆਂ ਕਾਰਨ ਖ਼ਤਰਾ ਹੈ। ਹਾਲਾਂਕਿ, ਅਦਾਲਤ ਵਿੱਚ ਉਸ ਨਾਲ ਜੁੜੇ ਕਥਿਤ ਅਪਰਾਧਿਕ ਸਬੰਧਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ। ਅਦਾਲਤੀ ਟਿੱਪਣੀਆਂ ਵਿੱਚ ਕਰਮਵੀਰ ਸਿੰਘ ਦੇ ਕਥਿਤ ਤੌਰ ’ਤੇ ਬਿਸ਼ਨੋਈ ਗੈਂਗ ਨਾਲ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਅਪ੍ਰੈਲ 2025 ਤੋਂ ਕੈਨੇਡਾ ਵਿੱਚ ਪੰਜਾਬੀ ਗਾਇਕਾਂ ਤੋਂ ਕਥਿਤ ਜਬਰੀ ਵਸੂਲੀ ਨਾਲ ਜੁੜੇ ਮਾਮਲੇ ਵਿੱਚ ਪੁਲਿਸ ਹਿਰਾਸਤ ਵਿੱਚ ਦੱਸਿਆ ਗਿਆ ਹੈ।
ਰਿਪੋਰਟਾਂ ਅਨੁਸਾਰ, ਅਮਰੀਕੀ ਜਾਂਚ ਏਜੰਸੀ FBI ਦੀ ਜਾਂਚ ਵਿੱਚ ਵੀ ਉਸ ਦਾ ਨਾਮ ਸਤੰਬਰ 2024 ਵਿੱਚ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਘਰ ’ਤੇ ਹੋਈ ਕਥਿਤ ਗੋਲੀਬਾਰੀ ਅਤੇ ਅੱਗਜ਼ਨੀ ਨਾਲ ਜੋੜਿਆ ਗਿਆ ਸੀ। ਅਦਾਲਤ ਨੇ ਉਸ ਦੀ ਰਿਹਾਈ ਲਈ ਉਸ ਦੀਆਂ ਭੈਣਾਂ ਅਤੇ ਜੀਜੇ ਵੱਲੋਂ ਦਿੱਤੇ ਗਏ ਵਿੱਤੀ ਸਰੋਤਾਂ ’ਤੇ ਵੀ ਸ਼ੱਕ ਜਤਾਇਆ। ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਜੱਜ ਨੇ ਰਿਹਾਈ ਦਾ ਪਹਿਲਾਂ ਦਿੱਤਾ ਫੈਸਲਾ ਪਲਟ ਦਿੱਤਾ।ਹੁਣ ਕਰਮਵੀਰ ਸਿੰਘ ਖ਼ਿਲਾਫ਼ ਕੈਨੇਡਾ ਵਿੱਚ ਦੇਸ਼ ਨਿਕਾਲੇ ਦੀ ਕਾਰਵਾਈ ਵੀ ਚੱਲ ਰਹੀ ਹੈ। ਅਦਾਲਤ ਦੇ ਤਾਜ਼ਾ ਫੈਸਲੇ ਤੋਂ ਬਾਅਦ ਉਸ ਦੀ ਹਿਰਾਸਤ ਜਾਰੀ ਰਹੇਗੀ।
