ਚੰਡੀਗੜ੍ਹ, 9 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਸਿੱਖਿਆ ਮੰਤਰੀ ਸ਼੍ਰੀ ਮਹੀਪਾਲ ਢਾਂਡਾ ਨੇ ਦੱਸਿਆ ਕਿ ਰਾਸ਼ਟਰੀ ਸੇਵਾ ਯੋਜਨਾ (ਐਨਐਸਐਸ) ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਕੋਆਰਡੀਨੇਟਰਾਂ, ਅਧਿਕਾਰੀਆਂ ਅਤੇ ਵਲੰਟੀਅਰਾਂ (ਸਵੈ-ਸੇਵਕਾਂ) ਨੂੰ ਸਨਮਾਨਿਤ ਕਰਨ ਲਈ ਉਚੇਰੀ ਸਿੱਖਿਆ ਵਿਭਾਗ ਵੱਲੋਂ ‘ਰਾਜ ਐਨਐਸਐਸ ਪੁਰਸਕਾਰ 2025-26′ ਦਿੱਤੇ ਜਾਣਗੇ। ਇਸ ਲਈ ਰਾਜ ਐਨਐਸਐਸ ਸੈਲ ਵੱਲੋਂ ਯੂਨੀਵਰਸਿਟੀ ਅਤੇ ਜ਼ਿਲ੍ਹਾ ਅਤੇ ਪੌਲੀਟੈਕਨਿਕ ਪੱਧਰੀ ਐਨਐਸਐਸ ਇਕਾਈਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਾਲ 2025-26 ਲਈ ਕੁੱਲ 42 ਪੁਰਸਕਾਰ ਦਿੱਤੇ ਜਾਣਗੇ, ਜਿਨ੍ਹਾਂ ਵਿੱਚ ਯੂਨੀਵਰਸਿਟੀ ਐਨਐਸਐਸ ਪ੍ਰੋਗਰਾਮ ਕੋਆਰਡੀਨੇਟਰ ਲਈ 1, ਜ਼ਿਲ੍ਹਾ/ਪੌਲੀਟੈਕਨਿਕ ਐਨਐਸਐਸ ਪ੍ਰੋਗਰਾਮ ਕੋਆਰਡੀਨੇਟਰ ਲਈ 1, ਐਨਐਸਐਸ ਪ੍ਰੋਗਰਾਮ ਅਧਿਕਾਰੀ ਅਤੇ ਇਕਾਈ ਲਈ 30 ਅਤੇ ਐਨਐਸਐਸ ਵਲੰਟੀਅਰਾਂ ਲਈ 10 ਪੁਰਸਕਾਰ ਸ਼ਾਮਲ ਹਨ। ਕੋਆਰਡੀਨੇਟਰਾਂ ਲਈ 3 ਸਾਲ ਅਤੇ ਪ੍ਰੋਗਰਾਮ ਅਧਿਕਾਰੀਆਂ ਤੇ ਵਲੰਟੀਅਰਾਂ ਲਈ 2 ਸਾਲਾਂ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਤਸਦੀਕਸ਼ੁਦਾ ਰਿਕਾਰਡ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਸਿਰਫ ਸਹੀ ਮਾਧਿਅਮ ਰਾਹੀਂ ਭੇਜੀਆਂ ਗਈਆਂ ਨਾਮਜ਼ਦਗੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ। ਸਿੱਧੀਆਂ ਭੇਜੀਆਂ ਗਈਆਂ, ਈ-ਮੇਲ ਰਾਹੀਂ ਭੇਜੀਆਂ ਜਾਂ ਬਿਨਾਂ ਦਸਤਾਵੇਜ਼ਾਂ ਵਾਲੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਕੇਵਲ ਐਨਐਸਐਸ ਦੇ ਬੈਨਰ ਹੇਠ ਆਯੋਜਿਤ ਗਤੀਵਿਧੀਆਂ ਹੀ ਮਾਨਤਾ ਪ੍ਰਾਪਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸੰਬੰਧਿਤ ਕੋਆਰਡੀਨੇਟਰਾਂ ਨੂੰ ਤਸਦੀਕਸ਼ੁਦਾ ਨਾਮਜ਼ਦਗੀਆਂ ਪੂਰੇ ਫਾਰਮਾਂ ਦੇ ਨਾਲ 31 ਅਕਤੂਬਰ, 2026 ਤੱਕ ‘ਸਟੇਟ ਐਨ.ਐਸ.ਐਸ. ਸੈਲ, ਉਚੇਰੀ ਸਿੱਖਿਆ ਵਿਭਾਗ, ਸਿੱਖਿਆ ਸਦਨ, ਸੈਕਟਰ-5, ਪੰਚਕੂਲਾ‘ ਵਿੱਚ ਜਮ੍ਹਾਂ ਕਰਵਾਉਣੀਆਂ ਹੋਣਗੀਆਂ।







