ਫ਼ਤਿਹਗੜ੍ਹ ਸਾਹਿਬ, 13 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਜੀਵ ਵਿਗਿਆਨ ਵਿਭਾਗ ਵੱਲੋਂ ਜੰਗਲੀ ਜੀਵ ਸਪਤਾਹ ਮਨਾਇਆ ਗਿਆ। ਇਸ ਮੌਕੇ ਜੰਗਲੀ ਜੀਵਾਂ ਦੀ ਸੰਭਾਲ, ਜੀਵ-ਵਿਭਿੰਨਤਾ ਦੀ ਰਾਖੀ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਵੱਖ-ਵੱਖ ਵਿਦਿਅਕ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਵਣਜੀਵ ਮਾਹਿਰ, ਸੰਭਾਲ ਕਾਰਕੁਨ ਅਤੇ ਪੱਤਰਕਾਰ ਸ੍ਰੀ ਵਿਕਰਮਜੀਤ ਸਿੰਘ ਨੇ ‘ਪੰਜਾਬ ਦੇ ਜੰਗਲੀ ਜੀਵਾਂ ਦੇ ਅਨਮੋਲ ਖ਼ਜ਼ਾਨੇ: ਅਣਗੌਲੀ ਕੁਦਰਤੀ ਵਿਰਾਸਤ ਦੀ ਪੜਚੋਲ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਰਾਜ ਪੰਛੀ ਬਾਜ਼ ਦੇ ਇਤਿਹਾਸ ਅਤੇ ਸੰਭਾਲ ਪੱਖੋਂ ਇਸ ਦੀ ਮਹੱਤਤਾ, ਪੰਜਾਬ ਦੇ ਪੰਛੀ-ਜਗਤ ਦੀਆਂ ਵਿਸ਼ੇਸ਼ਤਾਵਾਂ ਅਤੇ ਵੱਖ-ਵੱਖ ਪੰਛੀਆਂ ਦੇ ਵਿਹਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਪੰਜਾਬ ਵਿੱਚ ਪਾਈਆਂ ਜਾਣ ਵਾਲੀਆਂ ਸੱਪਾਂ ਦੀਆਂ ਆਮ ਕਿਸਮਾਂ ਬਾਰੇ ਵੀ ਜਾਣਕਾਰੀ ਦਿੱਤੀ, ਉਨ੍ਹਾਂ ਨਾਲ ਜੁੜੀਆਂ ਗ਼ਲਤ ਧਾਰਨਾਵਾਂ ਦੂਰ ਕੀਤੀਆਂ ਅਤੇ ਉਨ੍ਹਾਂ ਦੀ ਸੰਭਾਲ ਤੇ ਮਨੁੱਖਾਂ ਨਾਲ ਸਹਿ-ਹੋਂਦ ਦੀ ਮਹੱਤਤਾ ਉਜਾਗਰ ਕੀਤੀ।
ਵਿਭਾਗ ਵੱਲੋਂ ਡਾ. ਚਰਨ ਕਮਲ ਸੇਖੋਂ ਦੀ ਅਗਵਾਈ ਹੇਠ ਚੰਡੀਗੜ੍ਹ ਸਥਿਤ ਪੰਛੀ ਪਾਰਕ ਦਾ ਵਿਦਿਅਕ ਦੌਰਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਪੰਛੀਆਂ ਦੀਆਂ ਵੱਖ-ਵੱਖ ਕਿਸਮਾਂ ਅਤੇ ਉਨ੍ਹਾਂ ਦੇ ਵਿਹਾਰ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ, ਤਸਵੀਰਾਂ ਖਿੱਚਣ ਦਾ ਮੁਕਾਬਲਾ, ‘ਜੀਵ-ਜੰਤੂਆਂ ਬਾਰੇ ਦਿਲਚਸਪ ਤੱਥ ਅਤੇ ਉਨ੍ਹਾਂ ਦਾ ਅਦਭੁੱਤ ਵਿਹਾਰ’ ਵਿਸ਼ੇ ’ਤੇ ਗਿਆਨ-ਪਰਖ ਮੁਕਾਬਲਾ ਅਤੇ ਪੰਜਾਬ ਦੇ ਜੰਗਲੀ ਜੀਵਾਂ ਤੇ ਵਿਦਿਆਰਥੀਆਂ ਵੱਲੋਂ ਖਿੱਚੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਪ੍ਰੋ. (ਡਾ.) ਪਰਿਤ ਪਾਲ ਸਿੰਘ, ਉਪ-ਕੁਲਪਤੀ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਕੁਦਰਤ ਦੀ ਸੰਭਾਲ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਪ੍ਰੇਰਿਤ ਕੀਤਾ। ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਤਜਰਬੇ ਰਾਹੀਂ ਸਿੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਜੀਵ ਵਿਗਿਆਨ ਵਿਭਾਗ ਦੀ ਮੁਖੀ ਡਾ. ਮੋਨਿਕਾ ਐਰੀ ਨੇ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਵਿਦਿਆਰਥੀਆਂ ਦੀ ਜਮਾਤੀ ਸਿੱਖਿਆ ਨੂੰ ਮੈਦਾਨੀ ਤਜਰਬਿਆਂ ਅਤੇ ਮਾਹਿਰਾਂ ਦੇ ਗਿਆਨ ਨਾਲ ਜੋੜਨਾ ਸੀ। ਇਹ ਸਮਾਗਮ ਵਿਦਿਆਰਥੀਆਂ ਵਿੱਚ ਵਿਗਿਆਨਕ ਜਿਗਿਆਸਾ, ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਅਤੇ ਪੰਜਾਬ ਦੀ ਕੁਦਰਤੀ ਵਿਰਾਸਤ ਦੀ ਸੰਭਾਲ ਬਾਰੇ ਜਾਗਰੂਕਤਾ ਵਧਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
