Homeਪੰਜਾਬਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਪ੍ਰਭਾਵਿਤ ਹੌਟਸਪੌਟ ਖੇਤਰਾਂ ਦੇ ਸੁਧਾਰ ਤੇ...

ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਪ੍ਰਭਾਵਿਤ ਹੌਟਸਪੌਟ ਖੇਤਰਾਂ ਦੇ ਸੁਧਾਰ ਤੇ ਮੁੜ ਸੁਰਜੀਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਵਿਸ਼ੇਸ਼ ਪਹਿਲਕਦਮੀ

Sangrur Administration Launches Drug Hotspot Revival Drive Under War Against Drugs Campaign

ਸੰਗਰੂਰ, 14 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਅਗਵਾਈ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਤੋਂ ਪ੍ਰਭਾਵਿਤ ਚੁਣੇ ਗਏ ਹੌਟਸਪੌਟ ਖੇਤਰਾਂ ਦੇ ਸੁਧਾਰ ਅਤੇ ਮੁੜ ਸੁਰਜੀਤੀ ਲਈ ਵਿਆਪਕ ਰਣਨੀਤੀ ਉਲੀਕੀ ਗਈ ਹੈ। ਇਸ ਪਹਿਲਕਦਮੀ ਤਹਿਤ ਨਸ਼ਿਆਂ ਦੀ ਸਪਲਾਈ ਰੋਕਣ ਦੇ ਨਾਲ-ਨਾਲ ਨਸ਼ਾ ਪੀੜਤ ਵਿਅਕਤੀਆਂ ਦੇ ਇਲਾਜ ਅਤੇ ਪੁਨਰਵਾਸ, ਜਨਤਕ ਸਹੂਲਤਾਂ ਦੇ ਸੁਧਾਰ ਅਤੇ ਨੌਜਵਾਨਾਂ ਨੂੰ ਸਿੱਖਿਆ, ਖੇਡਾਂ ਤੇ ਰੋਜ਼ਗਾਰ ਨਾਲ ਜੋੜਨ ਲਈ ਵੱਖ-ਵੱਖ ਵਿਭਾਗਾਂ ਦੀ ਸਾਂਝੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ। ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅੰਕੁਰ ਮਹਿੰਦਰੂ ਨੇ ਦੱਸਿਆ ਕਿ ਪੰਜਾਬ ਪੁਲਿਸ ਅਤੇ ਵਿਲੇਜ ਡਿਫੈਂਸ ਕਮੇਟੀਆਂ ਵੱਲੋਂ ਪਛਾਣੇ ਗਏ ਹੌਟਸਪੌਟ ਖੇਤਰਾਂ ਵਿੱਚ ਵਿਭਾਗਾਂ ਨੂੰ ਤਾਲਮੇਲ ਨਾਲ ਕੰਮ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ ਨਸ਼ਾ ਪੀੜਤ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੁਫ਼ਤ ਇਲਾਜ ਅਤੇ ਪੁਨਰਵਾਸ ਦੀਆਂ ਸਹੂਲਤਾਂ ਨਾਲ ਜੋੜਿਆ ਜਾਵੇਗਾ।
ਅੰਕੁਰ ਮਹਿੰਦਰੂ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਦੇ ਟਿਕਾਊ ਹੱਲ ਲਈ ਪੁਲਿਸ ਕਾਰਵਾਈ ਦੇ ਨਾਲ ਸਮੂਹ ਸਰਕਾਰੀ ਵਿਭਾਗਾਂ ਅਤੇ ਭਾਈਚਾਰੇ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਪੀੜਤ ਵਿਅਕਤੀਆਂ ਨੂੰ ਇਲਾਜ ਲਈ ਪ੍ਰੇਰਿਤ ਕਰਨਾ, ਉਨ੍ਹਾਂ ਦੇ ਪਰਿਵਾਰਾਂ ਨੂੰ ਜਾਗਰੂਕ ਕਰਨਾ ਅਤੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਇਸ ਪਹਿਲਕਦਮੀ ਦੇ ਅਹਿਮ ਹਿੱਸੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਹੌਟਸਪੌਟ ਖੇਤਰ ਲਈ ਐੱਸ.ਡੀ.ਐੱਮ., ਐੱਸ.ਡੀ.ਓ. ਜਾਂ ਤਹਿਸੀਲਦਾਰ ਪੱਧਰ ਦੇ ਨੋਡਲ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਹ ਅਧਿਕਾਰੀ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਜਨਤਕ ਥਾਵਾਂ ਅਤੇ ਖੰਡਰ ਇਮਾਰਤਾਂ ਦੀ ਮੁਰੰਮਤ ਤੇ ਸੁਧਾਰ, ਸੀ.ਸੀ.ਟੀ.ਵੀ. ਕੈਮਰੇ ਅਤੇ ਸਟ੍ਰੀਟ ਲਾਈਟਾਂ ਲਗਾਉਣ ਵਰਗੇ ਕੰਮਾਂ ਦੀ ਦੇਖ-ਰੇਖ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਦਾ ਉਦੇਸ਼ ਪ੍ਰਭਾਵਿਤ ਖੇਤਰਾਂ ਵਿੱਚ ਸੁਰੱਖਿਅਤ ਅਤੇ ਉਸਾਰੂ ਮਾਹੌਲ ਸਿਰਜਣਾ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨਸ਼ਾ ਪੀੜਤ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਓ.ਓ.ਏ.ਟੀ. ਕਲੀਨਿਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਸਿਹਤ ਕੈਂਪ ਲਗਾਏ ਜਾ ਰਹੇ ਹਨ ਅਤੇ ਮੈਡੀਕਲ ਸਟੋਰਾਂ ਦੀ ਚੈਕਿੰਗ ਰਾਹੀਂ ਨਸ਼ੀਲੀਆਂ ਦਵਾਈਆਂ ਦੀ ਗ਼ੈਰਕਾਨੂੰਨੀ ਵਿਕਰੀ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਵਿਅਕਤੀਆਂ ਤੱਕ ਇਲਾਜ ਅਤੇ ਸਹਾਇਤਾ ਪਹੁੰਚ ਸਕੇ। ਅੰਕੁਰ ਮਹਿੰਦਰੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਤੇ ਮਾਪਿਆਂ ਲਈ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ। ਐੱਨ.ਸੀ.ਸੀ. ਅਤੇ ਐੱਨ.ਐੱਸ.ਐੱਸ. ਕੈਂਪਾਂ ਤੇ ਬਾਲਗ ਸਿੱਖਿਆ ਮੁਹਿੰਮਾਂ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਛੋਟੀ ਉਮਰ ਤੋਂ ਹੀ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਉਸਾਰੂ ਗਤੀਵਿਧੀਆਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਖੇਡਾਂ ਅਤੇ ਯੁਵਕ ਮਾਮਲਿਆਂ ਨਾਲ ਸਬੰਧਤ ਵਿਭਾਗਾਂ ਵੱਲੋਂ ਖੇਡ ਮੈਦਾਨਾਂ ਦਾ ਸੁਧਾਰ ਕਰਨ, ਨਵੇਂ ਯੂਥ ਅਤੇ ਖੇਡ ਕਲੱਬਾਂ ਦਾ ਗਠਨ ਕਰਨ ਅਤੇ ਨੌਜਵਾਨਾਂ ਲਈ ਖੇਡ ਮੁਕਾਬਲੇ ਕਰਵਾਉਣ ਦੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਉਪਰਾਲਿਆਂ ਰਾਹੀਂ ਨੌਜਵਾਨਾਂ ਨੂੰ ਆਪਣੀ ਊਰਜਾ ਅਤੇ ਸਮਾਂ ਸਕਾਰਾਤਮਕ ਕੰਮਾਂ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੋਜ਼ਗਾਰ ਅਤੇ ਹੁਨਰ ਵਿਕਾਸ ਵਿਭਾਗ ਵੱਲੋਂ ਨਸ਼ਾ ਛੱਡ ਰਹੇ ਨੌਜਵਾਨਾਂ ਨੂੰ ਹੁਨਰ ਵਿਕਾਸ ਸਿਖਲਾਈ ਅਤੇ ਰੋਜ਼ਗਾਰ ਦੇ ਮੌਕਿਆਂ ਨਾਲ ਜੋੜਨ ਲਈ ਕੰਮ ਕੀਤਾ ਜਾਵੇਗਾ। ਸਵੈ-ਰੋਜ਼ਗਾਰ ਦੇ ਇੱਛੁਕ ਨੌਜਵਾਨਾਂ ਨੂੰ ਸਬੰਧਤ ਯੋਜਨਾਵਾਂ ਤਹਿਤ ਵਿੱਤੀ ਸਹਾਇਤਾ ਨਾਲ ਜੋੜਨ ਲਈ ਵੀ ਉਪਰਾਲੇ ਕੀਤੇ ਜਾਣਗੇ, ਤਾਂ ਜੋ ਉਹ ਆਰਥਿਕ ਤੌਰ ’ਤੇ ਆਤਮਨਿਰਭਰ ਬਣ ਕੇ ਨਵੀਂ ਸ਼ੁਰੂਆਤ ਕਰ ਸਕਣ।
ਅੰਕੁਰ ਮਹਿੰਦਰੂ ਨੇ ਸਮੂਹ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਸੀ ਤਾਲਮੇਲ ਨਾਲ ਨਿਰਧਾਰਿਤ ਕੰਮਾਂ ਨੂੰ ਅੱਗੇ ਵਧਾਉਣ ਅਤੇ ਕੀਤੀ ਗਈ ਕਾਰਵਾਈ ਦੀ ਹਫ਼ਤਾਵਾਰੀ ਪ੍ਰਗਤੀ ਰਿਪੋਰਟ ਨਿਰਧਾਰਿਤ ਪ੍ਰੋਫਾਰਮੇ ਵਿੱਚ ਭੇਜਣ। ਉਨ੍ਹਾਂ ਕਿਹਾ ਕਿ ਨਿਯਮਤ ਸਮੀਖਿਆ ਰਾਹੀਂ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਲੋੜ ਅਨੁਸਾਰ ਵਿਭਾਗਾਂ ਦਰਮਿਆਨ ਤਾਲਮੇਲ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
RELATED ARTICLES
- Advertisment -
Google search engine
Google search engine
Google search engine

Most Popular

Recent Comments