18-19 ਸਾਲ ਦੇ 252 ਨੌਜਵਾਨਾਂ ਨੇ ਪਹਿਲੀ ਵਾਰ ਵੋਟ ਬਣਾਉਣ ਲਈ ਭਰਿਆ ਫਾਰਮ-6
ਫ਼ਤਿਹਗੜ੍ਹ ਸਾਹਿਬ, 25 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਸਰਸਰੀ ਸੁਧਾਈ (ਐੱਸ.ਆਈ.ਆਰ.) 2026 ਮੁਹਿੰਮ ਤਹਿਤ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਬੂਥ ਲੈਵਲ ਅਫ਼ਸਰਾਂ (ਬੀ.ਐੱਲ.ਓ.) ਵੱਲੋਂ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ 573 ਪੋਲਿੰਗ ਸਟੇਸ਼ਨਾਂ ‘ਤੇ ਦੁਪਹਿਰ 3:00 ਵਜੇ ਤੋਂ ਸ਼ਾਮ 5:00 ਵਜੇ ਤੱਕ ਲਗਾਏ ਗਏ ਇਨ੍ਹਾਂ ਦੋ ਘੰਟਿਆਂ ਦੇ ਵਿਸ਼ੇਸ਼ ਕੈਂਪਾਂ ਦੌਰਾਨ ਕੁੱਲ 1,200 ਨਾਗਰਿਕਾਂ ਨੇ ਨਵੀਂ ਵੋਟ ਬਣਾਉਣ ਅਤੇ ਵੋਟਰ ਸੂਚੀ ਵਿੱਚ ਸੋਧ ਲਈ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਪਾਂ ਦੌਰਾਨ ਕੁੱਲ 678 ਨਾਗਰਿਕਾਂ ਨੇ ਨਵੀਂ ਵੋਟ ਬਣਾਉਣ ਲਈ ‘ਫਾਰਮ ਨੰਬਰ 6’ ਭਰਿਆ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਨਵੇਂ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਜਿਸ ਤਹਿਤ 18 ਤੋਂ 19 ਸਾਲ ਦੀ ਉਮਰ ਦੇ 252 ਨੌਜਵਾਨਾਂ ਨੇ ਪਹਿਲੀ ਵਾਰ ਆਪਣੀ ਵੋਟ ਬਣਾਉਣ ਲਈ ਅਪਲਾਈ ਕੀਤਾ ਹੈ। ਇਸ ਤੋਂ ਇਲਾਵਾ, ਗੈਰ-ਰਿਹਾਇਸ਼ੀ ਭਾਰਤੀਆਂ (NRI) ਲਈ ‘ਫਾਰਮ 6-ਏ’ ਤਹਿਤ 6 ਅਰਜ਼ੀਆਂ, ਵੋਟਰ ਸੂਚੀ ਵਿੱਚੋਂ ਨਾਮ ਕਟਵਾਉਣ ਜਾਂ ਇਤਰਾਜ਼ ਲਈ ‘ਫਾਰਮ 7’ ਤਹਿਤ 72 ਅਰਜ਼ੀਆਂ ਅਤੇ ਪਤੇ ਵਿੱਚ ਬਦਲਾਅ ਜਾਂ ਵੇਰਵਿਆਂ ਦੀ ਸੋਧ ਲਈ ‘ਫਾਰਮ 8’ ਤਹਿਤ 444 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਡਾ. ਸੋਨਾ ਥਿੰਦ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਸਭ ਤੋਂ ਵੱਧ 410, ਵਿਧਾਨ ਸਭਾ ਹਲਕਾ ਬੱਸੀ ਪਠਾਣਾ ਤੋਂ 388 ਅਤੇ ਵਿਧਾਨ ਸਭਾ ਹਲਕਾ ਅਮਲੋਹ ਤੋਂ 402 ਵੋਟਰਾਂ ਨੇ ਆਪਣੇ ਫਾਰਮ ਜਮ੍ਹਾਂ ਕਰਵਾਏ ਹਨ। ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ਦੇ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਵੋਟ ਦਾ ਅਧਿਕਾਰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦੀ ਉਮਰ 1 ਜਨਵਰੀ 2026 ਨੂੰ 18 ਸਾਲ ਹੋ ਰਹੀ ਹੈ, ਉਹ ਆਪਣੀ ਵੋਟ ਜ਼ਰੂਰ ਬਣਾਉਣ। ਇਸ ਤੋਂ ਇਲਾਵਾ, ਨਾਗਰਿਕ ਚੋਣ ਕਮਿਸ਼ਨ ਦੇ ਪੋਰਟਲ ‘Voter Helpline App’ ਜਾਂ ‘voters.eci.gov.in’ ਰਾਹੀਂ ਵੀ ਘਰ ਬੈਠੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਾਪਤ ਹੋਈਆਂ ਸਾਰੀਆਂ ਅਰਜ਼ੀਆਂ ਦੀ ਸਮੇਂ ਸਿਰ ਅਤੇ ਪਾਰਦਰਸ਼ੀ ਜਾਂਚ ਨਿਪਟਾਉਣ ਦੇ ਨਿਰਦੇਸ਼ ਵੀ ਦਿੱਤੇ।






