ਅਕਸਰ ਅਸੀਂ ਕਿਸੇ ਵਿਅਕਤੀ ਦੀ ਬਹਾਦਰੀ ਬਿਆਨ ਕਰਦਿਆਂ ਆਖਦੇ ਹਾਂ ਕਿ ਫਲਾਣਾ ਕਿਸੇ ਚੀਜ਼ ਤੋਂ ਨਹੀਂ ਡਰਦਾ। ਪਰ ਕੀ ਸੱਚਮੁੱਚ ਕਿਸੇ ਵੀ ਚੀਜ਼ ਤੋਂ ਨਾ ਡਰਨਾ ਬਹਾਦਰੀ ਦੀ ਨਿਸ਼ਾਨੀ ਹੈ? ਕੀ ਅੱਗ ਵਿੱਚ ਬਿਨਾਂ ਸੋਚੇ ਹੱਥ ਪਾਉਣਾ, ਤੇਜ਼ ਰਫ਼ਤਾਰ ਵਾਹਨਾਂ ਵਿਚਕਾਰ ਬਿਨਾਂ ਸੜਕ ਦੇਖੇ ਲੰਘਣਾ ਜਾਂ ਆਪਣੀ ਜਾਨ ਨੂੰ ਬੇਲੋੜੇ ਖ਼ਤਰੇ ਵਿੱਚ ਪਾਉਣਾ ਦਲੇਰੀ ਹੈ? ਬਿਲਕੁਲ ਨਹੀਂ! ਅਜਿਹਾ ਵਿਹਾਰ ਬਹਾਦਰੀ ਦੀ ਬਜਾਏ ਖ਼ਤਰੇ ਦੀ ਅਣਦੇਖੀ ਜਾਂ ਦਿਮਾਗੀ ਬਿਮਾਰੀ ਦਾ ਨਤੀਜਾ ਹੈ।
ਮਨੋਵਿਗਿਆਨਕ ਤੱਥ ਇਹ ਹੈ ਕਿ ਡਰ ਮਨੁੱਖ ਦੀ ਕੁਦਰਤੀ ਭਾਵਨਾ ਹੈ। ਇਹ ਸਾਡੇ ਦਿਮਾਗ਼ ਦੀ ਸੁਰੱਖਿਆ ਪ੍ਰਣਾਲੀ ਦਾ ਹਿੱਸਾ ਹੈ, ਜੋ ਆਉਣ ਵਾਲੇ ਖ਼ਤਰੇ ਪ੍ਰਤੀ ਸਾਨੂੰ ਸੁਚੇਤ ਕਰਦੀ ਹੈ ਅਤੇ ਬਚਾਅ ਲਈ ਤਿਆਰ ਕਰਦੀ ਹੈ। ਡਰ ਮਹਿਸੂਸ ਕਰਨਾ ਆਪਣੇ ਆਪ ਵਿੱਚ ਕੋਈ ਮਾਨਸਿਕ ਬਿਮਾਰੀ ਨਹੀਂ। ਹਾਲਾਂਕਿ, ਖ਼ਤਰੇ ਨੂੰ ਪਛਾਣਨ ਦੀ ਸਮਰੱਥਾ ਵਿੱਚ ਗੰਭੀਰ ਕਮੀ ਜਾਂ ਬੇਹੱਦ ਜੋਖ਼ਮ ਲੈਣ ਵਾਲਾ ਵਿਹਾਰ ਕਈ ਕਾਰਨਾਂ ਕਰਕੇ ਹੋ ਸਕਦਾ ਹੈ, ਇਸ ਲਈ ਕਿਸੇ ਵਿਅਕਤੀ ਨੂੰ ਸਿਰਫ਼ ਨਿਡਰ ਦਿਖਾਈ ਦੇਣ ਕਰਕੇ ਮਾਨਸਿਕ ਤੌਰ ’ਤੇ ਬਿਮਾਰ ਕਹਿਣਾ ਵੀ ਵਿਗਿਆਨਕ ਤੌਰ ’ਤੇ ਸਹੀ ਨਹੀਂ।
ਇੱਥੇ ਮੁੱਦਾ ਮਨੁੱਖ ਦੇ ਅੰਦਰ ਡਰ ਹੈ ਜਾਂ ਨਹੀਂ ਹੈ ਨਹੀਂ,ਸਗੋਂ ਇਹ ਹੈ ਕਿ ਡਰ ਉਸ ਦੇ ਫ਼ੈਸਲਿਆਂ ਨੂੰ ਕਿੰਨਾ ਨਿਯੰਤਰਿਤ ਕਰਦਾ ਹੈ। ਜ਼ਰਾ ਉਸ ਇਨਸਾਨ ਬਾਰੇ ਸੋਚੋ ਜੋ ਕਿਸੇ ਤਾਕਤਵਰ ਨੂੰ ਕਮਜ਼ੋਰ ਉੱਤੇ ਜ਼ੁਲਮ ਕਰਦਿਆਂ ਦੇਖਦਾ ਹੈ। ਉਸ ਨੂੰ ਪਤਾ ਹੈ ਕਿ ਜ਼ਾਲਮ ਦੇ ਵਿਰੁੱਧ ਬੋਲਣ ਨਾਲ ਉਸ ਨੂੰ ਧਮਕੀਆਂ ਮਿਲ ਸਕਦੀਆਂ ਹਨ, ਨੁਕਸਾਨ ਹੋ ਸਕਦਾ ਹੈ ਜਾਂ ਉਸ ਦੀ ਆਪਣੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹੈ। ਉਸ ਦੇ ਮਨ ਵਿੱਚ ਵੀ ਡਰ ਪੈਦਾ ਹੁੰਦਾ ਹੈ। ਦਿਲ ਦੀ ਧੜਕਣ ਤੇਜ਼ ਹੁੰਦੀ ਹੈ, ਮਨ ਵਿੱਚ ਕਈ ਖ਼ਦਸ਼ੇ ਉੱਠਦੇ ਹਨ ਅਤੇ ਪਿੱਛੇ ਹਟ ਜਾਣ ਦੀ ਇੱਛਾ ਵੀ ਜਾਗਦੀ ਹੈ। ਪਰ ਉਹ ਆਪਣੇ ਡਰ ਦੇ ਬਾਵਜੂਦ ਅਨਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ।
ਮਨੋਵਿਗਿਆਨ ਵਿੱਚ ਇਸ ਨਾਲ ਜੁੜੀ ਇੱਕ ਮਹੱਤਵਪੂਰਨ ਧਾਰਨਾ ਹੈ, ਭਾਵਨਾਤਮਕ ਨਿਯਮਨ (ਇਮੋਸ਼ਨਲ ਰੈਗੂਲੇਸ਼ਨ )। ਇਸ ਦਾ ਅਰਥ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਮਿਟਾ ਦੇਣਾ ਨਹੀਂ, ਸਗੋਂ ਉਨ੍ਹਾਂ ਨੂੰ ਸਮਝ ਕੇ ਆਪਣੇ ਸੁਭਾਅ ਨੂੰ ਸਹੀ ਦਿਸ਼ਾ ਦੇਣਾ ਹੈ। ਇਸੇ ਤਰ੍ਹਾਂ, ਇਖਲਾਕੀ ਹਿੰਮਤ (ਮੌਰਲ ਕੋਰੇਜ ) ਦਾ ਮਤਲਬ ਨਿੱਜੀ ਨੁਕਸਾਨ ਜਾਂ ਸਮਾਜਿਕ ਦਬਾਅ ਦੀ ਸੰਭਾਵਨਾ ਦੇ ਬਾਵਜੂਦ ਸਹੀ ਗੱਲ ਦਾ ਸਾਥ ਦੇਣਾ ਹੈ। ਬਹਾਦਰ ਮਨੁੱਖ ਖ਼ਤਰੇ ਤੋਂ ਅਣਜਾਣ ਨਹੀਂ ਹੁੰਦਾ, ਉਹ ਆਪਣੇ ਮਕਸਦ ਅਤੇ ਜ਼ਿੰਮੇਵਾਰੀ ਨੂੰ ਖ਼ਤਰੇ ਦੇ ਮੁਕਾਬਲੇ ਵਧੇਰੇ ਮਹੱਤਵ ਦਿੰਦਾ ਹੈ। ਪਰ ਇੱਥੇ ਇੱਕ ਹੋਰ ਪੱਖ ਵੀ ਸਮਝਣਯੋਗ ਹੈ। ਹਰ ਖ਼ਤਰੇ ਵਿੱਚ ਛਾਲ ਮਾਰ ਦੇਣਾ ਹਿੰਮਤ ਨਹੀਂ ਅਤੇ ਹਰ ਵਾਰ ਪਿੱਛੇ ਹਟ ਜਾਣਾ ਕਾਇਰਤਾ ਨਹੀਂ। ਕਈ ਵਾਰ ਸਮਝਦਾਰੀ ਨਾਲ ਪਿੱਛੇ ਹਟਣਾ, ਸਬੂਤ ਇਕੱਠੇ ਕਰਨਾ, ਕਾਨੂੰਨੀ ਸਹਾਇਤਾ ਲੈਣਾ ਜਾਂ ਸਹੀ ਸਮੇਂ ਦੀ ਉਡੀਕ ਕਰਨਾ ਵੀ ਬਹਾਦਰੀ ਦਾ ਹਿੱਸਾ ਹੁੰਦਾ ਹੈ। ਦਲੇਰੀ ਅਤੇ ਲਾਪਰਵਾਹੀ ਵਿਚਕਾਰ ਨਾਜ਼ੁਕ ਫ਼ਰਕ ਸਮਝਣਾ ਜ਼ਰੂਰੀ ਹੈ।
ਡਰ ਦਾ ਇੱਕ ਨੈਤਿਕ ਅਤੇ ਸਮਾਜਿਕ ਪੱਖ ਵੀ ਹੈ। ਕਾਨੂੰਨ ਦੀ ਉਲੰਘਣਾ ਕਰਨ ਦੇ ਨਤੀਜਿਆਂ ਦਾ ਡਰ, ਦੂਜਿਆਂ ਨੂੰ ਦੁੱਖ ਪਹੁੰਚਾਉਣ ਤੋਂ ਝਿਜਕ ਅਤੇ ਆਪਣੀ ਜ਼ਮੀਰ ਅੱਗੇ ਜਵਾਬਦੇਹ ਹੋਣ ਦੀ ਭਾਵਨਾ ਮਨੁੱਖ ਨੂੰ ਗ਼ਲਤ ਕਦਮ ਚੁੱਕਣ ਤੋਂ ਰੋਕ ਸਕਦੀ ਹੈ। ਧਾਰਮਿਕ ਨਜ਼ਰੀਏ ਤੋਂ ਵੀ ਰੱਬ ਦਾ ਭੈ ਅਕਸਰ ਇਖਲਾਕੀ ਜਵਾਬਦੇਹੀ, ਨਿਮਰਤਾ ਅਤੇ ਸਵੈ-ਸੰਜਮ ਨਾਲ ਜੋੜਿਆ ਜਾਂਦਾ ਹੈ। ਇਸ ਲਈ ਹਰ ਤਰ੍ਹਾਂ ਦੇ ਡਰ ਨੂੰ ਮਿਟਾਉਣ ਦੀ ਬਜਾਏ ਇਹ ਸਮਝਣਾ ਜ਼ਰੂਰੀ ਹੈ ਕਿ ਕਿਹੜਾ ਡਰ ਸਾਨੂੰ ਸੁਰੱਖਿਅਤ ਅਤੇ ਸਮਾਜਿਕ ਰੱਖਦਾ ਹੈ ਅਤੇ ਕਿਹੜਾ ਡਰ ਸਾਨੂੰ ਸਹੀ ਕੰਮ ਕਰਨ ਤੋਂ ਰੋਕਦਾ ਹੈ।
ਅੱਜ ਸਮਾਜ ਨੂੰ ਅਜਿਹੇ ਲੋਕਾਂ ਦੀ ਲੋੜ ਹੈ ਜੋ ਤਾਕਤਵਰ ਦੇ ਸਾਹਮਣੇ ਸੱਚ ਬੋਲ ਸਕਣ, ਕਮਜ਼ੋਰ ਦੇ ਹੱਕ ਵਿੱਚ ਖੜ੍ਹ ਸਕਣ ਅਤੇ ਦਬਾਅ ਦੇ ਬਾਵਜੂਦ ਆਪਣੀ ਜ਼ਮੀਰ ਨਾਲ ਸਮਝੌਤਾ ਨਾ ਕਰਨ। ਅਜਿਹੇ ਲੋਕਾਂ ਨੂੰ ਡਰ ਮਹਿਸੂਸ ਨਹੀਂ ਹੁੰਦਾ, ਇਹ ਮੰਨਣਾ ਗ਼ਲਤ ਹੋਵੇਗਾ। ਉਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਡਰ ਨੂੰ ਆਪਣੇ ਫ਼ੈਸਲਿਆਂ ਦਾ ਮਾਲਕ ਨਹੀਂ ਬਣਨ ਦਿੰਦੇ। ਬਹਾਦਰ ਉਹ ਨਹੀਂ ਜਿਸ ਦੇ ਦਿਲ ਵਿੱਚ ਡਰ ਨਹੀਂ, ਸਗੋਂ ਉਹ ਹੈ ਜਿਸ ਦੇ ਦਿਲ ਵਿੱਚ ਡਰ ਹੋਣ ਦੇ ਬਾਵਜੂਦ ਸੱਚ ਲਈ ਖੜ੍ਹਨ ਦਾ ਹੌਸਲਾ ਹੈ। ਡਰ ਮਨੁੱਖ ਹੋਣ ਦੀ ਨਿਸ਼ਾਨੀ ਹੈ, ਪਰ ਡਰ ਦੇ ਅੱਗੇ ਜ਼ਮੀਰ ਨੂੰ ਹਾਰ ਨਾ ਮੰਨਣ ਦੇਣਾ ਇਨਸਾਨੀ ਚਰਿੱਤਰ ਦੀ ਅਸਲ ਤਾਕਤ ਹੈ।
ਛਤਰਪਾਲ ਸਿੰਘ
