Homeਦੇਸ਼ਸੋਨੀਆ ਗਾਂਧੀ ਨੇ ਆਪਣੀ ਕਿਤਾਬ ਵਿੱਚ ਪਹਿਲੀ ਵਾਰ ਕੀਤਾ ਕੈਂਸਰ ਦੀ ਬਿਮਾਰੀ...

ਸੋਨੀਆ ਗਾਂਧੀ ਨੇ ਆਪਣੀ ਕਿਤਾਬ ਵਿੱਚ ਪਹਿਲੀ ਵਾਰ ਕੀਤਾ ਕੈਂਸਰ ਦੀ ਬਿਮਾਰੀ ਦਾ ਖੁਲਾਸਾ, 2010 ਵਿੱਚ ਹੋਈ ਸੀ ਸਰਜਰੀ

Sonia Gandhi reveals her battle with cancer for the first time in her memoir, recalling her 2010 surgery and subsequent treatment in Rotterdam.

‘Belonging: A Journey of Love’ ਵਿੱਚ ਸਿਹਤ ਸੰਘਰਸ਼ ਬਾਰੇ ਸਾਂਝੇ ਕੀਤੇ ਅਹਿਮ ਤਜਰਬੇ, ਨਿੱਜਤਾ ਬਣਾਈ ਰੱਖਣ ਲਈ ਵਿਦੇਸ਼ ਵਿੱਚ ਕਰਵਾਇਆ ਸੀ ਇਲਾਜ

ਨਵੀਂ ਦਿੱਲੀ, 11 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਆਪਣੀ ਆਉਣ ਵਾਲੀ ਕਿਤਾਬ ‘Belonging: A Journey of Love’ ਵਿੱਚ ਪਹਿਲੀ ਵਾਰ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਕੈਂਸਰ ਹੋਇਆ ਸੀ ਅਤੇ ਸਾਲ 2010 ਵਿੱਚ ਉਨ੍ਹਾਂ ਦੀ ਸਰਜਰੀ ਕੀਤੀ ਗਈ ਸੀ। ਉਨ੍ਹਾਂ ਨੇ ਆਪਣੀ ਬਿਮਾਰੀ, ਇਲਾਜ ਦੌਰਾਨ ਪਰਿਵਾਰ ਦੇ ਸਾਥ ਅਤੇ ਨਿੱਜਤਾ ਬਣਾਈ ਰੱਖਣ ਦੀ ਇੱਛਾ ਬਾਰੇ ਵਿਸਥਾਰ ਨਾਲ ਲਿਖਿਆ ਹੈ।

ਸੋਨੀਆ ਗਾਂਧੀ ਅਨੁਸਾਰ, ਯੂਪੀਏ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਕਈ ਨਿੱਜੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਪਹਿਲਾਂ ਕਦੇ ਕੋਈ ਗੰਭੀਰ ਸਿਹਤ ਸਮੱਸਿਆ ਨਹੀਂ ਰਹੀ ਸੀ, ਪਰ ਬਾਅਦ ਵਿੱਚ ਦਮੇ ਅਤੇ ਐਲਰਜੀ ਤੋਂ ਇਲਾਵਾ ਪੇਟ ਨਾਲ ਜੁੜੀਆਂ ਸਮੱਸਿਆਵਾਂ ਵਧਣ ਲੱਗੀਆਂ। ਉਨ੍ਹਾਂ ਨੇ ਲਿਖਿਆ ਕਿ ਡਾਕਟਰਾਂ ਅਨੁਸਾਰ ਤਣਾਅ ਵੀ ਪੇਟ ਦੀਆਂ ਬਿਮਾਰੀਆਂ ਦਾ ਇੱਕ ਮੁੱਖ ਕਾਰਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰਾਂ ਨੇ ਸਰਜਰੀ ਦੀ ਸਲਾਹ ਦਿੱਤੀ ਸੀ। ਹਾਲਾਂਕਿ ਉਨ੍ਹਾਂ ਨੂੰ ਆਪਣੇ ਡਾਕਟਰਾਂ ’ਤੇ ਪੂਰਾ ਭਰੋਸਾ ਸੀ, ਪਰ ਉਨ੍ਹਾਂ ਨੇ ਇਲਾਜ ਲਈ ਵਿਦੇਸ਼ ਜਾਣ ਦਾ ਫੈਸਲਾ ਕੀਤਾ। ਇਸ ਪਿੱਛੇ ਮੁੱਖ ਕਾਰਨ ਆਪਣੀ ਨਿੱਜੀ ਜ਼ਿੰਦਗੀ ਅਤੇ ਬਿਮਾਰੀ ਦੀ ਜਾਣਕਾਰੀ ਨੂੰ ਮੀਡੀਆ ਦੀ ਚਰਚਾ ਤੋਂ ਦੂਰ ਰੱਖਣਾ ਸੀ।

ਕਿਤਾਬ ਵਿੱਚ ਉਨ੍ਹਾਂ ਲਿਖਿਆ ਕਿ ਉਹ ਨਹੀਂ ਚਾਹੁੰਦੇ ਸਨ ਕਿ ਦਿੱਲੀ ਵਿੱਚ ਸਰਜਰੀ ਹੋਣ ਕਾਰਨ ਮੀਡੀਆ ਵਿੱਚ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਬੇਲੋੜੀ ਚਰਚਾ ਹੋਵੇ। ਉਨ੍ਹਾਂ ਦਾ ਮੰਨਣਾ ਸੀ ਕਿ ਜਨਤਕ ਜੀਵਨ ਵਿੱਚ ਹੋਣ ਦਾ ਇਹ ਮਤਲਬ ਨਹੀਂ ਕਿ ਕਿਸੇ ਵਿਅਕਤੀ ਨੂੰ ਆਪਣੀ ਨਿੱਜਤਾ ਦਾ ਅਧਿਕਾਰ ਵੀ ਨਾ ਮਿਲੇ। ਸੋਨੀਆ ਗਾਂਧੀ ਨੇ ਸਰਜਰੀ ਵਾਲੇ ਦਿਨ ਦੇ ਭਾਵੁਕ ਪਲਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਆਪ੍ਰੇਸ਼ਨ ਥੀਏਟਰ ਲਿਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਧੀ ਪ੍ਰਿਯੰਕਾ ਗਾਂਧੀ ਨੇ ਉਨ੍ਹਾਂ ਦਾ ਹੱਥ ਫੜਿਆ ਅਤੇ ਮੱਥੇ ਨੂੰ ਚੁੰਮ ਕੇ ਸਭ ਕੁਝ ਠੀਕ ਹੋਣ ਦਾ ਭਰੋਸਾ ਦਿੱਤਾ।

ਉਨ੍ਹਾਂ ਮੁਤਾਬਕ, ਪਹਿਲੀ ਸਰਜਰੀ ਸਫਲ ਰਹੀ, ਪਰ ਇੱਕ ਸਾਲ ਬਾਅਦ ਬਿਮਾਰੀ ਨੇ ਮੁੜ ਸਿਰ ਚੁੱਕ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਨੀਦਰਲੈਂਡ ਦੇ ਰੋਟਰਡੈਮ ਜਾਣਾ ਪਿਆ। ਡਾਕਟਰਾਂ ਨੇ ਕਈ ਸਲਾਹ-ਮਸ਼ਵਰਿਆਂ ਤੋਂ ਬਾਅਦ ਤੁਰੰਤ ਸਰਜਰੀ ਦੀ ਲੋੜ ਦੱਸੀ ਸੀ। ਉਨ੍ਹਾਂ ਲਿਖਿਆ ਕਿ ਸ਼ੁਰੂਆਤੀ ਤੌਰ ’ਤੇ ਟਿਊਮਰ ਨੂੰ ਨਿਊਰੋਐਂਡੋਕ੍ਰਾਈਨ ਟਿਊਮਰ ਹੋਣ ਦਾ ਸ਼ੱਕ ਜਤਾਇਆ ਗਿਆ ਸੀ, ਜਿਸ ਕਾਰਨ ਲੰਬੀ ਸਰਜਰੀ ਅਤੇ ਹਸਪਤਾਲ ਵਿੱਚ ਵਧੇਰੇ ਸਮਾਂ ਰਹਿਣ ਦੀ ਸੰਭਾਵਨਾ ਸੀ। ਬਿਮਾਰੀ ਦੀ ਅਸਲ ਸਥਿਤੀ ਸਰਜਰੀ ਤੋਂ ਬਾਅਦ ਹੀ ਪਤਾ ਲੱਗਣੀ ਸੀ, ਜਿਸ ਕਾਰਨ ਉਹ ਕਾਫ਼ੀ ਚਿੰਤਤ ਸਨ। ਆਪਣੀ ਕਿਤਾਬ ਰਾਹੀਂ ਸੋਨੀਆ ਗਾਂਧੀ ਨੇ ਆਪਣੇ ਰਾਜਨੀਤਿਕ ਜੀਵਨ ਦੇ ਨਾਲ-ਨਾਲ ਨਿੱਜੀ ਜੀਵਨ ਦੇ ਇੱਕ ਅਜਿਹੇ ਸੰਘਰਸ਼ ਨੂੰ ਵੀ ਸਾਹਮਣੇ ਲਿਆਂਦਾ ਹੈ, ਜਿਸ ਬਾਰੇ ਉਨ੍ਹਾਂ ਨੇ ਹੁਣ ਤੱਕ ਜਨਤਕ ਤੌਰ ’ਤੇ ਗੱਲ ਨਹੀਂ ਕੀਤੀ ਸੀ।

 

RELATED ARTICLES
- Advertisment -
Google search engine
Google search engine
Google search engine

Most Popular

Recent Comments